nabaz-e-punjab.com

ਮਨਮਾਨੇ ਢੰਗ ਨਾਲ ਬਦਲੀਆਂ ਕਾਰਨ ਅਧਿਆਪਕਾਂ ਵਿੱਚ ਕੈਪਟਨ ਸਰਕਾਰ ਵਿਰੁੱਧ ਭਾਰੀ ਰੋਸ: ਜੀਟੀਯੂ

ਅਧਿਆਪਕਾਂ ਦੀਆਂ ਬਦਲੀਆਂ ਦੇ ਮਾਮਲੇ ਵਿੱਚ ਸਿੱਖਿਆ ਮੰਤਰੀ ਕਰ ਰਹੀ ਹੈ ਕਲਰਕਾਂ ਦਾ ਕੰਮ:

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜੁਲਾਈ:
ਸਿੱਖਿਆ ਵਿਭਾਗ ਵਿੱਚ ਬੇਸ਼ੱਕ ਅਧਿਆਪਕਾਂ ਦੀਆਂ ਬਦਲੀਆਂ ਲਈ ਬਾਕਾਇਦਾ ਨੀਤੀ ਮੌਜੂਦ ਹੈ ਅਤੇ ਮੌਜੂਦਾ ਸਰਕਾਰ ਨੇ ਚੋਣ ਮੈਨੀਫੈਸਟੋ ਵਿੱਚ ਸਿੱਖਿਆ ਸੁਧਾਰਾਂ ਦਾ ਵਾਅਦਾ ਵੀ ਕੀਤਾ ਹੈ, ਪਰ ਚਹੇਤਿਆਂ ਨੂੰ ਖ਼ੁਸ਼ ਕਰਨ ਲਈ ਸਿੱਖਿਆ ਵਿਭਾਗ ਚੋਣ-ਮੈਨੀਫੈਸਟੋ ਲਾਂਭੇ ਰੱਖ ਅਧਿਆਪਕਾਂ ਦੀਆਂ ਮਨ-ਮਰਜ਼ੀ ਨਾਲ ਬਦਲੀਆਂ ਕਰਨ ਨੂੰ ਹੀ ਤਰਜ਼ੀਹ ਦੇ ਰਿਹਾ ਹੈ। ਉਧਰ, ਇਸ ਸਬੰਧੀ ਮੁੱਖ ਮੰਤਰੀ ਦਫ਼ਤਰ ਤੋਂ ਸਿੱਖਿਆ ਸਕੱਤਰ ਨੂੰ ਮਸ਼ਵਰਾਂ ਦਿੱਤਾ ਹੈ ਕਿ ਇਸ ਪੇਚੀਦਾ ਮਸਲੇ ਦੇ ਹੱਲ ਲਈ ਸਿੱਖਿਆ ਮੰਤਰੀ ਨਾਲ ਗੱਲ ਕਰਕੇ ਆਪਣੇ ਪੱਧਰ ’ਤੇ ਚੈੱਕ ਕੀਤਾ ਜਾਵੇ।
ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾਈ ਪ੍ਰੈੱਸ ਸਕੱਤਰ ਸੁਰਜੀਤ ਮੁਹਾਲੀ ਵੱਲੋਂ ਜਾਰੀ ਪ੍ਰੈੱਸ ਨੋਟ ਵਿੱਚ ਜੀਟੀਯੂ ਦੇ ਸੂਬਾਈ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਕੁਲਦੀਪ ਦੌੜਕਾ, ਵਿੱਤ ਸਕਤਰ ਗੁਰਬਿੰਦਰ ਸਸਕੌਰ, ਸੀਨੀਅਰ ਮੀਤ ਪ੍ਰਧਾਨ ਮੰਗਲ ਟਾਂਡਾ, ਮੀਤ ਪ੍ਰਧਾਨ ਰਣਜੀਤ ਮਾਨ ਅਤੇ ਕੁਲਵਿੰਦਰ ਮੁਕਤਸਰ, ਸੂਬਾਈ ਕਾਰਜਕਾਰਨੀ ਦੇ ਅਹੁਦੇਦਾਰਾਂ ਕੁਲਦੀਪ ਪੁਰੋਵਾਲ, ਪ੍ਰਿੰਸੀਪਲ ਅਮਨਦੀਪ ਸ਼ਰਮਾ, ਬਲਵਿੰਦਰ ਭੁੱਟੋ, ਕਰਨੈਲ ਫ਼ਿਲੌਰ ਅਤੇ ਹੋਰਨਾਂ ਨੇ ਉਪਰੋਕਤ ਦੋਸ਼ ਲਾਉਂਦਿਆਂ ਮੰਗ ਕੀਤੀ ਕਿ ਸਿੱਖਿਆ ਵਿਭਾਗ ਵੱਲੋਂ ਬਦਲੀਆਂ ਲਈ ਬਿਨੈ-ਪੱਤਰ ਨਾ ਦੇਣ ਵਾਲ਼ੇ ਅਧਿਆਪਕਾਂ ਦੀਆਂ ਬੀਤੇ ਦਿਨੀਂ ਰਾਜਸੀ ਦਬਾਅ ਹੇਠ ਕੀਤੀਆਂ ਬਦਲੀਆਂ ਹਰ ਹੀਲੇ ਰੱਦ ਕੀਤੀਆਂ ਜਾਣ।
ਆਗੂਆਂ ਕਿਹਾ ਕਿ ਸੱਤਾ ਵਿੱਚ ਆਉਂਦਿਆਂ ਹੀ ਸਰਕਾਰ ਪੱਖ ਦੇ ਵਿਧਾਨਕਾਰ ਅਤੇ ਮੰਤਰੀ ਰਾਜਸੀ ਪਹੁੰਚ ਤੱਕ ਅਸਮਰਥ ਅਧਿਆਪਕਾਂ ਨਾਲ਼ ਨਾਲ਼ ਕਿੜ ਕੱਢਣ ਅਤੇ ਚਹੇਤਿਆਂ ਨੂੰ ਨਿਵਾਜ਼ਨ ਲਈ ਅਧਿਆਪਕਾਂ ਦੀਆਂ ਬਦਲੀਆਂ ਦੇ ਨੀਤੀਗਤ ਫ਼ਰਜ਼ ਨੂੰ ਹਥਿਆਰ ਅਤੇ ਅਖ਼ਤਿਆਰ ਵਾਂਗ ਵਰਤ ਰਹੇ ਹਨ। ਆਗੂਆਂ ਦੱਸਿਆ ਕਿਹਾ ਕਿ ਅਧਿਆਪਕਾਂ ਦੀਆਂ ਬਦਲੀਆਂ ਨੂੰ ਰਾਜਸੀ ਖਿੱਚ-ਧੁਹ ਤੋਂ ਦੂਰ ਰੱਖਣ ਲਈ ਹੀ ਕਾਂਗਰਸ ਸਰਕਾਰ ਵੱਲੋਂ ਹੀ ਬੀਤੇ ਸਮਿਆਂ ਵਿੱਚ ‘ਲਾਲ਼-ਕਿਤਾਬ’ ਨਾਂ ਹੇਠ ਮੈਰਿਟ ਦੇ ਆਧਾਰ ਤੇ ਬਦਲੀਆਂ ਕਰਨ ਦੀ ਨੀਤੀ ਬਣਾਈ ਗਈ ਸੀ। ਬੀਤੀ ਅਕਾਲੀ-ਭਾਜਪਾ ਸਰਕਾਰ ਵੱਲੋਂ ਇਹਨਾਂ ਬਦਲੀਆਂ ਵਿੱਚ ਹੁੰਦੀ ਰਾਜਸੀ ਦਖ਼ਲ਼ੰਦਾਜ਼ੀ ਨੂੰ ਨਿੰਦਦਿਆਂ ਮੌਜੂਦਾ ਸੱਤਾ ਧਿਰ ਨੇ ਨੀਤੀਗਤ ਬਦਲੀਆਂ ਕਰਨ ਦਾ ਵਾਅਦਾ ਵੀ ਕੀਤਾ ਸੀ, ਪਰ ਸੱਤਾ ਵਿੱਚ ਆਉਂਦਿਆਂ ਹੀ ਠੀਕ ਉਲਟ ਵਤੀਰਾ ਅਪਨਾਇਆ ਜਾ ਰਿਹਾ ਹੈ। ਆਗੂਆਂ ਮੰਗ ਕੀਤੀ ਕਿ ਬਿਨਾ ਮੈਰਿਟ ਅਤੇ ਬਿਨਾਂ ਅਰਜ਼ੀ ਦਿੱਤੇ ਹੋਈਆਂ ਸਾਰੀਆਂ ਬਦਲੀਆਂ ਰੱਦ ਕੀਤੀਆਂ ਜਾਣ। ਆਗੂਆਂ ਸਲਾਹ ਦਿੱਤੀ ਕਿ ਵਿਧਾਨਕਾਰ ਅਤੇ ਮੰਤਰੀ ਬਦਲੀਆਂ ਵਿੱਚ ਦਖ਼ਲੰਦਾਜ਼ੀ ਦੀ ਥਾਂ ਆਪਣਾ ਸਮਾਂ ਅਤੇ ਊਰਜਾ ਸਿੱਖਿਆ ਸੁਧਾਰ ਲਈ ਮੈਨੀਫ਼ੈਸਟੋ ਵਿੱਚ ਕੀਤੇ ਵਾਅਦਿਆਂ ਨੂੰ ਪਰੂਾ ਕਰਨ ਵਿੱਚ ਲਾਉਣ। ਉਨ੍ਹਾਂ ਦੋਸ਼ ਲਾਇਆ ਕਿ ਅਧਿਆਪਕਾਂ ਦੀਆਂ ਬਦਲੀਆਂ ਦੇ ਮਾਮਲੇ ਵਿੱਚ ਸਿੱਖਿਆ ਮੰਤਰੀ ਕਲਰਕਾਂ ਦਾ ਕੰਮ ਕਰ ਰਹੀ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਅਧਿਆਪਕਾਂ ਦੀਆਂ ਜ਼ਿਲ੍ਹਾ ਪੱਧਰੀ ਬਦਲੀਆਂ ਦਾ ਅਧਿਕਾਰ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਦਿੱਤਾ ਜਾਵੇ।
(ਬਾਕਸ ਆਈਟਮ)
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੇ ਮੰਨਿਆਂ ਕੁੱਝ ਥਾਵਾਂ ’ਤੇ ਅਜਿਹੀਆਂ ਸ਼ਿਕਾਇਤਾਂ ਮਿਲੀਆਂ ਹਨ। ਸੰਗਰੂਰ ਵਿੱਚ ਜ਼ਿਆਦਾ ਰੌਲਾ ਪਿਆ ਸੀ। ਮਾਮਲਾ ਸਿੱਖਿਆ ਮੰਤਰੀ ਦੇ ਧਿਆਨ ਲਿਆ ਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਬਿਨਾਂ ਅਪਲਾਈ ਤੋਂ ਕੋਈ ਬਦਲੀ ਨਹੀਂ ਹੋਵੇਗੀ। ਕਿਉਂਕਿ ਅਜਿਹਾ ਹੋਣ ਨਾਲ ਲੋੜ ਤੋਂ ਵੱਧ ਬਦਲੀਆਂ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਬਦਲੀਆਂ ਸਬੰਧੀ ਕੋਈ ਸਿਆਸੀ ਦਬਾਅ ਨਹੀਂ ਹੈ ਅਤੇ ਜਿਹੜੇ ਜ਼ਿਲ੍ਹਿਆਂ ’ਚੋਂ ਅਜਿਹੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਬਾਰੇ ਕੇਸ ਤਿਆਰ ਕਰਕੇ ਸਿੱਖਿਆ ਮੰਤਰੀ ਨੂੰ ਅਗਲੀ ਕਾਰਵਾਈ ਲਈ ਭੇਜ ਦਿੱਤਾ ਹੈ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…