Share on Facebook Share on Twitter Share on Google+ Share on Pinterest Share on Linkedin ਬਿਜਲਈ ਵਾਹਨਾਂ ’ਤੇ ਕੇਂਦਰਿਤ ਹੋਵੇਗੀ ਨਵੀਂ ਸਨਅਤੀ ਨੀਤੀ: ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨੇ ਮਹਿੰਦਰਾ ਐਂਡ ਮਹਿੰਦਰਾ ਦੇ ਮੈਨੇਜਿੰਗ ਡਾਇਰੈਕਟਰ ਪਵਨ ਗੋਇਨਕਾ ਨੂੰ ਦਿੱਤਾ ਭਰੋਸਾ ਗੋਇਨਕਾ ਨੇ ਕੰਪਨੀ ਵੱਲੋਂ ਪੰਜਾਬ ਵਿੱਚ ਨਿਵੇਸ਼ ਕਰਨ ਅਤੇ ਕਾਰੋਬਾਰ ਵਧਾਉਣ ਦਾ ਪ੍ਰਸਤਾਵ ਕੀਤਾ ਮੁੱਖ ਮੰਤਰੀ ਕੋਲ ਪੇਸ਼ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 24 ਜੁਲਾਈ: ਪੰਜਾਬ ਸਰਕਾਰ ਵੱਲੋਂ ਵਾਤਾਵਰਨ ਪੱਖੀ ਬਿਜਲਈ ਵਾਹਨਾਂ ਨੂੰ ਵੱਡੀ ਪੱਧਰ ’ਤੇ ਉਤਸ਼ਾਹਤ ਕਰਨ ਦੀ ਯੋਜਨਾ ਬਣਾਈ ਗਈ ਹੈ ਅਤੇ ਨਵੀਂ ਸਨਅਤੀ ਨੀਤੀ ਵੀ ਵਿਸ਼ੇਸ਼ ਤੌਰ ’ਤੇ ਇਸ ’ਤੇ ਕੇਂਦਰਿਤ ਹੋਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਵੇਰੇ ਇੱਥੇ ਮਹਿੰਦਰਾ ਤੇ ਮਹਿੰਦਰਾ ਦੇ ਮੈਨੇਜਿੰਗ ਡਾਇਰੈਕਟਰ ਪਵਨ ਗੋਇਨਕਾ ਨਾਲ ਇਕ ਮੀਟਿੰਗ ਦੌਰਾਨ ਇਹ ਪ੍ਰਗਟਾਵਾ ਕੀਤਾ। ਗੋਇਨਕਾ ਨੇ ਆਖਿਆ ਕਿ ਉਨ੍ਹਾਂ ਦੀ ਕੰਪਨੀ ਪੰਜਾਬ ਵਿੱਚ ਬਿਜਲਈ ਵਾਹਨਾਂ ਨੂੰ ਉਤਸ਼ਾਹਤ ਕਰਨ ਵਿੱਚ ਨਿਵੇਸ਼ ਲਈ ਇਛੁੱਕ ਹੈ। ਉਨ੍ਹਾਂ ਨੇ ਸੂਬੇ ਵਿੱਚ ਗਰੀਨ ਐਨਰਜੀ ਦਾ ਪਾਸਾਰ ਅਤੇ ਰੁਜ਼ਗਾਰ ਦੀ ਪੈਦਾਵਾਰ ਲਈ ਬਿਜਲਈ ਟੈਕਸੀਆਂ ਲਿਆਉਣ ਦੀ ਸਕੀਮ ਬਣਾਉਣ ਦਾ ਸੁਝਾਅ ਦਿੱਤਾ। ਮੁੱਖ ਮੰਤਰੀ ਨੇ ਦੱਸਿਆ ਕਿ ਚੀਨ ਦੀ ਕੰਪਨੀ ਯਿਨਲੌਂਗ ਨੇ ਹਾਲ ਹੀ ਵਿੱਚ ਸੂਬੇ ’ਚ ਬਿਜਲਈ ਕਾਰਾਂ ਅਤੇ ਬੱਸਾਂ ਦੀ ਸ਼ੁਰੂਆਤ ਕਰਨ ਦੀ ਸੰਭਾਵਨਾ ਬਾਰੇ ਉਨ੍ਹਾਂ ਨਾਲ ਵਿਚਾਰ ਕੀਤੀ ਸੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬਿਜਲਈ ਟੈਕਸੀਆਂ ਲਈ ਓਲਾ ਨਾਲ ਗੱਲਬਾਤ ਚਲਾਈ ਜਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਿਜਲਈ ਵਾਹਨਾਂ ਨੂੰ ਰਵਾਇਤੀ ਵਾਹਨਾਂ ਦਾ ਬਦਲ ਬਣਾਉਣ ਦੀ ਇਛੁੱਕ ਹੈ ਕਿਉਂ ਜੋ ਪੈਟਰੋਲ ਤੇ ਡੀਜ਼ਲ ’ਤੇ ਚਲਦੇ ਵਾਹਨ ਵੱਧ ਪ੍ਰਦੂਸ਼ਣ ਦਾ ਕਾਰਨ ਬਣਦੇ ਹਨ। ਮੀਟਿੰਗ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਊਬਰ ਵਾਂਗ ਟਰੈਕਟਰਾਂ ਲਈ ਵੀ ਟਰਿੰਗੋ ਨਾਂ ਦੀ ਐਪ ਸ਼ੁਰੂ ਕਰਨ ਦੇ ਪ੍ਰਸਤਾਵ ’ਤੇ ਵਿਚਾਰ ਕੀਤੀ ਗਈ। ਬੁਲਾਰੇ ਨੇ ਦੱਸਿਆ ਕਿ ਇਹ ਐਪ ਟਰੈਕਟਰ ਮਾਲਕਾਂ ਨੂੰ ਆਪਣਾ ਵਾਹਨ ਕਿਰਾਏ ’ਤੇ ਦੇਣ ਦੇ ਯੋਗ ਬਣਾਏਗੀ। ਸ੍ਰੀ ਗੋਇਨਕਾ ਵੱਲੋਂ ਪੰਜਾਬ ਵਿੱਚ ਆਪਣੇ ਟਰੈਕਟਰ ਯੂਨਿਟਾਂ ਦੇ ਪਾਸਾਰ ਲਈ ਕੀਤੀ ਅਪੀਲ ’ਤੇ ਮੁੱਖ ਮੰਤਰੀ ਨੇ ਹਾਂ-ਪੱਖੀ ਹੁੰਗਾਰਾ ਭਰਦਿਆਂ ਇਸ ਸਬੰਧ ਵਿੱਚ ਤਜਵੀਜ਼ ਸੌਂਪਣ ਲਈ ਆਖਿਆ। ਮੁੱਖ ਮੰਤਰੀ ਨੇ ਕੰਪਨੀ ਨੂੰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਸੂਬਾ ਸਰਕਾਰ ਦੇ ਯਤਨਾਂ ਲਈ ਸਹਾਇਤਾ ਕਰਨ ਦੀ ਅਪੀਲ ਕੀਤੀ। ਕੰਪਨੀ ਨੇ ਨੌਕਰੀਆਂ ਸਿਰਜਣ ਲਈ ਆਈ.ਟੀ. ਸੈਕਟਰ ਵਿੱਚ ਅਥਾਹ ਸਮਰਥਾ ਦੱਸਿਆ ਤਾਂ ਮੁੱਖ ਮੰਤਰੀ ਨੇ ਮੁਹਾਲੀ ਵਿੱਚ ਬੀ.ਪੀ.ਓ. ਦੀ ਸਥਾਪਨਾ ਵਿੱਚ ਟੈੱਕ ਮਹਿੰਦਰਾ ਨੂੰ ਮਦਦ ਦੀ ਪੇਸ਼ਕਸ਼ ਕੀਤੀ। ਰੁਜ਼ਗਾਰ ਦੇ ਮੌਕੇ ਪੈਦਾ ਕਰਨ ਨੂੰ ਸੂਬੇ ਲਈ ਵੱਡੀ ਚੁਣੌਤੀ ਦੱਸਦਿਆਂ ਮੁੱਖ ਮੰਤਰੀ ਨੇ ਸ੍ਰੀ ਗੋਇਨਕਾ ਨੂੰ ਮੁਹਾਲੀ ਵਿੱਚ ਲਾਏ ਜਾ ਰਹੇ ਰੁਜ਼ਗਾਰ ਮੇਲੇ ਵਿੱਚ ਕੰਪਨੀ ਦੀ ਭਰਵੀਂ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ। ਸ੍ਰੀ ਗੋਇਨਕਾ ਮੁਤਾਬਕ ਮਹਿੰਦਰਾ ਐਂਡ ਮਹਿੰਦਰਾ ਨੇ ਬਰਾਮਦ ਕਰਨ ਲਈ ਆਲੂਆਂ ਦਾ ਬੀਜ ਵਿਕਸਤ ਕਰਨ ਵਿੱਚ ਦਿਲਚਸਪੀ ਦਿਖਾਈ। ਮੁੱਖ ਮੰਤਰੀ ਨੇ ਬਾਗਬਾਨੀ ਤੇ ਫੁੱਲ ਦੀ ਕਾਸ਼ਤ ਰਾਹੀਂ ਫਸਲੀ ਵੰਨ-ਸੁਵੰਨਤਾ ਨੂੰ ਉਤਸ਼ਾਹਤ ਕਰਨ ਲਈ ਆਪਣੇ ਸਟੈਂਡ ਨੂੰ ਦੁਹਰਾਉਂਦਿਆਂ ਫਸਲੀ ਚੱਕਰ ਨੂੰ ਤੋੜਨ ਦੀ ਲੋੜ ’ਤੇ ਜ਼ੋਰ ਦਿੱਤਾ ਤਾਂ ਕਿ ਕਿਸਾਨਾਂ ਨੂੰ ਕਰਜ਼ੇ ਦੇ ਭਾਰ ਤੋਂ ਮੁਕਤ ਕੀਤਾ ਜਾ ਸਕੇ। ਮੁੱਖ ਮੰਤਰੀ ਨੇ ਉਨ੍ਹਾਂ ਦੀ ਮੁਬੰਈ ਫੇਰੀ ਦੌਰਾਨ ਸ੍ਰੀ ਗੋਇਨਕਾ ਵੱਲੋਂ ਅਬੋਹਰ ਵਿੱਚ ਰੱਖਿਆ ਪ੍ਰਾਜੈਕਟ ਸਥਾਪਤ ਕਰਨ ਬਾਰੇ ਅਨੰਦ ਮਹਿੰਦਰਾ ਨੂੰ ਦਿੱਤੇ ਸੁਝਾਅ ਬਾਰੇ ਵੀ ਚੇਤੇ ਕਰਵਾਇਆ। ਗੋਇਨਕਾ ਨੇ ਦੱਸਿਆ ਕਿ ਕੰਪਨੀ ਇਸ ਦੀ ਸੰਭਾਵਨਾ ਤਲਾਸ਼ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਰਣਜੀਤ ਸਾਗਰ ਡੈਮ ਰਿਜ਼ੌਰਟ ਨੂੰ ਵਿਕਸਤ ਕਰਨ ਲਈ ਕੰਪਨੀ ਦੀ ਤਜਵੀਜ਼ ’ਤੇ ਵੀ ਵਿਚਾਰ ਕੀਤੀ ਜਾ ਰਹੀ ਹੈ। ਮੁੰਬਈ ਵਿੱਚ ਹੋਈ ਗੱਲਬਾਤ ਨੂੰ ਅੱਗੇ ਵਧਾਉਂਦਿਆਂ ਦੋਵਾਂ ਧਿਰਾਂ ਨੇ ਹੰਗਾਮੀ ਸੇਵਾਵਾਂ ਲਈ ਉੱਤਰ ਪ੍ਰਦੇਸ਼ ਵਿੱਚ ਚੱਲ ਰਹੀ ਡਾਇਲ 100 ਦੀ ਸਹੂਲਤ ਪੰਜਾਬ ਵਿੱਚ ਸ਼ੁਰੂ ਕਰਨ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਤਾਂ ਕਿ ਤੁਰੰਤ ਹੰਗਾਮੀ ਸੇਵਾਵਾਂ ਮੁਹੱਈਆ ਕਰਵਾ ਕੇ ਲੋਕਾਂ ਦੀਆਂ ਵਿਸ਼ੇਸ਼ ਲੋੜਾਂ ਸਮੇਤ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਗ੍ਰਹਿ ਤੇ ਪੁਲੀਸ ਵਿਭਾਗਾਂ ਵੱਲੋਂ ਤਜਵੀਜ਼ ਦਾ ਅਧਿਐਨ ਕੀਤਾ ਜਾ ਰਿਹਾ ਹੈ। ਕੰਪਨੀ ਨੇ ਸਨਅਤੀ ਕਾਮਿਆਂ ਲਈ ਸਿਖਲਾਈ ਸੰਸਥਾਵਾਂ ਸਥਾਪਤ ਕਰਨ ਵਿੱਚ ਦਿਲਚਸਪੀ ਜ਼ਾਹਰ ਕੀਤੀ ਜਿਸ ਲਈ ਮੁੱਖ ਮੰਤਰੀ ਨੇ ਨਵੀਂ ਸੰਸਥਾ ਬਣਾਉਣ ਜਾਂ ਮੌਜੂਦਾ ਆਈ.ਟੀ.ਆਈ. ਨਾਲ ਸਮਝੌਤਾ ਕਰਨ ਦਾ ਸੁਝਾਅ ਦਿੱਤਾ। ਕੰਪਨੀ ਵੱਲੋਂ ਲੁਧਿਆਣਾ ਵਿੱਚ ਮਹਿੰਦਰਾ ਵਰਲਡ ਯੂਨੀਵਰਸਿਟੀ ਸਥਾਪਤ ਕਰਨ ਦੀ ਬਣਾਈ ਯੋਜਨਾ ’ਤੇ ਵੀ ਵਿਚਾਰ ਕੀਤੀ ਗਈ। ਇਸ ਤੋਂ ਪਹਿਲਾਂ ਗੋਇਨਕਾ ਨੇ ਮੁੱਖ ਮੰਤਰੀ ਵੱਲੋਂ ਆਪਣੇ ਪਿਛਲੇ ਕਾਰਜਕਾਲ ਦੌਰਾਨ ਸੂਬੇ ਵਿੱਚ ਕੰਪਨੀ ਨੂੰ ਆਪਣਾ ਕਾਰੋਬਾਰ ਸਥਾਪਤ ਕਰਨ ਵਿੱਚ ਦਿੱਤੇ ਸਹਿਯੋਗ ਲਈ ਵੀ ਉਨ੍ਹਾਂ ਦਾ ਧੰਨਵਾਦ ਕੀਤਾ। ਪੰਜਾਬ ਵਿੱਚ 6000 ਲੋਕ ਸਿੱਧੇ ਅਤੇ 30,000 ਲੋਕ ਅਸਿੱਧੇ ਤੌਰ ’ਤੇ ਕੰਪਨੀ ਵਿੱਚ ਨੌਕਰੀ ਕਰ ਰਹੇ ਹਨ ਅਤੇ ਸੂਬੇ ਤੋਂ ਕੰਪਨੀ ਨੂੰ ਮੌਜੂਦਾ ਸਮੇਂ 6000 ਕਰੋੜ ਦੀ ਆਮਦਨ ਹੁੰਦੀ ਹੈ। ਮੁੱਖ ਮੰਤਰੀ ਨਾਲ ਉਨ੍ਹਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਅਤੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਹਾਜ਼ਰ ਸਨ। ਮੀਟਿੰਗ ਵਿੱਚ ਵਿੱਤ ਸਕੱਤਰ ਏ.ਕੇ. ਸਿਨਹਾ, ਐਡੀਸ਼ਨਲ ਸੀ.ਈ.ਓ. ਨਿਵੇਸ਼ ਪੰਜਾਬ ਸ਼ਰੂਤੀ ਸਿੰਘ, ਮਹਿੰਦਰਾ ਐਂਡ ਮਹਿੰਦਰਾ ਲਿਮਟਡ ਦੇ ਐਮ.ਡੀ. ਡਾ. ਪਵਨ ਗੋਇਨਕਾ, ਮਹਿੰਦਰਾ ਐਂਡ ਮਹਿੰਦਰਾ ਦੇ ਖੇਤੀ ਸਾਜ਼ੋ-ਸਾਮਾਨ ਸੈਕਟਰ ਦੇ ਮੁਖੀ ਰਾਜੇਸ਼ ਜੇਜੁਰਿਕਰ, ਕੰਪਨੀ ਦੇ ਸਵਰਾਜ ਡਵੀਜ਼ਨ ਦੇ ਸੀ.ਓ.ਓ. ਵਿਰੇਨ ਪੋਪਲੀ, ਕੰਪਨੀ ਦੇ ਸਵਰਾਜ ਡਵੀਜ਼ਨ ਦੇ ਈ.ਆਰ. ਤੇ ਸੀ.ਐਸ.ਆਰ ਦੇ ਉਪ ਮੁਖੀ ਪ੍ਰਮੋਦ ਲਾਂਬਾ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ