nabaz-e-punjab.com

ਮੁਹਾਲੀ ਸ਼ਹਿਰ ਅਤੇ ਨੇੜਲੇ ਇਲਾਕਿਆਂ ਵਿੱਚ ਭਰਵੀਂ ਬਰਸਾਤ ਕਾਰਨ ਹੋਈ ਜਲ-ਥੱਲ, ਜਨ ਜੀਵਨ ਅਸਤ-ਵਿਅਸਤ

ਏਅਰਪੋਰਟ ਸਮੇਤ ਹੋਰ ਸੜਕਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਮੀਂਹ ਦੇ ਪਾਣੀ ਕਾਰਨ ਲੋਕ ਹੋਏ ਬੇਹੱਦ ਤੰਗ ਪ੍ਰੇਸ਼ਾਨ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜੁਲਾਈ:
ਸਾਹਿਬਜ਼ਾਦਾ ਅਜਰੀਤ ਸਿੰਘ ਨਗਰ ਅਤੇ ਨੇੜਲਿਆਂ ਇਲਾਕਿਆਂ ਵਿੱਚ ਅੱਜ ਪਈ ਭਰਵੀਂ ਬਰਸਾਤ ਕਾਰਨ ਹਰ ਪਾਸੇ ਜਲ ਥੱਲ ਹੋ ਗਈ। ਜਿਸ ਕਾਰਨ ਸਾਰੇ ਚੌਂਕਾਂ ਵਿਚ ਹੀ ਪਾਣੀ ਖੜ ਗਿਆ ਅਤੇ ਵੱਖ-ਵੱਖ ਸੜਕਾਂ ਨਹਿਰਾਂ ਦਾ ਰੂਪ ਧਾਰ ਗਈਆਂ। ਅੱਜ ਸਵੇਰੇ ਕਰੀਬ 9 ਵਜੇ ਬਰਸਾਤ ਪੈਣੀ ਸ਼ੁਰੂ ਹੋਈ ਸੀ ਜੋ ਕਿ ਬਾਅਦ ਦੁਪਹਿਰ ਤਕ ਪੂਰੀ ਰਫਤਾਰ ਨਾਲ ਪੈ ਰਹੀ ਸੀ। ਇਸ ਦੌਰਾਨ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਪੂਰੀ ਤਰ੍ਹਾ ਫੇਲ ਹੋ ਗਏ ਅਤੇ ਥਾਂ ਥਾਂ ਪਾਣੀ ਖੜ੍ਹਨ ਕਾਰਨ ਲੋਕਾਂ ਨੂੰ ਬੁਰੀ ਤਰ੍ਹਾਂ ਪ੍ਰੇਸ਼ਾਨ ਹੋਣਾ ਪਿਆ। ਇਸ ਦੌਰਾਨ ਮੁਹਾਲੀ ਸ਼ਹਿਰ ਦੀਆਂ ਸਾਰੀਆਂ ਹੀ ਸੜਕਾਂ ਨਹਿਰਾਂ ਦਾ ਰੂਪ ਧਾਰ ਗਈਆਂ। ਤੇਜ ਬਰਸਾਤ ਸਮੇਂ ਟਰੈਫ਼ਿਕ ਜਾਮ ਵੀ ਲੱਗ ਗਏ ਸਨ। ਵੱਡੀ ਗਿਣਤੀ ਵਾਹਨਾਂ ਵਿਚ ਸੜਕਾਂ ਤੇ ਖੜ੍ਹਾ ਬਰਸਾਤੀ ਪਾਣੀ ਪੈਣ ਕਾਰਨ ਉਹ ਸੜਕਾਂ ਉਪਰ ਹੀ ਬੰਦ ਹੋ ਗਏ ਸਨ। ਜਿਸ ਕਾਰਨ ਆਵਾਜਾਈ ਵਿਚ ਵੀ ਵਿਘਨ ਪੈਂਦਾ ਰਿਹਾ। ਇਸ ਬਰਸਾਤ ਕਾਰਨ ਸ਼ਹਿਰ ਦਾ ਜਨਜੀਵਨ ਪੂਰੀ ਤਰ੍ਹਾ ਅਸਤ ਵਿਅਸਤ ਹੋ ਗਿਆ। ਮੀਂਹ ਦੌਰਾਨ ਫੇਜ਼-11 ਦੇ ਐਲ ਆਈ ਜੀ, ਐਮ ਆਈ ਜੀ ਕੁਆਟਰਾਂ ਵਿੱਚ ਮੀਂਹ ਦਾ ਪਾਣੀ ਵੱਡੀ ਮਾਤਰਾ ਵਿੱਚ ਖੜਾ ਹੋ ਗਿਆ। ਇਸ ਇਲਾਕੇ ਦੀ ਸੜਕ ਨਹਿਰ ਦਾ ਰੂਪ ਧਾਰ ਕਰ ਗਈ। ਪਾਣੀ ਲੋਕਾਂ ਦੇ ਘਰਾਂ ਵਿੱਚ ਜਾ ਵੜ੍ਹਿਆ ਅਤੇ ਲੋਕ ਆਪਣੇ ਘਰਾਂ ਅੱਗੇ ਰੁਕਾਵਟਾਂ ਲਗਾ ਕੇ ਬਰਸਾਤੀ ਪਾਣੀ ਨੂੰ ਘਰਾਂ ਦੇ ਅੰਦਰ ਵੜਨ ਤੋਂ ਰੋਕਦੇ ਵੇਖੇ ਗਏ। ਸਾਬਕਾ ਕੌਂਸਲਰ ਸੁਖਮਿੰਦਰ ਸਿੰਘ ਬਰਨਾਲਾ ਨੇ ਕਿਹਾ ਕਿ ਸਥਾਨਕ ਲੋਕ ਪਿਛਲੇ ਲੰਮੇ ਅਰਸੇ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹਨ ਲੇਕਿਨ ਪ੍ਰਸ਼ਾਸਨ ਨੇ ਪਹਿਲੀਆਂ ਗਲਤੀਆਂ ਤੋਂ ਕੋਈ ਸਬਕ ਨਹੀਂ ਲਿਆ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀ ਤਕਨੀਕ ਤੋਂ ਅਣਜਾਣ ਜਾਪਦੇ ਹਨ।
ਇਸੇ ਤਰ੍ਹਾਂ ਸਥਾਨਕ ਫੇਜ਼-10 ਵਿੱਚ ਮੁੱਖ ਸੜਕ ਉੱਪਰ ਮੀਂਹ ਦਾ ਪਾਣੀ ਭਰ ਗਿਆ। ਜਿਸ ਕਾਰਨ ਕਾਫੀ ਸਮਾਂ ਆਵਾਜਾਈ ਵੀ ਠੱਪ ਰਹੀ। ਫੇਜ਼-10 ਦੇ ਕੁਆਟਰਾਂ ਵਿੱਚ ਪਾਣੀ ਦੀ ਨਿਕਾਸੀ ਸਹੀ ਤਰੀਕੇ ਨਾਲ ਨਾ ਹੋਣ ਕਾਰਨ ਉੱਥੇ ਕਈ ਘੰਟੇ ਪਾਣੀ ਸੜਕਾਂ ਉੱਪਰ ਹੀ ਖੜਾ ਰਿਹਾ। ਫੇਜ਼-9 ਦੇ ਐਚ ਈ ਕੁਆਟਰਾਂ ਅੱਗੇ ਵੀ ਭਾਰੀ ਬਰਸਾਤ ਪੈਣ ਕਾਰਨ ਵੱਡੀ ਮਾਤਰਾ ਵਿੱਚ ਪਾਣੀ ਖੜ੍ਹਾ ਰਿਹਾ। ਸੜਕਾਂ ਉੱਪਰ ਪਾਣੀ ਖੜਨ ਕਾਰਨ ਕਾਫੀ ਸਮਾਂ ਇਸ ਇਲਾਕੇ ਵਿੱਚ ਵੀ ਆਵਾਜਾਈ ਠੱਪ ਰਹੀ। ਸਥਾਨਕ ਫੇਜ਼-7 ਦੇ ਵਾਈ ਪੀ ਐਸ ਚੌਂਕ ਵਿੱਚ 2-2 ਫੁੱਟ ਤੱਕ ਬਰਸਾਤੀ ਪਾਣੀ ਖੜਾ ਹੋਣ ਕਰਕੇ ਉੱਥੇ ਆਵਾਜਾਈ ਕਾਫੀ ਸਮਾਂ ਠੱਪ ਰਹੀ ਅਤੇ ਕਾਫੀ ਲੰਮਾ ਜਾਮ ਲੱਗਿਆ ਰਿਹਾ। ਜਿਸ ਕਾਰਨ ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਸਨ। ਫੇਜ਼ 3ਬੀ-2 ਵਿੱਚ ਵੀ ਬਰਸਾਤ ਹੋਣ ਕਾਰਨ ਬੁਰਾ ਹਾਲ ਵੇਖਣ ਨੂੰ ਮਿਲਿਆ। ਮਿਉਂਸਪਲ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਰੋਡ ਗਲੀਆਂ ਦੀ ਸਮੇੱ ਸਿਰ ਸਫਾਈ ਨਾ ਹੋਣ ਕਾਰਨ ਬਰਸਾਤੀ ਪਾਣੀ ਦੀ ਨਿਕਾਸੀ ਸਹੀ ਤਰੀਕੇ ਨਾਲ ਨਹੀਂ ਹੋ ਸਕੀ। ਜਿਸ ਕਰਕੇ ਇਸ ਇਲਾਕੇ ਵਿੱਚ ਸੜਕਾਂ ਉੱਪਰ ਲੰਮਾਂ ਸਮਾਂ ਪਾਣੀ ਖੜਾ ਰਿਹਾ। ਫੇਜ਼-5 ਵਿੱਚ ਐਚ ਈ ਮਕਾਨਾਂ ਦੇ ਵਿੱਚ ਵੀ ਪਾਣੀ ਦਾਖਿਲ ਹੋ ਗਿਆ। ਜਿਸ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮਿਉਂਸਪਲ ਕੌਂਸਲਰ ਅਰੁਨ ਸ਼ਰਮਾ ਨੇ ਦੱਸਿਆ ਕਿ ਉਹ ਬਰਸਾਤ ਵਿੱਚ ਹੀ ਘੁੰਮ ਫਿਰ ਕੇ ਰੋਡ ਗਲੀਆਂ ਸਾਫ ਕਰਵਾਉੱਦੇ ਰਹੇ। ਜਿਸ ਕਾਰਨ ਬਰਸਾਤੀ ਪਾਣੀ ਦੀ ਨਿਕਾਸੀ ਹੋਈ।
ਸਿਥਾਨਕ ਫੇਜ਼-4 ਦੀ ਮੁੱਖ ਸੜਕ ਵੀ ਇਸ ਬਰਸਾਤ ਕਾਰਨ ਪਾਣੀ ਨਾਲ ਭਰ ਗਈ, ਜਿਸ ਕਾਰਨ ਕਾਫੀ ਸਮਾਂ ਟਰੈਫ਼ਿਕ ਵੀ ਰੁਕਿਆ ਰਿਹਾ ਅਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਮ੍ਹਣਾ ਕਰਨਾ ਪਿਆ। ਫੇਜ਼-2 ਅਤੇ 4 ਨੂੰ ਵੰਡਦੀ ਸੜਕ ਵੀ ਨਹਿਰ ਦਾ ਰੂਪ ਧਾਰਨ ਕਰ ਗਈ ਸੀ। ਫੇਜ਼-4 ਦੇ ਬੋਗਨਵਿਲੀਆ ਗਾਰਡਨ ਅਤੇ ਐਚ ਐਮ ਕੁਆਟਰਾਂ ਵਿਚਕਾਰਲੀ ਸੜਕ ਦਾ ਵੀ ਬੁਰਾ ਹਾਲ ਸੀ, ਹਰ ਪਾਸੇ ਹੀ ਬਰਸਾਤੀ ਪਾਣੀ ਖੜ੍ਹਾ ਸੀ। ਇਸ ਇਲਾਕੇ ਦੇ ਐਚ ਐਮ ਕੁਆਟਰਾਂ ਵਿੱਚ ਵੀ ਪਾਣੀ ਵੜ ਗਿਆ।
ਇਸੇ ਤਰ੍ਹਾਂ ਫੇਜ਼-1 ਦਾ ਵੀ ਬਰਸਾਤ ਕਾਰਨ ਬੁਰਾ ਹਾਲ ਹੋ ਗਿਆ। ਸਥਾਨਕ ਫੇਜ਼-6 ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੜਕਾਂ ਨਹਿਰ ਦਾ ਰੂਪ ਧਾਰਨ ਕਰ ਗਈਆਂ। ਸਰਕਾਰੀ ਕਾਲਜ ਅਤੇ ਸਿਵਲ ਹਸਪਤਾਲ ਨੂੰ ਜਾਂਦੀ ਸੜਕ ਉੱਪਰ ਡੇਢ ਡੇਢ ਫੁੱਟ ਪਾਣੀ ਖੜ੍ਹਾ ਸੀ, ਜਿਸ ਕਾਰਨ ਕਾਲਜ ਦੇ ਵਿਦਿਆਰਥੀਆਂ ਅਤੇ ਹਸਪਤਾਲ ਜਾਣ ਵਾਲੇ ਵਿਦਿਆਰਥੀਆਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮਿਉੱਸਪਲ ਕੌਂਸਲਰ ਆਰ ਪੀ ਸ਼ਰਮਾ ਨੇ ਦੱਸਿਆ ਕਿ ਉਹ ਪੈਂਦੀ ਬਰਸਾਤ ਵਿੱਚ ਲੋਕਾਂ ਨਾਲ ਇਲਾਕੇ ਵਿੱਚ ਘੁੰਮ ਕੇ ਰੋਡ ਗਲੀਆਂ ਦੀ ਸਫਾਈ ਕਰਵਾਉੱਦੇ ਰਹੇ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ।
ਇਸੇ ਤਰ੍ਹਾਂ ਪਿੰਡ ਕੁੰਭੜਾ ਦੇ ਸਰਕਾਰੀ ਸਕੂਲ ਵਿੱਚ ਵੀ ਬਰਸਾਤੀ ਪਾਣੀ ਵੜ ਗਿਆ। ਇਹ ਬਰਸਾਤੀ ਪਾਣੀ ਕਲਾਸ ਰੂਮਾਂ ਵਿੱਚ ਵੀ ਚਲਾ ਗਿਆ, ਜਿਸ ਕਰਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬਾਅਦ ਦੁਪਹਿਰ ਬਰਸਾਤ ਪੈਣੀ ਬੰਦ ਹੋਣ ਤੋਂ ਬਾਅਦ ਬਰਸਾਤੀ ਪਾਣੀ ਦੀ ਨਿਕਾਸੀ ਹੋਣੀ ਸ਼ੁਰੂ ਹੋ ਗਈ ਅਤੇ ਲੋਕਾਂ ਨੇ ਰਾਹਤ ਮਹਿਸੂਸ ਕੀਤੀ। ਦਲਿਤ ਨੇਤਾ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਪਿੰਡ ਵਾਸੀ ਸ਼ੁਰੂ ਤੋਂ ਅਨੇਕਾਂ ਸਮੱਸਿਆਵਾਂ ਦਾ ਸਾਹਮਣੇ ਕਰ ਰਹੇ ਹਨ ਲੇਕਿਨ ਪਹਿਲਾਂ ਅਕਾਲੀ ਸਰਕਾਰ ਅਤੇ ਹੁਣ ਕੈਪਟਨ ਸਰਕਾਰ ਵੱਲੋਂ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।
ਉਧਰ, ਅੱਜ ਪਈ ਭਰਵੀਂ ਬਰਸਾਤ ਕਾਰਨ ਮੁਹਾਲੀ ਤਹਿਸੀਲ ਕੰਪਲੈਕਸ ਵਿਚ ਵੀ ਪਾਣੀ ਭਰ ਗਿਆ, ਜਿਸ ਕਾਰਨ ਉਥੇ ਵਕੀਲਾਂ ਨੂੰ ਵੀ ਆਪਣਾ ਕੰਮ ਕਾਜ ਕਰਨ ਵਿਚ ਕਾਫੀ ਪ੍ਰੇਸਾਨੀ ਆਈ। ਐਡਵੋਕੇਟ ਹਰਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਤਹਿਸੀਲ ਕੰਪਲੈਕਸ ਵਿਚ ਬਣੇ ਵਕੀਲਾਂ ਦੇ ਸ਼ੈਡ ਵਿੱਚ ਬਰਸਾਤੀ ਪਾਣੀ ਭਰ ਜਾਣ ਕਾਰਨ ਸਾਰੇ ਵਕੀਲਾਂ ਦਾ ਹੀ ਕੰਮ ਕਾਜ ਬਹੁਤ ਪ੍ਰਭਾਵਿਤ ਹੋਇਆ ਅਤੇ ਅਦਾਲਤ ਵਿਚ ਕੰਮ ਧੰਦੇ ਆਏ ਲੋਕ ਵੀ ਪ੍ਰੇਸ਼ਾਨ ਹੁੰਦੇ ਰਹੇ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…