Share on Facebook Share on Twitter Share on Google+ Share on Pinterest Share on Linkedin ਕੈਪਟਨ ਤੇ ਪਰਿਵਾਰਕ ਮੈਂਬਰਾਂ ਵੱਲੋਂ ਰਾਜਮਾਤਾ ਦੀਆਂ ਅਸਥੀਆਂ ਕੀਰਤਪੁਰ ਸਾਹਿਬ ਵਿੱਚ ਜਲ ਪ੍ਰਵਾਹ ਸੋਨੀਆ ਗਾਂਧੀ ਨੇ ਕੈਪਟਨ ਨੂੰ ਪੱਤਰ ਲਿਖ ਕੇ ਰਾਜਮਾਤਾ ਦੇ ਵਿਛੋੜੇ ’ਤੇ ਦੁੱਖ ਪ੍ਰਗਟਾਇਆ, ਮਾਤਾ ਦੀ ਦੇਸ਼ ਭਗਤੀ ਦੀ ਸ਼ਲਾਘਾ ਅਮਨਦੀਪ ਸਿੰਘ ਸੋਢੀ ਕੀਰਤਪੁਰ ਸਾਹਿਬ\ਪਟਿਆਲਾ, 27 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਨੇ ਪ੍ਰਾਰਥਨਾਵਾਂ ਅਤੇ ਜਾਪ ਦੌਰਾਨ ਰਾਜਮਾਤਾ ਮਹਿੰਦਰ ਕੌਰ ਦੀਆਂ ਅਸਥੀਆਂ ਅੱਜ ਦੁਪਹਿਰ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਸਤਲੁਜ ਦਰਿਆ ਵਿੱਚ ਜਲ ਪ੍ਰਵਾਹ ਕਰ ਦਿੱਤੀਆਂ ਹਨ। ਅਸਥ ਘਾਟ ਵਿਖੇ ਰਣਇੰਦਰ ਸਿੰਘ ਵੱਲੋਂ ਰਾਜਮਾਤਾ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਵੇਲੇ ਕੈਪਟਨ ਅਮਰਿੰਦਰ ਸਿੰਘ ਆਪਣੇ ਪੁੱਤਰ ਅਤੇ ਸ਼ਾਹੀ ਪਰਿਵਾਰ ਦੇ ਹੋਰਨਾਂ ਮੈਂਬਰਾਂ ਨਾਲ ਖੜ੍ਹੇ ਸਨ। ਕੈਪਟਨ ਅਮਰਿੰਦਰ ਸਿੰਘ ਦੇ ਜਵਾਈ ਗੁਰਪਾਲ ਸਿੰਘ, ਉਨ੍ਹਾਂ ਦਾ ਦੋਹਤਾ ਨਿਰਵਾਨ ਸਿੰਘ ਅਤੇ ਪੋਤਰਾ ਯਾਦੂਇੰਦਰ ਸਿੰਘ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਦੀ ਛੋਟੀ ਭੈਣ ਦੇ ਪੁੱਤਰ ਹਰਸ਼ਦੀਪ ਸਿੰਘ ਢਿੱਲੋਂ ਵੀ ਰਾਜਮਾਤਾ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਮੌਕੇ ਹਾਜ਼ਰ ਸਨ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਨ ਗਏ ਅਤੇ ਉਸ ਤੋਂ ਬਾਅਦ ਲੰਗਰ ਹਾਲ ਵਿੱਚ ਲੰਗਰ ਛਕਿਆ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਭਰਾ ਮਾਲਵਿੰਦਰ ਸਿੰਘ, ਪੁੱਤਰ ਰਣਇੰਦਰ ਸਿੰਘ, ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ, ਸਿਹਤ ਮੰਤਰੀ ਬ੍ਰਹਮ ਮਹਿੰਦਰਾ, ਬਿਜਲੀ ਅਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ, ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ, ਦਿਹਾਤੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਵਿਧਾਇਕ ਬਲਬੀਰ ਸਿੰਘ ਸਿੱਧੂ, ਰਾਣਾ ਗੁਰਮੀਤ ਸਿੰਘ ਸੋਢੀ, ਵਿਜੇ ਇੰਦਰ ਸਿੰਗਲਾ, ਡਾ. ਰਾਜ ਕੁਮਾਰ, ਕੁਲਜੀਤ ਸਿੰਘ ਨਾਗਰਾ, ਹਰਦਿਆਲ ਸਿੰਘ ਕੰਬੋਜ ਅਤੇ ਰਮਨਜੀਤ ਸਿੰਘ ਸਿੱਕੀ ਵੀ ਹਾਜ਼ਰ ਸਨ। ਇਸ ਤੋਂ ਪਹਿਲਾਂ ਪਰਿਵਾਰ ਨੇ ਪਟਿਆਲਾ ਦੇ ਸ਼ਾਹੀ ਸਮਾਧਾਂ ਵਿਖੇ ਰਾਜਮਾਤਾ ਮਹਿੰਦਰ ਕੌਰ ਦੇ ਫੁੱਲ ਚੁਗੇ। ਰਾਜਮਾਤਾ ਮਹਿੰਦਰ ਕੌਰ ਦਾ ਲੰਮੀ ਬਿਮਾਰੀ ਤੋਂ ਬਾਅਦ ਪਟਿਆਲਾ ਵਿਖੇ ਦੇਹਾਂਤ ਹੋਣ ਪਿਛੋਂ ਮੰਗਲਵਾਰ ਨੂੰ ਸ਼ਾਹੀ ਸਮਾਧਾਂ ਵਿਖੇ ਸਸਕਾਰ ਕੀਤਾ ਗਿਆ ਸੀ। ਪਰਿਵਾਰ ਦੇ ਮੈਂਬਰ ਅੱਜ ਸਵੇਰੇ ਰਾਜਮਾਤਾ ਦੀਆਂ ਅਸਥੀਆਂ ਇਕੱਠੀਆਂ ਕਰਨ ਲਈ ਨਿਊ ਮੋਤੀ ਬਾਗ਼ ਮਹਿਲ ਤੋਂ ਚੱਲੇ ਅਤੇ ਸ਼ਾਹੀ ਸਮਾਧਾਂ ਨੂੰ ਜਾਂਦੇ ਹੋਏ ਰਾਹ ਵਿੱਚ ਵੱਡੀ ਗਿਣਤੀ ਵਿੱਚ ਦੋਸਤ-ਮਿੱਤਰ ਅਤੇ ਆਮ ਨਾਗਰਿਕ ਉਨ੍ਹਾਂ ਦੇ ਨਾਲ ਸ਼ਾਮਲ ਹੋ ਗਏ। ਸ਼ਮਸ਼ਾਨ ਘਾਟ ਵਿਖੇ ਭਾਵੁਕ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਭਰਾ ਮਾਲਵਿੰਦਰ ਸਿੰਘ, ਪੁੱਤਰ ਰਣਇੰਦਰ ਸਿੰਘ ਅਤੇ ਪੋਤਰੇ/ਦੋਹਤਰੇ ਨਿਰਵਾਨ ਸਿੰਘ, ਅੰਗਦ ਸਿੰਘ, ਯਾਦੂਇੰਦਰ ਸਿੰਘ ਅਤੇ ਹੋਰ ਰਿਸ਼ਤੇਦਾਰਾਂ ਨਾਲ ਰਲ ਕੇ ਰਾਜਮਾਤਾ ਦੀਆਂ ਅਸਥੀਆਂ ਚੁਗੀਆਂ। ਉਹਨਾਂ ਨੇ ਬਾਅਦ ਵਿੱਚ ਵਿਛੜੀ ਆਤਮਾ ਦੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ। ਇਸ ਤੋਂ ਬਾਅਦ ਉਹ ਅਸਥੀਆਂ ਨੂੰ ਫੁੱਲਾਂ ਨਾਲ ਲੱਦੇ ਹੋਏ ਵਾਹਨ ਰਾਹੀਂ ਪਵਿੱਤਰ ਕੀਰਤਪੁਰ ਸਾਹਿਬ ਲਿਜਾਣ ਲਈ ਚੱਲ ਪਏ। ਰਾਜਮਾਤਾ ਦੇ ਪੋਤੇ ਅਤੇ ਮੁੱਖ ਮੰਤਰੀ ਦੇ ਬੇਟੇ ਰਣਇੰਦਰ ਸਿੰਘ ਨੇ ਅਸਥੀਆਂ ਵਾਲਾ ਕਲਸ਼ ਆਪਣੀ ਗੋਦ ਵਿੱਚ ਰੱਖਿਆ ਹੋਇਆ ਸੀ ਅਤੇ ਮੁੱਖ ਮੰਤਰੀ ਦੀ ਅਗਵਾਈ ਵਿੱਚ ਪਰਿਵਾਰ ਸ਼ਾਹੀ ਸਮਾਧਾਂ ਤੋਂ ਕੀਰਤਪੁਰ ਸਾਹਿਬ ਲਈ ਰਵਾਨਾ ਹੋਇਆ। ਉਧਰ, ਕਾਂਗਰਸ ਦੇ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੇ ਰਾਜਮਾਤਾ ਮਹਿੰਦਰ ਕੌਰ ਦੇ ਵਿਛੋੜੇ ’ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਉਨ੍ਹਾਂ ਵੱਲੋਂ ਪਾਰਟੀ ਅਤੇ ਦੇਸ਼ ਲਈ ਦਿੱਤੇ ਵਡਮੱੁਲੇ ਯੋਗਦਾਨ ਦੇ ਨਾਲ-ਨਾਲ ਉਨ੍ਹਾਂ ਦੀ ਦੇਸ਼ ਭਗਤੀ ਪ੍ਰਤੀ ਦ੍ਰਿੜ੍ਹਤਾ ਨੂੰ ਵੀ ਯਾਦ ਕੀਤਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੇ ਇਕ ਸ਼ੋਕ ਪੱਤਰ ਵਿੱਚ ਸ੍ਰੀਮਤੀ ਸੋਨੀਆ ਗਾਂਧੀ ਨੇ ਰਾਜਮਾਤਾ ਨੂੰ ਇਕ ਅਜਿਹੀ ਅੌਰਤ ਦੱਸਿਆ ਜਿਸ ਨੇ ਆਪਣਾ ਜੀਵਨ ਸ਼ਾਨਦਾਰ, ਸਮਰਪਣ ਅਤੇ ਗੌਰਵਮਈ ਢੰਗ ਨਾਲ ਜੀਵਿਆ ਅਤੇ ਕਾਂਗਰਸ ਪਾਰਟੀ ਅਤੇ ਦੇਸ਼ ਪ੍ਰਤੀ ਸੇਵਾਵਾਂ ਨੂੰ ਦ੍ਰਿੜ੍ਹਤਾ ਨਾਲ ਨਿਭਾਇਆ। ਸ੍ਰੀਮਤੀ ਸੋਨੀਆ ਗਾਂਧੀ ਨੇ ਆਪਣੇ ਪੱਤਰ ਵਿਚ ਲਿਖਿਆ ਹੈ, ‘‘ਉਨ੍ਹਾਂ ਨੇ ਰਾਜ ਸਭਾ ਅਤੇ ਲੋਕ ਸਭਾ ਦੇ ਸਾਲਾਂਬੱਧੀ ਮੈਂਬਰ ਰਹਿੰਦੇ ਹੋਏ ਦੇਸ਼ ਭਗਤੀ ਪ੍ਰਤੀ ਅਟੱਲ ਦ੍ਰਿੜ੍ਹਤਾ ਦਾ ਪ੍ਰਗਟਾਵਾ ਕੀਤਾ ਅਤੇ ਚੰਗੇ ਨਾਗਰਿਕ ਵਾਲੀਆਂ ਕਦਰਾਂ-ਕੀਮਤਾਂ ਰਾਹੀਂ ਸਿੱਖਿਆ ਦੇ ਪਾਸਾਰ ਲਈ ਆਪਣੀ ਵਚਨਬੱਧਤਾ ਬਣਾਈ ਰੱਖੀ।’’ ਉਨ੍ਹਾਂ ਕਿਹਾ ਕਿ ਰਾਜਮਾਤਾ ਦਾ ਸਿਆਸੀ ਗਲਿਆਰਿਆਂ ਵਿੱਚ ਬਹੁਤ ਮਾਣ-ਸਤਿਕਾਰ ਸੀ। ਸ੍ਰੀਮਤੀ ਸੋਨੀਆ ਗਾਂਧੀ ਨੇ ਅੱਗੇ ਲਿਖਿਆ ਕਿ ਰਾਜਮਾਤਾ ਨੇ ਲੰਮਾ ਅਤੇ ਅਸਰਦਾਇਕ ਜੀਵਨ ਜੀਵਿਆ ਅਤੇ ‘‘ਜਨਤਕ ਜੀਵਨ ਵਿਚ ਤੁਹਾਡਾ ਆਪਣਾ ਯੋਗਦਾਨ ਲਾਜ਼ਮੀ ਤੌਰ ’ਤੇ ਉਨ੍ਹਾਂ ਵਾਸਤੇ ਬਹੁਤ ਹੀ ਮਾਣ ਅਤੇ ਖੁਸ਼ੀ ਵਾਲਾ ਸਰੋਤ ਹੋਵੇਗਾ।’’ ਅਖੀਰ ਵਿੱਚ ਉਨ੍ਹਾਂ ਨੇ ਰਾਜਮਾਤਾ ਦੀ ਰੂਹ ਦੀ ਸ਼ਾਂਤੀ ਲਈ ਕਾਮਨਾ ਕੀਤੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ