nabaz-e-punjab.com

ਤਰਕਸ਼ੀਲ ਸੁਸਾਇਟੀ ਵੱਲੋਂ ਐਮਆਈਏ ਭਵਨ ਵਿੱਚ ‘ਰਾਸ਼ਟਰਵਾਦ ਦੇ ਰਾਹ ਤੇ ਕੁਰਾਹ’ ਵਿਸ਼ੇ ’ਤੇ ਸੈਮੀਨਾਰ

ਹਿੰਸਾ ਅਤੇ ਵੱਖਵਾਦ ’ਤੇ ਟਿਕੇ ਰਾਸ਼ਟਰਵਾਦ ਦਾ ਘੇਰਾ ਸੀਮਤ- ਪ੍ਰੋ. ਅਪੂਰਵਾ ਨੰਦ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਅਗਸਤ:
ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਮੁਹਾਲੀ ਵੱਲੋਂ ਇੱਥੇ ‘ਰਾਸ਼ਟਰਵਾਦ ਦੇ ਰਾਹ ਤੇ ਕੁਰਾਹ’ ਵਿਸ਼ੇ ’ਤੇ ਸੈਮੀਨਾਰ ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਹਾਲ ਵਿੱਚ ਕਰਵਾਇਆ ਗਿਆ ਜਿਸ ਵਿੱਚ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਅਪੂਰਵਾ ਨੰਦ ਮੁੱਖ ਬੁਲਾਰੇੇ ਦੇ ਤੌਰ ’ਤੇ ਪੁੱਜੇ। ਉਹਨਾਂ ਇਤਿਹਾਸਿਕ ਤੱਤਾਂ ਦੇ ਹਵਾਲੇ ਨਾਲ ਕਿਹਾ ਕਿ ਦੇਸ਼ ਦੇ ਆਜ਼ਾਦੀ ਦੇ ਅੰਦੋਲਨ ਨੇ ਆਪਣੇ ਆਪ ਨੂੰ ਰਾਸ਼ਟਰਵਾਦ ਤੋਂ ਮੁਕਤ ਰੱਖਿਆ ਸੀ। ਉਹਨਾਂ ਕਿਹਾ ਕਿ ਮਹਾਤਮਾ ਗਾਂਧੀ, ਭਗਤ ਸਿੰਘ, ਜਵਾਹਰ ਲਾਲ ਨਹਿਰੂ ਦੇਸ਼ ਦੀ ਆਜ਼ਾਦੀ ਲਈ ਲੜਦੇ ਹੋਏ ਵੀ ਰਾਸ਼ਟਰਵਾਦ ਦੇ ਜਨੂੰਨ ਦੇ ਖ਼ਿਲਾਫ਼ ਸਨ ਅਤੇ ਰਵਿੰਦਰਨਾਥ ਟੈਗੋਰ ਰਾਸ਼ਟਰਵਾਦ ਦੇ ਸੱਭ ਤੋਂ ਵੱਡੇ ਆਲੋਚਕ ਸਨ। ਉਹਨਾਂ ਵਿਸ਼ੇ ਦੀ ਤਹਿ ਤੱਕ ਜਾਂਦਿਆਂ ਕਿਹਾ ਕਿ ਰਾਸ਼ਟਰਵਾਦ ਹਿੰਸਾ ਅਤੇ ਵੱਖਵਾਦ ’ਤੇ ਟਿਕਿਆ ਹੁੰਦਾ ਹੈ ਅਤੇ ਇਸ ਦਾ ਘੇਰਾ ਬਹੁਤ ਸੀਮਤ ਹੁੰਦਾ ਹੈ।
ਬੋਲਣ ਦੀ ਵਿਲੱਖਣ ਸ਼ੈਲੀ ਲਈ ਪ੍ਰਸਿੱਧ ਪ੍ਰੋਫੈਸਰ ਅਪੂਰਵਾ ਨੰਦ ਨੇ ਕਿਹਾ ਕਿ ਰਾਸ਼ਟਰਵਾਦ ਦੇ ਰਾਹ ’ਤੇ ਤੁਰਨ ਵਾਲਿਆਂ ਵੱਲੋਂ ਬਾਹਰ ਦੀ ਸੱਭਿਅਤਾ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਇਨਸਾਨ ਦਾ ਕੁਦਰਤੀ ਤੌਰ ’ਤੇ ਸੁਭਾਅ ਹੈ ਕਿ ਉਹ ਇੱਕ ਘੇਰੇ ਵਿੱਚ ਬੰਨ੍ਹਿਆ ਨਹੀਂ ਰਹਿ ਸਕਦਾ। ਉਹਨਾਂ ਕਿਹਾ ਕਿ ਹਿੰਦੂਆਂ ਦਾ ਹਿੰਦੁਆਂ ਨਾਲ ਰਹਿਣਾ, ਮੁਸਲਮਾਨਾਂ ਨਾਲ ਮੁਸਲਮਾਨਾਂ ਨਾਲ ਵੱਖ ਰਹਿਣਾ, ਸੋਚਣ ਨੂੰ ਤਾਂ ‘ਚੰਗਾ’ ਲਗਦਾ ਹੈ ਪਰ ਇਹ ਇਨਸਾਨੀਅਤ ਦੇ ਪੱਖ ਵਿੱਚ ਨਹੀਂ। ਉਹਨਾਂ ਪਿਛਲੇ ਸਮੇਂ ਦੌਰਾਨ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੇਸ਼ ਅੰਦਰ ਅਜਿਹਾ ਮਾਹੌਲ ਬਣਾ ਦਿੱਤਾ ਗਿਆ ਹੈ ਕਿ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾ ਰਿਹਾ ਹੈ। ਆਮ ਲੋਕਾਂ ਵਿੱਚ ਇਹ ਪ੍ਰਭਾਵ ਬਣਾ ਦਿੱਤਾ ਗਿਆ ਹੈ ਕਿ ਦੇਸ਼ ਦੇ ਵੱਡੇ ਵੱਡੇ ਸੰਸਥਾਨ ਰਾਸ਼ਟਰ ਵਿਰੋਧੀ ਹਨ। ਉਹਨਾਂ ਗਊ ਰੱਖਿਅਕਾਂ ਵੱਲੋਂ ਇੱਕ ਖਾਸ ਧਰਮ ਦੇ ਲੋਕਾਂ ’ਤੇ ਕੀਤੇ ਜਾ ਰਹੇ ਹਮਲਿਆਂ ਦੀ ਸਖਤ ਆਲੋਚਨਾ ਕਰਦਿਆਂ ਕਿਹਾ ਕਿ ਘੱਟ ਗਿਣਤੀਆਂ ਲਈ ਦੇਸ਼ ਵਿੱਚ ਘਾਤਕ ਮਾਹੌਲ ਸਿਰਜਿਆ ਜਾ ਰਿਹਾ ਹੈ।
ਉਹਨਾਂ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਕੇਂਦਰ ਵਿੱਚ ਇੱਕ ਅਜਿਹੀ ਤਾਕਤ ਕਾਬਜ਼ ਹੋ ਗਈ ਹੈ ਜੋ ਸਵਿਧਾਨ ਅਤੇ ਬਰਾਬਰਤਾ ‘ਚ ਯਕੀਨ ਨਹੀਂ ਰੱਖਦੀ। ਉਹਨਾਂ ਕਿਹਾ ਕਿ ਜਨਸੰਖਿਆ ਘਟਾਉਣਾ, ਸ਼ੌਚਾਲਿਆ ਬਣਾਉਣਾ ਅਤੇ ਸਵੱਛ ਭਾਰਤ ਧਰਮ ਨਿਰਪੇਖ ਤਰਕ ਨਹੀਂ ਹਨ। ਇਹਨਾਂ ਲਫਜਾਂ ਨਾਲ ਜਿਹਨਾਂ ਲੋਕਾਂ ਨੂੰ ਸ਼ਰਮਿੰਦਗੀ ਸਹਿਣੀ ਪੈ ਰਹੀ ਹੈ ਉਹ ਲੋਕ ਦਲਿਤ, ਘੱਟ ਗਿਣਤੀਆਂ ਨਾਲ ਸੰਬੰਧਿਤ ਹਨ। ਉਹਨਾਂ ਦਾਅਵਾ ਕੀਤਾ ਕਿ ਆਰਐਸਐਸ, ਸਿੱਖਾਂ, ਬੋਧੀਆਂ ਅਤੇ ਜੈਨੀਆਂ ਨੂੰ ਹਿੰਦੂ ਧਰਮ ਦਾ ਅੰਗ ਹੀ ਮੰਨਦੀ ਹੈ ਅਤੇ ਇਸ ਵੱਲੋਂ ਇੱਕ ਵਿਆਪਕ ਮੰਚ ਤਿਆਰ ਕੀਤਾ ਜਾ ਰਿਹਾ ਹੈ ਜਿਸ ਵਿੱਚ ਮੁਸਲਮਾਨ ਅਤੇ ਇਸਾਈ ਸ਼ਾਮਲ ਨਹੀਂ। ਸੈਮੀਨਾਰ ਦੌਰਾਨ 200 ਦੇ ਕਰੀਬ ਸਮਾਜਿਕ, ਸਿਆਸੀ, ਵਿਦਿਆਰਥੀ, ਸਾਹਿਤਕ ਅਤੇ ਚਿੰਤਕ ਸ਼ਾਮਲ ਸਨ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…