nabaz-e-punjab.com

ਉਦਯੋਗਿਕ ਖੇਤਰ ਫੇਜ਼-7 ਵਿੱਚ ਭਾਰਤੀਯ ਸਟੇਟ ਬੈਂਕ ਵਿੱਚ ਵਾਪਰੀ ਦਿਨ ਦਿਹਾੜੇ ਲੁੱਟ ਦੀ ਵਾਰਦਾਤ

ਇਕੱਲੇ ਨੌਜਵਾਨ ਨੇ ਦਿੱਤਾ ਲੁੱਟ ਦੀ ਵਾਰਦਾਤ ਨੂੰ ਅੰਜਾਮ, ਲੁੱਟ ਦੀ ਘਟਨਾ ਸੀਸੀਟੀਵੀ ਕੈਮਰੇ ’ਚ ਹੋਈ ਕੈਦ, ਪੁਲੀਸ ਨੂੰ ਨਹੀਂ ਮਿਲਿਆ ਸੁਰਾਗ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜੁਲਾਈ:
ਸਥਾਨਕ ਉਦਯੋਗਿਕ ਖੇਤਰ ਫੇਜ਼-7 ਵਿੱਚ ਦੇ ਸ਼ੋਅਰੂਮਾਂ ਵਿੱਚ ਸਥਿਤ ਭਾਰਤੀਯ ਸਟੇਟ ਬੈਂਕ ਦੀ ਬ੍ਰਾਂਚ ਵਿੱਚ ਅੱਜ ਦੁਪਹਿਰ ਵੇਲੇ ਇੱਕ ਅਣਪਛਾਤੇ ਨੌਜਵਾਨ ਵੱਲੋਂ ਦਿਨ ਦਿਹਾੜੇ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਬੈਂਕ ਵਿੱਚੋਂ ਲੁੱਟੀ ਗਈ ਰਕਮ ਬਾਰੇ ਪੂਰੀ ਜਾਣਕਾਰੀ ਹਾਸਲ ਨਹੀਂ ਹੋ ਪਾਈ ਹੈ ਪ੍ਰੰਤੂ ਸੂਤਰਾਂ ਦਾ ਕਹਿਣਾ ਹੈ ਕਿ ਲੁਟੇਰਾ ਲਗਭਗ ਸੱਤ ਲੱਖ ਰੁਪਏ ਦੀ ਨਗਦੀ ਲੈ ਕੇ ਭੱਜ ਗਿਆ ਅਤੇ ਬੈਂਕ ਦਾ ਸਟਾਫ਼ ਦੇਖਦਾ ਹੀ ਰਹਿ ਗਿਆ। ਪੁਲੀਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਅਨੁਸਾਰ ਇਹ ਕਾਰਵਾਈ ਬੈਂਕ ਦੀ ਕਥਿਤ ਲਾਪ੍ਰਵਾਹੀ ਕਾਰਨ ਵਾਪਰੀ ਹੈ ਕਿਉਂਕਿ ਬੈਂਕ ਵਿੱਚ ਨਾ ਕੋਈ ਸੁਰੱਖਿਆ ਗਾਰਡ ਤਾਇਨਾਤ ਹੈ ਅਤੇ ਨਾ ਹੀ ਐਮਰਜੈਂਸੀ ਅਲਾਰਮ ਲੱਗਿਆ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਫਿਲਮੀ ਅੰਦਾਜ ਵਿੱਚ ਅੰਜਾਮ ਦਿੱਤੀ ਗਈ ਲੁੱਟ ਦੀ ਇਸ ਵਾਰਦਾਤ ਨੂੰ ਦੋ ਸਵਾ ਦੋ ਵਜੇ ਦੇ ਕਰੀਬ ਬੈਂਕ ਵਿੱਚ ਦਾਖ਼ਲ ਹੋਏ ਇੱਕ ਅਣਪਛਾਤੇ ਨੌਜਵਾਨ ਵੱਲੋਂ ਅੰਜਾਮ ਦਿੱਤਾ ਗਿਆ। ਜਿਸ ਨੇ ਆਪਣਾ ਮੂੰਹ ਕੱਪੜੇ ਨਾਲ ਢੱਕਿਆ ਹੋਇਆ ਸੀ। ਇਸ ਨੌਜਵਾਨ ਨੇ ਬੈਂਕ ਵਿੱਚ ਦਾਖ਼ਲ ਹੁੰਦੇ ਸਾਰ ਪਿਸਤੌਲ ਕੱਢ ਕੇ ਫਾਇਰ ਕਰ ਦਿੱਤਾ ਅਤੇ ਬੈਂਕ ਕਰਮਚਾਰੀਆਂ ਨੂੰ ਇੱਕ ਪਾਸੇ ਖੜ੍ਹੇ ਹੋਣ ਦੀ ਚਿਤਾਵਨੀ ਦੇ ਕੇ ਨਕਦੀ ਉਸਦੇ ਹਵਾਲੇ ਕਰਨ ਲਈ ਆਖਿਆ ਗਿਆ। ਲੁਟੇਰੇ (ਜਿਸਨੇ ਪਿੱਠ ਤੇ ਬੈਗ ਟੰਗਿਆ ਹੋਇਆ ਸੀ) ਨੇ ਕੈਸ਼ ਕਾਊਂਟਰ ’ਤੇ ਜਾ ਕੇ ਸਾਰਾ ਕੈਸ਼ ਇਕੱਠਾ ਕਰਕੇ ਬੈਗ ਵਿੱਚ ਪਾਇਆ ਅਤੇ ਤੁਰਤ-ਫੁਰਤ ਵਿੱਚ ਨਕਦੀ ਲੈ ਕੇ ਬਾਹਰ ਨਿਕਲ ਗਿਆ। ਬੈਂਕ ਦੇ ਇੱਕ ਕਰਮਚਾਰੀ ਅਸ਼ਵਨੀ ਕੁਮਾਰ ਅਨੁਸਾਰ ਉਸ ਨੇ ਲੁਟੇਰੇ ਦੇ ਪਿੱਛੇ ਭੱਜ ਕੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਸ ਵੇਲੇ ਤੱਕ ਲੁਟੇਰਾ ਆਪਣੀ ਗੱਡੀ ਵਿੱਚ ਬੈਠ ਗਿਆ ਸੀ ਅਤੇ ਲੁਟੇਰੇ ਵੱਲੋਂ ਉਸ ਨੂੰ ਕਾਰ ਨਾਲ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਉਸ ਦੀ ਲੱਤ ਤੇ ਸੱਟ ਲੱਗੀ ਅਤੇ ਇਸ ਦੌਰਾਨ ਲੁਟੇਰਾ ਉੱਥੋਂ ਫਰਾਰ ਹੋ ਗਏ।
ਬੈਂਕ ਲੁੱਟਣ ਵਾਲੇ ਇਸ ਸਖਸ਼ ਦੀ ਉਮਰ 25-26 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਜਿਸਨੇ ਨੀਲੀ ਕਮੀਜ ਅਤੇ ਲਾਲ ਟੋਪੀ ਪਾਈ ਹੋਈ ਸੀ। ਇਸਨੇ ਮੂੰਹ ਤੇ ਰੁਮਾਲ ਬੰਨ੍ਹਿਆ ਹੋਇਆ ਸੀ ਅਤੇ ਇਸਦੀ ਤਸਵੀਰ ਬੈਂਕ ਦੇ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਮੌਕੇ ਤੇ ਪੁਲੀਸ ਅਧਿਕਾਰੀਆਂ ਵਲੋੱ ਸੀ ਸੀ ਟੀ ਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਸੀ। ਮੌਕੇ ’ਤੇ ਪਹੁੰਚੇ ਐਸਪੀ ਸਿਟੀ ਜਗਜੀਤ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਲੁੱਟ ਦੀ ਰਕਮ ਦੇ ਵੇਰਵੇ ਹਾਸਲ ਕੀਤੇ ਜਾ ਰਹੇ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਜਲਦੀ ਹੀ ਲੁੱਟ ਦੀ ਵਾਰਦਾਤ ਨੂੰ ਸੁਲਝਾ ਲਵੇਗੀ ਅਤੇ ਲੁਟੇਰਾ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Load More Related Articles
Load More By Nabaz-e-Punjab
Load More In Crime

Check Also

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ,…