nabaz-e-punjab.com

ਪੰਜਾਬ ਵਿਜੀਲੈਂਸ ਬਿਊਰੋ ਨੇ ਸੋਹਾਣਾ ਥਾਣੇ ’ਚੋਂ ਪੁੱਟਿਆ ਰਿਸ਼ਵਤਖੋਰੀ ਦਾ ਬੂਟਾ

ਸੋਹਾਣਾ ਥਾਣੇ ਦੇ ਐਸਐਚਓ ਰਾਜਨ ਪਰਵਿੰਦਰ ਸਿੰਘ ਦੀ ਸ਼ੱਕੀ ਭੂਮਿਕਾ ਦੀ ਹੋਵੇਗੀ ਉੱਚ ਪੱਧਰੀ ਜਾਂਚ: ਵਿਜੀਲੈਂਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜੁਲਾਈ:
ਪੰਜਾਬ ਵਿਜ਼ੀਲੈਂਸ ਬਿਊਰੋ ਦੇ ਇੰਸਪੈਕਟਰ ਰਣਦੀਪ ਸ਼ਰਮਾ ਦੀ ਅਗਵਾਈ ਵਾਲੀ ਇੱਕ ਵਿਸ਼ੇਸ਼ ਟੀਮ ਵੱਲੋਂ ਸਨਿੱਚਰਵਾਰ ਨੂੰ ਸੋਹਾਣਾ ਥਾਣੇ ਦੇ ਏਐਸਆਈ ਬੂਟਾ ਸਿੰਘ ਨੂੰ 10 ਹਜ਼ਾਰ ਰਿਸ਼ਵਤ ਵੱਢੀ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਹੈ। ਬੂਟਾ ਸਿੰਘ ਵੱਲੋਂ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਮੁਲਜ਼ਮ ਦੀ ਜ਼ਬਤ ਕੀਤੀ ਕਾਰ ਰਿਲੀਜ਼ ਕਰਨ ਲਈ ਪੁਲੀਸ ਰਿਪੋਰਟ ਤਿਆਰ ਕਰਨ ਬਦਲੇ ਰਿਸ਼ਵਤ ਮੰਗੀ ਜਾ ਰਹੀ ਸੀ ਅਤੇ ਪੈਸੇ ਨਾ ਮਿਲਣ ਕਾਰਨ ਉਹ ਪੀੜਤ ਵਿਅਕਤੀ ਨੂੰ ਕਾਫੀ ਤੰਗ ਪ੍ਰੇਸ਼ਾਨ ਕਰਦਾ ਆ ਰਿਹਾ ਸੀ। ਵਿਜ਼ੀਲੈਂਸ ਦੀ ਟੀਮ ਵੱਲੋਂ ਏਐਸਆਈ ਬੂਟਾ ਸਿੰਘ ਨੂੰ ਟਰੈਪ ਲਗਾ ਕੇ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਦੇ ਖ਼ਿਲਾਫ਼ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਕੇਸ ਦਰਜ ਕੀਤਾ ਗਿਆ ਹੈ। ਵਿਜੀਲੈਂਸ ਨੇ ਇਹ ਕਾਰਵਾਈ ਹਰਿਆਣਾ ਦੇ ਵਸਨੀਕ ਮਿਹਰਬਾਨ ਸਿੰਘ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ। ਮੁਲਜ਼ਮ ਥਾਣੇਦਾਰ ਨੂੰ ਐਤਵਾਰ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਇਕੱਤਰ ਜਾਣਕਾਰੀ ਅਨੁਸਾਰ ਏਐਸਆਈ ਬੂਟਾ ਸਿੰਘ ਨੇ 6 ਜੂਨ 2017 ਨੂੰ ਮਿਹਰਬਾਨ ਸਿੰਘ ਦੇ ਖ਼ਿਲਾਫ਼ ਐਨਡੀਪੀਐਸ ਐਕਟ ਦਾ ਪਰਚਾ ਦਰਜ਼ ਕੀਤਾ ਸੀ। ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਵੱਲੋਂ ਮੁਲਜ਼ਮ ਦੀ ਇਕ ਸਿਆਜ ਕਾਰ ਵੀ ਜ਼ਬਤ ਕੀਤੀ ਗਈ ਸੀ। ਮਿਹਰਬਾਨ ਬੀਤੀ 23 ਜੁਲਾਈ ਨੂੰ ਜ਼ਮਾਨਤ ਮਿਲਣ ਕਾਰਨ ਜੇਲ੍ਹ ’ਚੋਂ ਛੁਟ ਗਿਆ ਸੀ ਅਤੇ ਉਸ ਨੇ ਗੱਡੀ ਰਿਲੀਜ ਕਰਵਾਉਣ ਲਈ ਅਦਾਲਤ ਵਿੱਚ ਪੇਪਰ ਦਾਖ਼ਲ ਕੀਤੇ ਸਨ। ਅਦਾਲਤ ਨੇ ਪੀੜਤ ਨੂੰ ਥਾਣੇ ਤੋਂ ਗੱਡੀ ਸਬੰਧੀ ਰਿਪੋਰਟ ਤਿਆਰ ਕਰਕੇ ਲਿਆਉਣ ਲਈ ਕਿਹਾ ਗਿਆ ਸੀ। ਜਾਂਚ ਅਧਿਕਾਰੀ ਬੂਟਾ ਸਿੰਘ ਨੇ ਮਿਹਰਬਾਨ ਤੋਂ ਰਿਪੋਰਟ ਤਿਆਰ ਕਰਨ ਬਦਲੇ 20 ਹਜ਼ਾਰ ਰੁਪਏ ਰਿਸ਼ਵਤ ਮੰਗ ਕਰ ਰਿਹਾ ਸੀ ਅਤੇ ਇਹ ਸੌਦਾ ਬਾਅਦ ਵਿੱਚ 10 ਹਜ਼ਾਰ ਰੁਪਏ ਵਿੱਚ ਤੈਅ ਹੋ ਗਿਆ। ਮਿਹਰਬਾਨ ਵੱਲੋਂ ਇਸ ਸਬੰਧੀ ਵਿਜੀਲੈਂਸ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਵਿਜੀਲੈਂਸ ਦੇ ਇੰਸਪੈਕਟਰ ਰਣਦੀਪ ਸ਼ਰਮਾ ਵੱਲੋਂ ਟਰੈਪ ਲਾਇਆ ਗਿਆ ਅਤੇ ਅੱਜ ਏਐਸਆਈ ਬੂਟਾ ਸਿੰਘ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਉਧਰ, ਵਿਜੀਲੈਂਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਥਾਣਾ ਮੁਖੀ ਰਾਜਨ ਪਰਵਿੰਦਰ ਸਿੰਘ ਦੀ ਵੀ ਕਥਿਤ ਸ਼ੱਕੀ ਭੂਮਿਕਾ ਦੀ ਜਾਂਚ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In Police

Check Also

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ ਨਬਜ਼-ਏ-ਪੰਜਾਬ, ਮੁਹਾਲੀ, 14 ਦਸੰਬ…