Share on Facebook Share on Twitter Share on Google+ Share on Pinterest Share on Linkedin ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਨੇਡਾ ਵਿੱਚ ਗਰਮਖ਼ਿਆਲੀਆਂ ਨੂੰ ਕਾਬੂ ਕਰਨ ਦੀ ਲੋੜ ’ਤੇ ਜ਼ੋਰ ਕੈਨੇਡੀਅਨ ਸੰਸਦੀ ਮੈਂਬਰ ਸੰਘਾ ਨੂੰ ਆਪਣੀ ਸਰਕਾਰ ਨਾਲ ਮਸਲਾ ਉਠਾਉਣ ਲਈ ਆਖਿਆ ਨਵੀਂ ਦਿੱਲੀ, 21 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਵਿੱਚ ਫੁੱਟ ਪਾੳਣ ਤੇ ਬਿਖੇੜਾ ਕਰਨ ਲਈ ਕੈਨੇਡਾ ਦੀ ਧਰਤੀ ਨੂੰ ਵਰਤਣ ਦੀ ਕੋਸ਼ਿਸ਼ ਕਰ ਰਹੇ ਗਰਮਖਿਆਲੀਆਂ ਨੂੰ ਕੈਨੇਡਾ ਸਰਕਾਰ ਵੱਲੋਂ ਕਾਬੂ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਮੁੱਖ ਮੰਤਰੀ ਨੇ ਇਹ ਮਸਲਾ ਜਲੰਧਰ ਵਿੱਚ ਜਨਮੇ ਕੈਨੇਡਾ ਦੇ ਸੰਸਦ ਮੈਂਬਰ ਰਮੇਸ਼ਵਰ ਸਿੰਘ ਸੰਘਾ ਕੋਲ ਉਠਾਇਆ ਜਿਨ੍ਹਾਂ ਨੇ ਅੱਜ ਦੁਪਹਿਰ ਇੱਥੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਖਾਲਿਸਤਾਨੀ ਸਮਰਥਕਾਂ ਸਮੇਤ ਅਜਿਹੇ ਤੱਤਾਂ ਦਾ ਕੈਨੇਡਾ ਦੇ ਸਿਆਸੀ ਮਾਹੌਲ ’ਤੇ ਕੋਈ ਪ੍ਰਭਾਵ ਨਹੀਂ ਬਣ ਸਕਿਆ ਅਤੇ ਇਹ ਲੋਕ ਭਾਰਤ ਦੇ ਲੋਕਾਂ ਨੂੰ ਵਰਗਲਾ ਕੇ ਇੱਥੋਂ ਦਾ ਮਾਹੌਲ ਖਰਾਬ ਕਰ ਸਕਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਬਦਕਿਸਮਤੀ ਨਾਲ ਗਰਮਖਿਆਲੀ ਸੋਸ਼ਲ ਮੀਡੀਆ ਦੀ ਵਰਤੋਂ ਰਾਹੀਂ ਭਾਰਤ ਵਿਚ ਫੁੱਟ ਪਾਊ ਸੰਦੇਸ਼ਾਂ ਦਾ ਪਸਾਰ ਕਰਨ ਵਿੱਚ ਸਫਲ ਹੋਏ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਨੂੰ ਅਜਿਹੀਆਂ ਤਾਕਤਾਂ ’ਤੇ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਜਿਹੇ ਲੋਕ ਸੋਸ਼ਲ ਮੀਡੀਆ ਅਤੇ ਹੋਰ ਜਨਤਕ ਮੰਚਾਂ ਦੀ ਖੱੁਲ੍ਹੇਆਮ ਵਰਤੋਂ ਨਾ ਕਰਨ। ਮੁੱਖ ਮੰਤਰੀ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਨੂੰ ਮੁੜ ਪੈਰਾਂ ’ਤੇ ਖੜ੍ਹਾ ਕਰਨ ਲਈ ਸਨਅਤ ਤੇ ਨਿਵੇਸ਼ ਨੂੰ ਸੂਬੇ ਵਿੱਚ ਲਿਆਉਣ ਲਈ ਯਤਨ ਕਰ ਰਹੀ ਹੈ ਪਰ ਭਾਰਤ ਤੋਂ ਬਾਹਰ ਬੈਠੇ ਗਰਮਖਿਆਲੀਆਂ ਦੇ ਨਾਪਾਕ ਇਰਾਦੇ ਸਾਡੇ ਯਤਨਾਂ ਨੂੰ ਲੀਹੋਂ ਲਾਹ ਸਕਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਇਹ ਮੁੱਠੀ ਭਰ ਲੋਕ ਆਪਣੇ ਕੂੜ ਪ੍ਰਚਾਰ ਰਾਹੀਂ ਪੰਜਾਬੀਆਂ ਸਮੇਤ ਪ੍ਰਵਾਸੀ ਭਾਰਤੀਆਂ ਵੱਲੋਂ ਭਾਰਤ ਅਤੇ ਕੈਨੇਡਾ ਦੇ ਵਿਕਾਸ ਤੇ ਪ੍ਰਗਤੀ ਵਿੱਚ ਪਾਏ ਜਾ ਰਹੇ ਯੋਗਦਾਨ ਨੂੰ ਵੀ ਢਾਹ ਲਾ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਅਤੇ ਸ੍ਰੀ ਸੰਘਾ ਨੇ ਪ੍ਰਵਾਸੀ ਭਾਰਤੀਆਂ ਨਾਲ ਸਬੰਧਤ ਵੱਖ-ਵੱਖ ਮਸਲਿਆਂ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਜਿਸ ਤੇ ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਵਿਦੇਸ਼ਾਂ ਵਿੱਚ ਰਹਿ ਰਹੇ ਭਾਰਤੀਆਂ ਦੇ ਹਿੱਤਾਂ ਦੀ ਰਾਖੀ ਲਈ ਹਰ ਸੰਭਵ ਢੰਗ ਨਾਲ ਮਦਦ ਕਰੇਗੀ। ਪਿਛਲੇ 6-7 ਸਾਲਾਂ ਤੋਂ ਪ੍ਰਵਾਸੀ ਪੰਜਾਬੀਆਂ ਦੀ ਖੱਜਲ-ਖੁਆਰੀ ਖਾਸ ਤੌਰ ’ਤੇ ਜਾਇਦਾਦ ਨਾਲ ਸਬੰਧਤ ਮਾਮਲਿਆਂ ਵਿਚ ਵਾਧਾ ਹੋਣ ਦਾ ਜ਼ਿਕਰ ਕਰਦਿਆਂ ਬਰੈਂਪਟਨ ਸੈਂਟਰ ਦੀ ਨੁਮਾਇੰਦਗੀ ਕਰਦੇ ਸ਼੍ਰੀ ਸੰਘਾ ਨੇ ਮੁੱਖ ਮੰਤਰੀ ਨੂੰ ਵਿਦੇਸ਼ ਵਸਦੇ ਭਾਰਤੀ ਭਾਈਚਾਰੇ ਦੇ ਹਿੱਤਾਂ ਦੀ ਸੁਰੱਖਿਆ ਲਈ ਕਦਮ ਚੁੱਕਣ ਲਈ ਆਖਿਆ। ਮੀਟਿੰਗ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਵਾਸੀ ਭਾਰਤੀਆਂ ਦੇ ਹਿੱਤ ਸੁਰੱਖਿਅਤ ਰੱਖਣ ਲਈ ਮਦਦ ਦੇਣ ਦਾ ਵਾਅਦਾ ਕੀਤਾ। ਮੁੱਖ ਮੰਤਰੀ ਨੇ ਸੰਸਦ ਮੈਂਬਰ ਨੂੰ ਦੱਸਿਆ ਕਿ ਉਨ੍ਹਾਂ ਨੇ ਪ੍ਰਵਾਸੀ ਭਾਰਤੀਆਂ ਲਈ ਅਦਾਲਤਾਂ ਸਥਾਪਤ ਕਰਨ ਦਾ ਪ੍ਰਸਤਾਵ ਚੀਫ਼ ਜਸਟਿਸ ਕੋਲ ਪਹਿਲਾਂ ਹੀ ਪੇਸ਼ ਕੀਤਾ ਹੋਇਆ ਹੈ ਅਤੇ ਉਨ੍ਹਾਂ ਦੀ ਸਰਕਾਰ ਹੁਣ ਇਸ ਨੂੰ ਸਾਬਕਾ ਸੈਨਿਕਾਂ ਲਈ ਸਥਾਪਤ ਕੀਤੀਆਂ ਅਦਾਲਤਾਂ ਦਾ ਹਿੱਸਾ ਬਣਾਉਣ ’ਤੇ ਵਿਚਾਰ ਕਰ ਰਹੀ ਹੈ ਕਿਉਂਕਿ ਪ੍ਰਵਾਸੀ ਭਾਰਤੀਆਂ ਦੇ ਇੰਨੇ ਜ਼ਿਆਦਾ ਮਾਮਲੇ ਨਹੀਂ ਹੁੰਦੇ ਕਿ ਵੱਖਰੀਆਂ ਅਦਾਲਤਾਂ ਬਣਾਈਆਂ ਜਾਣ। ਮੁੱਖ ਮੰਤਰੀ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਵਿੱਚ ਪੰਜਾਬ ਵਿੱਚ ਪ੍ਰਵਾਸੀ ਭਾਰਤੀਆਂ ਦੀ ਭਲਾਈ ਲਈ ਕਈ ਕਦਮ ਚੁੱਕਣ ਦਾ ਵਾਅਦਾ ਕੀਤਾ ਗਿਆ ਜਿਨ੍ਹਾਂ ਵਿੱਚ ਉਨ੍ਹਾਂ ਦੇ ਮਾਮਲਿਆਂ ਦੀ ਛੇਤੀ ਸੁਣਵਾਈ ਲਈ ਵਿਸ਼ੇਸ਼ ਅਦਾਲਤਾਂ ਦੀ ਸਥਾਪਨਾ ਅਤੇ ਜਾਇਦਾਦਾਂ ਦੀ ਸੁਰੱਖਿਆ ਲਈ ਸਖਤ ਕਾਨੂੰਨ ਬਣਾਉਣਾ ਸ਼ਾਮਲ ਹੈ। ਸ਼੍ਰੀ ਸੰਘਾ ਜੋ ਕੈਨੇਡਾ ਤੇ ਭਾਰਤ ਦੇ ਸੰਸਦੀ ਮਿੱਤਰਤਾ ਗਰੁੱਪ ਦੇ ਚੇਅਰਮੈਨ ਹਨ, ਨੇ ਆਖਿਆ ਕਿ ਕੈਨੇਡਾ ਵਿੱਚ ਵਸ ਰਹੇ ਪ੍ਰਵਾਸੀ ਭਾਰਤੀਆਂ ਅਤੇ ਇੱਥੋਂ ਤੱਕ ਕਿ ਜਿਨ੍ਹਾਂ ਵੀ ਮੁਲਕਾਂ ਵਿੱਚ ਪ੍ਰਵਾਸੀ ਭਾਰਤੀ ਰਹਿ ਰਹੇ ਹਨ, ਉਨ੍ਹਾਂ ਮੁਲਕਾਂ ਦੀਆਂ ਸਰਕਾਰਾਂ ਨੇ ਪ੍ਰਵਾਸੀ ਭਾਰਤੀਆਂ ਵੱਲੋਂ ਵਿਕਾਸ ਵਿਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ ਹੈ। ਮੁੱਖ ਮੰਤਰੀ ਨੇ ਇਸ ਨਾਲ ਸਹਿਮਤ ਹੁੰਦਿਆਂ ਦੁਨੀਆ ਭਰ ਵਿੱਚ ਭਾਰਤ ਦੀ ਸ਼ਾਨ ਵਿਚ ਵਾਧਾ ਕਰਨ ਲਈ ਪ੍ਰਵਾਸੀ ਭਾਰਤੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਆਖਿਆ ਕਿ ਪ੍ਰਵਾਸੀ ਭਾਰਤੀਆਂ ਦੀ ਸਖਤ ਮਿਹਨਤ, ਸਮਰਪਿਤ ਭਾਵਨਾ ਅਤੇ ਵਚਨਬੱਧਤਾ ਵਡਿਆਉਣਯੋਗ ਹੈ। ਭਾਰਤ ਅਤੇ ਕੈਨੇਡਾ ਦਰਮਿਆਨ ਵਪਾਰਕ ਅਤੇ ਸੱਭਿਆਚਾਰਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰ ਰਹੇ ਕੈਨੇਡੀਅਨ ਸੰਸਦ ਮੈਂਬਰ ਨੇ ਆਖਿਆ ਕਿ ਇਕੱਠਿਆਂ ਕੰਮ ਕਰਨਾ ਦੋਵਾਂ ਮੁਲਕਾਂ ਦੇ ਹਿੱਤ ਵਿੱਚ ਹੈ। ਮੁੱਖ ਮੰਤਰੀ ਨੇ ਦੋਵਾਂ ਮੁਲਕਾਂ ਖਾਸ ਤੌਰ ’ਤੇ ਲੋਕਾਂ ਦੇ ਪੱਧਰ ’ਤੇ ਸਾਂਝ ਵਧਾਉਣ ਲਈ ਉਨ੍ਹਾਂ ਦੀ ਸਰਕਾਰ ਵੱਲੋਂ ਪੂਰਾ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ