nabaz-e-punjab.com

ਪੰਜਾਬ ਪੁਲੀਸ ਵੱਲੋਂ ਦੋ ਧਾਰਮਿਕ ਆਗੂਆਂ ਤੇ ਡੇਰਾ ਸੱਚਾ ਸੌਦਾ ਦੇ ਇੱਕ ਪੈਰੋਕਾਰ ਦੀ ਹੱਤਿਆ ਸਬੰਧੀ ਦੋ ਗਰਮ ਖਿਆਲੀ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 2 ਅਗਸਤ:
ਪੰਜਾਬ ਪੁਲੀਸ ਨੇ ਅਸ਼ੋਕ ਕੁਮਾਰ ਵੋਹਰਾ ਉਰਫ਼ ਅਮਨਾ ਸੇਠ ਅਤੇ ਲਵਪ੍ਰੀਤ ਸਿੰਘ ਉਰਫ਼ ਲਵਲੀ ਨਾਂ ਦੇ ਦੋ ਗਰਮ ਖਿਆਲੀਆਂ ਨੂੰ ਗ੍ਰਿਫ਼ਤਾਰ ਕਰਕੇ ਦੋ ਧਾਰਮਿਕ ਆਗੂਆਂ ਪਾਰਸ ਮਨੀ ਅਤੇ ਬਾਬਾ ਲੱਖਾ ਸਿੰਘ ਅਤੇ ਡੇਰਾ ਸੱਚਾ ਸੌਦਾ ਦੇ ਪੈਰੋਕਾਰ ਗੁਰਦੇਵ ਸਿੰਘ ਦੀਆਂ ਹੱਤਿਆਵਾਂ ਦੇ ਲੰਮੇ ਸਮੇਂ ਤੋਂ ਲੰਬਿਤ ਪਏ ਮਾਮਲਿਆਂ ਨੂੰ ਹੱਲ ਕਰ ਲਿਆ ਹੈ। ਸਰਕਾਰੀ ਬੁਲਾਰੇ ਅਨੁਸਾਰ ਇਨ੍ਹਾਂ ਦੋਵਾਂ ਨੂੰ ਪੰਜਾਬ ਪੁਲਿਸ ਦੀ ਖੂਫੀਆ ਟੀਮ ਨੇ ਬੁੱਧਵਾਰ ਨੂੰ ਸੋਢੀ ਨਗਰ ਨੇੜੇ ਪੁਲਿਸ ਨਾਕੇ ਤੋਂ ਗ੍ਰਿਫ਼ਤਾਰ ਕੀਤਾ। ਇਨ੍ਹਾਂ ਕੋਲੋਂ ਇੱਕ .32 ਬੋਰ ਰਿਵਾਲਵਰ ਅਤੇ ਇੱਕ ਮੋਟਰ ਸਾਈਕਲ ਤੋਂ ਇਲਾਵਾ ਕੁੱਝ ਗਰਮ ਖਿਆਲੀ ਸਾਹਿਤ ਅਤੇ ਲਿਖਤਾਂ ਪ੍ਰਾਪਤ ਹੋਈਆਂ ਹਨ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਹ ਦੋਵੇਂ ਤਿੰਨ ਹੱਤਿਆਵਾਂ ਲਈ ਲੋੜੀਂਦੇ ਸਨ ਜੋ ਕਿ ਸਾਲ 2014 ਅਤੇ 2016 ਦੇ ਵਿਚਕਾਰ ਹੋਈਆਂ ਹਨ।
ਜ਼ਿਲ੍ਹਾ ਮੋਗਾ ਦੇ ਖੁਖਰਾਣਾ ਪਿੰਡ ਦੇ ਡੇਰਾ ਬਾਬਾ ਫਰੀਦ ਦੇ ਮੁਖੀ 29 ਸਾਲਾ ਪਾਰਸ ਮਨੀ ਨੂੰ ਜੂਨ 2014 ਵਿਚ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਜਦਕਿ ਬਾਬਾ ਲੱਖਾ ਸਿੰਘ ਉਰਫ ਲਖਵਿੰਦਰ ਸਿੰਘ ਉਰਫ ਪਖੰਡੀ ਬਾਬਾ ਜੋ ਕਿ ਇੱਕ ਵਿਵਾਦਪੂਰਨ ਧਾਰਮਿਕ ਪ੍ਰਚਾਰਕ ਸੀ ਦੀ ਸ਼ੱਕੀਆਂ ਵੱਲੋਂ ਰਾਜਸਥਾਨ ਜ਼ਿਲੇ੍ਹ ਦੇ ਹਨੂੰਮਾਨਗੜ੍ਹ ਵਿਖੇ 23 ਨਵੰਬਰ, 2016 ਨੂੰ ਹੱਤਿਆ ਕਰ ਦਿੱਤੀ ਸੀ। ਇਹ ਡੇਰਾ ਸੱਚਾ ਸੌਦਾ ਦੇ ਪੈਰੋਕਾਰ 31 ਸਾਲਾ ਗੁਰਦੇਵ ਸਿੰਘ ਦੀ ਹੱਤਿਆ ਵਿਚ ਵੀ ਸ਼ਾਮਲ ਸਨ ਜਿਸ ਦੀ 13 ਜੂਨ, 2016 ਨੂੰ ਫਰੀਦਕੋਟ ਜ਼ਿਲ੍ਹੇ ਦੇ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਹੱਤਿਆ ਕੀਤੀ ਗਈ ਸੀ। ਬੁਲਾਰੇ ਅਨੁਸਾਰ ਅਸ਼ੋਕ ਕੁਮਾਰ ਵੋਹਰਾ, ਪਾਰਸ ਮਨੀ ਦੀ ਹੱਤਿਆ ਤੋਂ ਬਾਅਦ ਪਹਿਲੀ ਵਾਰੀ ਪੁਲਿਸ ਦੀ ਨਿਗਾਹ ਚੜ੍ਹਿਆ ਸੀ। ਪਾਰਸ ਮਨੀ ਨੂੰ ਦੋ ਵਿਅਕਤੀਆਂ ਨੇ ਮੋਗਾ-ਫਿਰੋਜ਼ਪੁਰ ਮਾਰਗ ਉੱਤੇ ਸਥਿਤ ਡੇਰੇ ਵਿਚ ਹੀ ਸ਼ਾਮ 6 ਵਜੇ ਦੇ ਕਰੀਬ ਮਾਰ ਦਿੱਤਾ ਸੀ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਗੁਰਪ੍ਰੀਤ ਸਿੰਘ ਗੋਪੀ ਵੀ ਅਸ਼ੋਕ ਕੁਮਾਰ ਨਾਲ ਇਸ ਗੋਲੀਬਾਰੀ ਵਿਚ ਸ਼ਾਮਲ ਸੀ।
ਗੁਰਪ੍ਰੀਤ ਸਿੰਘ ਉਰਫ ਗੋਪੀ ਨੂੰ ਪਿਛਲੇ ਮਹੀਨੇ ਫਿਰੋਜ਼ਪੁਰ ਦੇ ਪਿੰਡ ਕੋਹਾਲਾ ਤੋਂ ਪੁਲਿਸ ਕਾਰਵਾਈ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ ਜਦਕਿ ਅਸ਼ੋਕ ਕੁਮਾਰ ਵੋਹਰਾ ਹਨੇਰੇ ਦਾ ਫਾਇਦਾ ਉਠਾ ਕੇ ਪੁਲਿਸ ਨੂੰ ਚਕਮਾ ਦੇਣ ਵਿਚ ਸਫਲ ਹੋ ਗਿਆ ਸੀ। ਉਸ ਸਮੇਂ ਤੋਂ ਹੀ ਅਸ਼ੋਕ ਕੁਮਾਰ ਨੂੰ ਫੜਣ ਲਈ ਵੱਡੀ ਪੱਧਰ ’ਤੇ ਕਾਰਵਾਈ ਚਲ ਰਹੀ ਸੀ। ਉਸ ਦੀਆਂ ਤਸਵੀਰਾਂ ਅਤੇ ਨਿੱਜੀ ਵੇਰਵੇ ਪੁਲਿਸ ਨੇ ਮੀਡੀਆ ਅਤੇ ਸੋਸ਼ਲ ਮੀਡੀਆ ਰਾਹੀਂ ਪ੍ਰਚਾਰਤ ਕੀਤੇ ਸਨ।
ਬੁਲਾਰੇ ਅਨੁਸਾਰ ਮੁੱਢਲੀ ਜਾਂਚ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਇਹ ਦੋਵੇਂ ਗਰਮ ਖਿਆਲੀ ਹੱਤਿਆਰੇ ਮਿੱਥ ਕੇ ਹੱਤਿਆਵਾਂ ਕਰਨ ਵਿਚ ਸ਼ਾਮਲ ਸਨ। ਇਹ ਵੀ ਪਤਾ ਲੱਗਾ ਹੈ ਕਿ ਇਹ ਦੋਵੇਂ ਜਸਵੰਤ ਸਿੰਘ ਉਰਫ ਕਾਲਾ ਵਾਸੀ ਸੋਨੇਵਾਲ ਪੁਲਿਸ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਅਤੇ ਅਵਤਾਰ ਸਿੰਘ ਉਰਫ ਪੰਮਾ ਵਾਸੀ ਕੋਹਾਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਨੇੜੇ ਦੇ ਸਹਿਯੋਗੀ ਸਨ। ਬੁਲਾਰੇ ਅਨੁਸਾਰ ਅਸ਼ੋਕ ਕੁਮਾਰ ਵੋਹਰਾ ਅਤੇ ਲਵਪ੍ਰੀਤ ਸਿੰਘ ਨੂੰ ਜਦੋਂ ਗ੍ਰਿਫ਼ਤਾਰ ਕੀਤਾ ਗਿਆ ਉਹ ਪੰਜਾਬ ਤੋਂ ਫਰਾਰ ਹੋਣ ਦੀ ਕੋਸ਼ਿਸ਼ ਵਿਚ ਸਨ। ਇਸ ਸਬੰਧੀ ਅੱਗੇ ਹੋਰ ਜਾਂਚ ਪੜਤਾਲ ਚਲ ਰਹੀ ਹੈ।

Load More Related Articles
Load More By Nabaz-e-Punjab
Load More In Police

Check Also

Punjab Police busts module backed by foreign based gangsters; key operative, three weapon suppliers held with 2 pistols

Punjab Police busts module backed by foreign based gangsters; key operative, three weapon …