nabaz-e-punjab.com

ਸੇਵਾਮੁਕਤ ਸਿੱਖ ਫੌਜੀ ਅਧਿਕਾਰੀ ਦੇ ਪਰਿਵਾਰ ’ਤੇ ਹੋਏ ਹਮਲੇ ਸਬੰਧੀ ਕਰਨਾਟਕ ਦੇ ਆਪਣੇ ਹਮਰੁਤਬਾ ਤੋਂ ਦਖ਼ਲ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 2 ਅਗਸਤ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮਈਆ ਨਾਲ ਫੋਨ ’ਤੇ ਗੱਲਬਾਤ ਕਰਕੇ ਬੰਗਲੌਰ ਵਿਖੇ ਸ਼ਰਾਰਤੀਆਂ ਵੱਲੋਂ ਸਿੱਖ ਪਰਿਵਾਰ ’ਤੇ ਕੀਤੇ ਗਏ ਹਮਲੇ ਦੇ ਸਬੰਧ ’ਚ ਨਿਆਂ ਯਕੀਨੀ ਬਣਾਉਣ ਲਈ ਦਖਲ ਦੀ ਮੰਗ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਰਨਾਟਕ ਦੇ ਆਪਣੇ ਹਮਰੁਤਬਾ ਨਾਲ ਫੋਨ ’ਤੇ ਸਾਬਕਾ ਫੌਜੀ ਅਫਸਰ ਕਰਨਲ ਆਰ.ਐਸ. ਉੱਪਲ ਦੇ ਪਰਿਵਾਰਕ ਮੈਂਬਰਾਂ ’ਤੇ ਹੋਏ ਹਮਲੇ ’ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਨੇ ਪਰਿਵਾਰ ਨੂੰ ਸੁਰੱਖਿਆ ਦੇਣ ਵਾਸਤੇ ਸਿਧਾਰਮਈਆ ਨੂੰ ਅਪੀਲ ਕੀਤੀ ਅਤੇ ਅਪਰਾਧੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਕਾਨੂੰਨ ਦੇ ਕਟਿਹਰੇ ਵਿਚ ਖੜ੍ਹੇ ਕਰਨ ਲਈ ਪੁਲੀਸ ਨੂੰ ਨਿਰਦੇਸ਼ ਦੇਣ ਵਾਸਤੇ ਆਖਿਆ।
ਅੱਜ ਇੱਥੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕਰਨਾਟਕਾ ਦੇ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਉੱਪਲ ਪਰਿਵਾਰ ਨੂੰ ਹਰ ਸਹਾਇਤਾ ਦੇਵੇਗੀ। ਉੱਪਲ ਦੀ ਪਤਨੀ ਅਤੇ ਦੋ ਪੁੱਤਰਾਂ ’ਤੇ ਹਮਲਾਵਰਾਂ ਨੇ ਹਮਲਾ ਕੀਤਾ ਸੀ। ਉਸ ਦਾ ਇੱਕ ਪੁੱਤਰ ਹਰਮੀਤ ਅਮਰੀਕਾ ’ਚ ਆਈ.ਟੀ ਪ੍ਰੋਫੈਸ਼ਨਲ ਹੈ ਜਿਸ ਨੂੰ ਬੇਰਹਿਮੀ ਨਾਲ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ ਅਤੇ ਉਸ ਦੇ ਕਈ ਥਾਵਾਂ ਫਰੈਕਚਰ ਹੋ ਗਿਆ ਹੈ। ਇਸ ਘਟਨਾ ਸਬੰਧੀ ਮੀਡੀਆ ਦੀਆਂ ਰਿਪੋਰਟਾਂ ਉੱਤੇ ਕਾਰਵਾਈ ਕਰਦੇ ਹੋਏ ਕੈਪਟਨ ਅਮਰਿੰਦਰ ਨੇ ਕਰਨਾਟਕ ਦੇ ਮੁੱਖ ਮੰਤਰੀ ਨਾਲ ਸੰਪਰਕ ਕਰਕੇ ਉਨ੍ਹਾਂ ਦੇ ਇਸ ਮਾਮਲੇ ’ਚ ਨਿੱਜੀ ਦਖਲ ਦੀ ਮੰਗ ਕਰਨ ਦਾ ਫੈਸਲਾ ਕੀਤਾ। ਉੱਪਲ ਵੱਲੋਂ ਇਹ ਦੋਸ਼ ਲਾਇਆ ਗਿਆ ਹੈ ਕਿ ਅਣਪਛਾਤੇ ਵਿਅਕਤੀਆਂ ਵੱਲੋਂ ਧਮਕੀਆਂ ਦੇਣ ਦੇ ਬਾਵਜੂਦ ਬੰਗਲੌਰ ਪੁਲਿਸ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਵਿਚ ਅਸਫਲ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…