nabaz-e-punjab.com

ਮੁੱਖ ਮੰਤਰੀ ਵੱਲੋਂ ਹਰਮਨਪ੍ਰੀਤ ਕੌਰ ਵਰਗੇ ਖਿਡਾਰੀਆਂ ਨੂੰ ਨੌਕਰੀਆਂ ਦੇਣ ਲਈ ਖੇਡ ਨੀਤੀ ਘੋਖਣ ਦਾ ਐਲਾਨ

ਹਰਮਨਪ੍ਰੀਤ ਲਈ ਪੰਜ ਲੱਖ ਰੁਪਏ ਦੇ ਨਗਦ ਇਨਾਮ ਦੇਣ ਦੀ ਘੋਸ਼ਣਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 23 ਜੁਲਾਈ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਸੈਮੀ-ਫਾਈਨਲ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਹਰਮਨਪ੍ਰੀਤ ਕੌਰ ਜਿਹੇ ਨੌਜਵਾਨ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਦੇਣ ਲਈ ਸੂਬੇ ਦੀ ਖੇਡ ਨੀਤੀ ਦੀ ਸਮੀਖਿਆ ਕਰਨ ਦਾ ਵਾਅਦਾ ਕੀਤਾ। ਮੁੱਖ ਮੰਤਰੀ ਨੇ ਹਰਮਨਪ੍ਰੀਤ ਕੌਰ ਲਈ ਪੰਜ ਲੱਖ ਰੁਪਏ ਦੇ ਨਗਦ ਇਨਾਮ ਦਾ ਐਲਾਨ ਕੀਤਾ।
ਮੁੱਖ ਮੰਤਰੀ ਨੇ ਹਰਮਨਪ੍ਰੀਤ ਦੇ ਪਿਤਾ ਹਰਮੰਦਰ ਸਿੰਘ ਨੂੰ ਫੋਨ ਕਰਕੇ ਉਨ੍ਹਾਂ ਦੀ ਧੀ ਦੀ ਬਿਹਤਰੀਨ ਖੇਡ ਲਈ ਵਧਾਈ ਦਿੱਤੀ। ਉਨ੍ਹਾਂ ਆਖਿਆ ਕਿ ਸਰਕਾਰ ਵੱਲੋਂ ਉਭਰਦੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਉਣ ਲਈ ਖੇਡ ਨੀਤੀ ਵਿਚ ਬਦਲਾਅ ਕਰਨ ਲਈ ਕਦਮ ਚੁੱਕੇ ਜਾਣਗੇ ਕਿਉਂ ਜੋ ਪਿਛਲੀ ਬਾਦਲ ਸਰਕਾਰ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਇਸ ਖਿਡਾਰਨ ਅਤੇ ਕਪਤਾਨ ਨੂੰ ਨੌਕਰੀ ਦੇਣ ਤੋਂ ਵਾਂਝਾ ਰੱਖਿਆ ਸੀ।
ਹਰਮਨਪ੍ਰੀਤ ਵੱਲੋਂ ਆਪਣਾ ਖੇਡ ਕਰੀਅਰ ਸ਼ੁਰੂ ਕਰਨ ਮੌਕੇ ਆਪਣੀਆਂ ਲੋੜਾਂ ਦੀ ਪੂਰਤੀ ਲਈ ਪੁਲਿਸ ਦੀ ਨੌਕਰੀ ਦੇਣ ਦੀ ਅਪੀਲ ਨੂੰ ਅਕਾਲੀ ਸਰਕਾਰ ਵੱਲੋਂ ਮੁੱਢੋਂ ਨਾਕਾਰ ਦੇਣ ਦੀ ਸਖ਼ਤ ਅਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਹਰਮੰਦਰ ਸਿੰਘ ਨੂੰ ਦੱਸਿਆ ਕਿ ਜੇਕਰ ਉਨ੍ਹਾਂ ਦੀ ਧੀ ਅਜੇ ਵੀ ਸਰਕਾਰੀ ਨੌਕਰੀ ਦੀ ਇੱਛੁਕ ਹੈ ਤਾਂ ਉਸ ਨੂੰ ਨੌਕਰੀ ਦੇਣ ਲਈ ਉਹ ਖੇਡ ਨੀਤੀ ਵਿਚ ਤਬਦੀਲੀ ਨੂੰ ਵਿਚਾਰਨਗੇ।
ਕੈਪਟਨ ਅਮਰਿੰਦਰ ਸਿੰਘ ਨੇ ਕ੍ਰਿਕਟ ਖਿਡਾਰਨ ਦੇ ਪਿਤਾ ਨੂੰ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਸੂਬੇ ਵਿਚ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਆਪਣੀ ਸਖ਼ਤ ਮਿਹਨਤ ਤੇ ਜਜ਼ਬੇ ਨਾਲ ਸੂਬੇ ਦਾ ਨਾਂ ਰੌਸ਼ਨ ਕਰਨ ਵਿਚ ਯੋਗਦਾਨ ਪਾਉਣ ਵਾਲੇ ਖਿਡਾਰੀਆਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕੇ ਜਾਣਗੇ। ਮੁੱਖ ਮੰਤਰੀ ਨੇ ਹਰਮਨਪ੍ਰੀਤ ਵੱਲੋਂ ਨਾਬਾਦ ਰਹਿੰਦਿਆਂ 115 ਗੇਂਦਾਂ ’ਤੇ 171 ਦੌੜਾਂ ਬਣਾਉਣ ਅਤੇ ਮਹਿਲਾ ਕ੍ਰਿਕਟ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਿਚ ਦੂਜੇ ਨੰਬਰ ਦੀ ਖਿਡਾਰਨ ਬਣਨ ਦੀ ਭਰਵੀਂ ਸ਼ਲਾਘਾ ਕੀਤੀ ਕਿਉਂ ਜੋ ਇਸ ਵਿਲੱਖਣ ਪ੍ਰਦਰਸ਼ਨ ਸਦਕਾ ਹੀ ਭਾਰਤ ਵਿਸ਼ਵ ਕੱਪ ਦੇ ਫਾਈਨਲ ਵਿਚ ਪਹੁੰਚਿਆ।
ਇੰਗਲੈਂਡ ਤੇ ਭਾਰਤ ਦਰਮਿਆਨ ਫਾਈਨਲ ਮੈਚ ਲਈ ਹਰਮਨਪ੍ਰੀਤ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਉਹ ਆਪਣੀ ਸ਼ਾਨਦਾਰ ਖੇਡ ਦੇ ਸਫਰ ਨੂੰ ਜਾਰੀ ਰੱਖਦਿਆਂ ਮੁਲਕ ਦਾ ਨਾਂ ਦੁਨੀਆਂ ਭਰ ਵਿਚ ਹੋਰ ਚਮਕਾਏਗੀ। ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਆਖਿਆ ਕਿ ਹਰਮਨਪ੍ਰੀਤ ਨੇ ਖੇਡਾਂ ਦੇ ਖੇਤਰ ਵਿਚ ਆਪਣੀ ਵਿਲੱਖਣਤਾ ਰਾਹੀਂ ਸਮੁੱਚੇ ਮੁਲਕ ਦਾ ਮਾਣ ਵਧਾਇਆ ਹੈ ਅਤੇ ਉਹ ਹਮੇਸ਼ਾ ਨੌਜਵਾਨ ਖਿਡਾਰੀਆਂ ਲਈ ਪ੍ਰੇਰਨਾ ਦਾ ਸਰੋਤ ਰਹੇਗੀ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…