nabaz-e-punjab.com

ਨਗਰ ਨਿਗਮ ਦੀ ਆਵਾਰਾ ਪਸ਼ੂ ਫੜਨ ਵਾਲੀ ਟੀਮ ਉੱਤੇ ਹਮਲਾ ਕਰਨ ਵਾਲੇ ਵਿਅਕਤੀਆਂ ਵਿਰੁੱਧ ਕਾਰਵਾਈ ਦੀ ਮੰਗ

ਮਿਉਂਸਪਲ ਕਾਰਪੋਰੇਸ਼ਨ ਇੰਪਲਾਈਜ ਯੂਨੀਅਨ ਦੇ ਵਫ਼ਦ ਨੇ ਜ਼ਿਲ੍ਹਾ ਪੁਲੀਸ ਮੁਖੀ ਨਾਲ ਕੀਤੀ ਮੁਲਾਕਾਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜੁਲਾਈ:
ਮਿਉੱਸਪਲ ਕਾਰਪੋਰੇਸ਼ਨ ਇੰਪਲਾਈਜ ਯੂਨੀਅਨ ਦਾ ਇੱਕ ਵਫ਼ਦ ਅੱਜ ਜ਼ਿਲ੍ਹਾ ਪੁਲੀਸ ਮੁਖੀ ਨੂੰ ਮਿਲਿਆ। ਇਸ ਮੌਕੇ ਵਫ਼ਦ ਨੇ ਮੰਗ ਕੀਤੀ ਕਿ ਨਗਰ ਨਿਗਮ ਮੁਹਾਲੀ ਦੀ ਆਵਾਰਾ ਪਸ਼ੂ ਫੜਨ ਵਾਲੀ ਟੀਮ ਉਪਰ ਜਾਨ ਲੇਵਾ ਹਮਲਾ ਕਰਨ ਅਤੇ ਫੜੇ ਗਏ ਪਸ਼ੂ ਖੋਹ ਕੇ ਲੈਣ ਜਾਣ ਵਾਲੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਗਰ ਨਿਗਮ ਦੇ ਜੂਨੀਅਰ ਸਹਾਇਕ ਸ੍ਰੀ ਕੇਸਰ ਸਿੰਘ ਨੇ ਦਸਿਆ ਕਿ ਨਗਰ ਨਿਗਮ ਦੀ ਆਵਾਰਾ ਪਸ਼ੂ ਫੜਨ ਵਾਲੀ ਟੀਮ ਨੇ ਮੁਹਾਲੀ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਆਵਾਰਾ ਪਸ਼ੂ 2-6-17 ਨੂੰ ਫੜੇ ਸਨ। ਇਸ ਦੌਰਾਨ ਸੈਕਟਰ-68 ਦੇ ਸਿਟੀ ਪਾਰਕ ਵਿੱਚ ਜਰਨੈਲ ਸਿੰਘ ਅਤੇ ਉਸ ਦੇ ਸਾਥੀਆਂ ਨੇ ਟੀਮ ਵੱਲੋੱ ਫੜੀ ਗਈ ਗਾਂ ਨੂੰ ਜ਼ਬਰਦਸਤੀ ਛੁਡਵਾ ਲਿਆ ਅਤੇ ਉਹਨਾਂ ਦੀ ਗੱਡੀ ਦੇ ਉਪਰ ਡੰਡੇ ਮਾਰਕੇ ਡੈਂਟ ਪਾ ਦਿਤੇ। ਇਸਦੇ ਨਾਲ ਹੀ ਇਹਨਾਂ ਵਿਅਕਤੀਆਂ ਨੇ ਸਰਕਾਰੀ ਕੈਟਲ ਕੈਂਚਰ ਗੱਡੀ ਦਾ ਡੰਡਾ ਮਾਰ ਕੇ ਸ਼ੀਸ਼ਾ ਤੋੜ ਦਿਤਾ। ਇਸਦੇ ਨਾਲ ਹੀ ਇਸ ਗੱਡੀ ਵਿੱਚੋਂ ਰੱਸੇ ਕੱਢ ਲਏ ਅਤੇ ਟੀਮ ਉੱਪਰ ਵੀ ਡੰਡਿਆ ਨਾਲ ਹਮਲਾ ਕਰ ਦਿੱਤਾ। ਜਿਸ ਕਰਕੇ ਨਿਗਮ ਦੀ ਟੀਮ ਆਪਣੀਆਂ ਗੱਡੀਆਂ ਵਿੱਚ ਸਵਾਰ ਹੋ ਕੇ ਦਫਤਰ ਆ ਗਈ। ਫਿਰ ਦਫ਼ਤਰ ਵਿੱਚ ਵੀ ਉਪਰੋਕਤ ਦੋਸ਼ੀਆਂ ਨੇ ਨਿਗਮ ਟੀਮ ਉਪਰ ਹਮਲਾ ਕੀਤਾ। ਜਿਸ ਕਰਕੇ ਟੀਮ ਮੈਂਬਰਾਂ ਨੇ ਦਫਤਰ ਵਿੱਚ ਲੁਕ ਕੇ ਆਪਣੀ ਜਾਨ ਬਚਾਈ। ਇਹ ਸਾਰੀ ਘਟਨਾ ਦਫਤਰ ਵਿੱਚ ਲੱਗੇ ਕੈਮਰੇ ਵਿੱਚ ਕੈਦ ਹੋ ਗਈ।
ਉਹਨਾਂ ਦਸਿਆ ਕਿ 19 ਜੂਨ ਨੂੰ ਨਗਰ ਨਿਗਮ ਦੇ ਕਮਿਸ਼ਨਰ ਨੇ ਵੀ ਐਸ ਐਸ ਪੀ ਮੁਹਾਲੀ ਨੂੰ ਪੱਤਰ ਲਿਖ ਕੇ ਨਿਗਮ ਟੀਮ ਉੱਪਰ ਹਮਲਾ ਕਰਨ ਵਾਲੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਸੀ। ਇਸ ਤੋੱ ਪਹਿਲਾਂ ਵੀ ਨਿਗਮ ਟੀਮ ਵੱਲੋਂ ਵੱਖ-ਵੱਖ ਸਮੇਂ ਮਟੌਰ ਅਤੇ ਫੇਜ਼-8 ਦੇ ਪੁਲੀਸ ਥਾਣਿਆਂ ਵਿੱਚ ਜਰਨੈਲ ਸਿੰਘ ਤੇ ਹੋਰਨਾਂ ਜ਼ਿੰਮੇਵਾਰ ਵਿਅਕਤੀਆਂ ਦੇ ਖਿਲਾਫ ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ। ਪਰ ਪੁਲੀਸ ਨੇ ਇਹਨਾਂ ਵਿਅਕਤੀਆਂ ਖਿਲਾਫ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਜਿਸ ਕਰਕੇ ਇਹਨਾਂ ਵਿਅਕਤੀਆਂ ਦੇ ਹੌਂਸਲੇ ਬੁਲੰਦ ਹੋ ਚੁੱਕੇ ਹਨ ਅਤੇ ਹਰ ਵਾਰੀ ਹੀ ਇਹ ਵਿਅਕਤੀ ਨਗਰ ਨਿਗਮ ਦੀ ਆਵਾਰਾ ਪਸ਼ੂ ਫੜਨ ਵਾਲੀ ਟੀਮ ਤੋਂ ਫੜੇ ਹੋਏ ਪਸ਼ੂ ਖੋਹ ਕੇ ਲੈ ਜਾਂਦੇ ਹਨ। ਇਸ ਤੋਂ ਇਲਾਵਾ ਇਹ ਵਿਅਕਤੀ ਨਿਗਮ ਦੇ ਮੁਲਾਜਮਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੰਦੇ ਹਨ। ਉਹਨਾਂ ਦਸਿਆ ਕਿ ਇਸ ਸਬੰਧੀ ਨਗਰ ਨਿਗਮ ਦੀ ਮੀਟਿੰਗ ਵਿੱਚ ਵੀ ਇਹ ਮਾਮਲਾ ਉਠਿਆ ਸੀ ਅਤੇ ਉਸ ਤੋਂ ਬਾਅਦ ਹੀ ਬੀਤੀ 19 ਜੂਨ ਨੂੰ ਨਗਰ ਨਿਗਮ ਦੇ ਕਮਿਸ਼ਨਰ ਨੇ ਇਹਨਾਂ ਵਿਅਕਤੀਆਂ ਵਿਰੁੱਧ ਕਾਰਵਾਈ ਲਈ ਐਸ ਐਸ ਪੀ ਨੂੰ ਪੱਤਰ ਲਿਖਿਆ ਸੀ। ਜਿਸ ਉੱਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਮੰਗ ਕੀਤੀ ਕਿ ਨਿਗਮ ਦੀ ਟੀਮ ਕੋਲੋਂ ਫੜੇ ਗਏ ਪਸ਼ੂ ਜਬਰਦਸਤੀ ਖੋਹਣ ਅਤੇ ਟੀਮ ਉਪਰ ਹਮਲਾ ਕਰਨ ਵਾਲੇ ਸਾਰੇ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸੁਪਰਡੈਂਟ ਜਸਵਿੰਦਰ ਸਿੰਘ, ਯੂਨੀਅਨ ਦੇ ਜਨਰਲ ਸਕੱਤਰ ਹਰਮੇਸ਼ ਸਿੰਘ, ਗੁਰਮੀਤ ਸਿੰਘ ਗਿੱਲ ਵੀ ਮੌਜੂਦ ਸਨ।
ਮਾਮਲੇ ਦੀ ਜਿੰਮੇਵਾਰੀ ਐਸ ਪੀ ਸਿਟੀ ਨੂੰ ਸੌਂਪੀ : ਐਸ ਐਸ ਪੀ
ਇਸ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ ਸ੍ਰੀ ਕੁਲਦੀਪ ਸਿੰਘ ਚਹਿਲ ਨੇ ਕਿਹਾ ਕਿ ਮਾਮਲੇ ਸਬੰਧੀ ਉਹਨਾਂ ਵੱਲੋਂ ਐਸਪੀ ਸਿਟੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਅਤੇ ਇਸ ਸਬੰਧੀ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In Issues

Check Also

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਨਬਜ਼-ਏ-ਪੰਜਾਬ …