nabaz-e-punjab.com

ਮੁੱਖ ਮੰਤਰੀ ਵੱਲੋਂ ਬਿਜਲੀ ਵਿਭਾਗ ਨੂੰ ਬਿਜਲੀ ਚੋਰੀ ਵਿਰੁੱਧ ਤਿੱਖੀ ਕਾਰਵਾਈ ਕਰਨ ਦੇ ਹੁਕਮ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 18 ਜੁਲਾਈ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਬਿਜਲੀ ਵਿਭਾਗ ਨੂੰ ਬਿਜਲੀ ਚੋਰੀ ਵਿਰੁੱਧ ਤਿੱਖੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਤਰਨ ਤਾਰਨ, ਅੰਮ੍ਰਿਤਸਰ, ਫਰੀਦਕੋਟ, ਫਿਰੋਜ਼ਪੁਰ ਆਦਿ ਵਰਗੇ ਸਰਹੱਦੀ ਇਲਾਕਿਆਂ ਵਿਰੁੱਧ ਇਹ ਕਾਰਵਾਈ ਵਿਸ਼ੇਸ਼ ਤੌਰ ’ਤੇ ਤੇਜ਼ੀ ਨਾਲ ਚਲਾਉਣ ਲਈ ਆਖਿਆ ਹੈ। ਅੱਜ ਇੱਥੇ ਨਵੀਂ ਸਨਅਤੀ ਨੀਤੀ ਦੇ ਖਰੜੇ ਬਾਰੇ ਵਿਚਾਰ ਵਟਾਂਦਰੇ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਹ ਸਮੱਸਿਆ ਸਰਹੱਦੀ ਇਲਾਕਿਆਂ ਵਿਚ ਬਹੁਤ ਜ਼ਿਆਦਾ ਹੈ ਅਤੇ ਇਸ ਨੂੰ ਰੋਕਣ ਦੀ ਜ਼ਰੂਰੀ ਲੋੜ ਹੈ। ਮੁੱਖ ਮੰਤਰੀ ਨੇ ਸਬੰਧਤ ਵਿਭਾਗਾਂ ਨੂੰ ਸੂਬੇ ਭਰ ਵਿਚ ਨਿਯਮਾਂ ਨੂੰ ਲਾਗੂ ਕਰਨ ਲਈ ਸਿਵਲ ਅਥਾਰਟੀ ਦੀਆਂ ਸੇਵਾਵਾਂ ਲੈਣ ਲਈ ਆਖਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਤਰਨ ਤਾਰਨ ਦੇ ਕੁਝ ਹਿੱਸਿਆਂ ਵਿਚ ਬਿਜਲੀ ਦਾ 41 ਫੀਸਦੀ ਤੋਂ ਵੱਧ ਨੁਕਸਾਨ ਹੋ ਰਿਹਾ ਹੈ ਅਤੇ ਸੰਗਰੂਰ, ਅੰਮ੍ਰਿਤਸਰ ਤੇ ਮਲੋਟ ਵੀ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ ਬਿਜਲੀ ਦਾ ਇਹ ਨੁਕਸਾਨ ਉਨ੍ਹਾਂ ਇਲਾਕਿਆਂ ਵਿਚ ਲਗਾਤਾਰ ਵੱਧਿਆ ਹੈ ਜਿੱਥੇ ਸਥਾਨਿਕ ਵਿਰੋਧ ਅਤੇ ਸਿਆਸੀ ਸਰਪ੍ਰਸਤੀ ਵਿਭਾਗ ਨੂੰ ਖਪਤਕਾਰਾਂ ਦੇ ਘਰਾਂ ਤੋਂ ਬਾਹਰ ਮੀਟਰ ਲਾਉਣ ਲਈ ਰੋਕਦੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਇਲਾਕਿਆਂ ਵਿਚ ਵਿਭਾਗ ਮੀਟਰ ਘਰਾਂ ਤੋਂ ਬਾਹਰ ਲਾਉਣ ਲਈ ਸਫਲ ਹੋਇਆ ਹੈ ਉੱਥੇ ਇਹ ਨੁਕਸਾਨ ਬਹੁਤ ਜ਼ਿਆਦਾ ਹੇਠਾਂ ਆਇਆ ਹੈ।
ਵਿਭਾਗ ਵੱਲੋਂ ਉਪਲਬੱਧ ਕਰਵਾਏ ਗਏ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਤਰਨ ਤਾਰਨ (ਭਿੱਖੀਵਿੰਡ) ਵਿਚ ਬਿਜਲੀ ਦੀਆਂ ਤਾਰਾਂ ਵਿਚ 41.54 ਫੀਸਦੀ ਬਿਜਲੀ ਦਾ ਨੁਕਸਾਨ ਹੁੰਦਾ ਹੈ ਜਦਕਿ ਮੁਕਤਸਰ (ਮਲੋਟ) ਵਿਖੇ 41.38 ਫੀਸਦੀ, ਤਰਨ ਤਾਰਨ (ਪੱਟੀ) ਵਿਖੇ 38.18 ਫੀਸਦੀ ਬਿਜਲੀ ਦਾ ਨੁਕਸਾਨ ਵਿੱਤੀ ਸਾਲ 2017 ਵਿਚ ਹੋਇਆ ਹੈ। ਮੁਕਤਸਰ ਦੇ ਬਾਦਲ ਵਿਖੇ 38.08 ਫੀਸਦੀ, ਅੰਮ੍ਰਿਤਸਰ ਦੇ ਨੀਮ ਸ਼ਹਿਰੀ ਇਲਾਕੇ ਵਿਚ 37.92 ਫੀਸਦੀ ਅਤੇ ਅੰਮ੍ਰਿਤਸਰ ਦੇ ਪੱਛਮੀ ਨੀਮ ਸ਼ਹਿਰੀ ਇਲਾਕੇ ਵਿਚ 32.04 ਫੀਸਦੀ ਬਿਜਲੀ ਦਾ ਨੁਕਸਾਨ ਹੋ ਰਿਹਾ ਹੈ। ਬਿਜਲੀ ਦੇ ਹੋਰ ਜ਼ਿਆਦਾ ਨੁਕਸਾਨ ਵਾਲੇ ਇਲਾਕਿਆਂ ਵਿਚ ਫਰੀਦਕੋਟ, ਸੰਗਰੂਰ, ਗੁਰਦਾਸਪੁਰ ਅਤੇ ਫਿਰੋਜ਼ਪੁਰ ਸ਼ਾਮਲ ਹਨ। ਬੁਲਾਰੇ ਅਨੁਸਾਰ ਸਾਰੇ ਸਰਹੱਦੀ ਖੇਤਰਾਂ ਵਿਚ ਬਿਜਲੀ ਦੀਆਂ ਲਾਈਨਾਂ ’ਚ ਬਿਜਲੀ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੇ ਵਿਭਾਗ ਨੂੰ ਸਪਸ਼ਟ ਕੀਤਾ ਹੈ ਕਿ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਢਿੱਲ ਸਹਿਣ ਨਹੀਂ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…