nabaz-e-punjab.com

ਮੁੱਖ ਮੰਤਰੀ ਵੱਲੋਂ ਕੰਵਰ ਵਿਸ਼ਵਜੀਤ ਪ੍ਰਿਥਵੀਜੀਤ ਸਿੰਘ ਦੀ ਮੌਤ ’ਤੇ ਦੁੱਖ ਪ੍ਰਗਟ

ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ\ਚੰਡੀਗੜ੍ਹ, 6 ਅਗਸਤ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਰਾਜ ਸਭਾ ਮੈਂਬਰ ਅਤੇ ਕਪੂਰਥਲਾ ਸ਼ਾਹੀ ਪਰਿਵਾਰ ਦੇ ਸਭ ਤੋਂ ਛੋਟੇ ਮੈਂਬਰ ਕੰਵਰ ਵਿਸ਼ਵਜੀਤ ਪ੍ਰਿਥਵੀਜੀਤ ਸਿੰਘ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ ਜਿਨ੍ਹਾਂ ਦਾ ਸੰਖੇਪ ਬਿਮਾਰੀ ਤੋਂ ਬਾਅਦ ਐਤਵਾਰ ਨੂੰ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੰਵਰ ਵਿਸ਼ਵਜੀਤ ਉਨ੍ਹਾਂ ਦੇ ਨਿੱਜੀ ਦੋਸਤ ਸਨ ਜਿਨ੍ਹਾਂ ਦਾ ਵਿਛੋੜਾ ਹਮੇਸ਼ਾ ਹੀ ਮਹਿਸੂਸ ਹੁੰਦਾ ਰਹੇਗਾ। ਕੈਪਟਨ ਅਮਰਿੰਦਰ ਸਿੰਘ, ਕੰਵਰ ਵਿਸ਼ਵਜੀਤ ਦੇ ਉਸ ਵੇਲੇ ਨੇੜੇ ਦੇ ਦੋਸਤ ਬਣ ਗਏ ਸਨ ਜਦੋਂ ਕੰਵਰ ਵਿਸ਼ਵਜੀਤ ਨੇ ਦੂਨ ਸਕੂਲ ਵਿੱਚ ਦਾਖਲਾ ਲਿਆ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਉਸ ਸਮੇਂ ਆਪਣੇ ਆਖਰੀ ਸਾਲ ਵਿੱਚ ਸਨ।
ਮੁੱਖ ਮੰਤਰੀ ਨੇ ਕੰਵਰ ਵਿਸ਼ਵਜੀਤ ਸਿੰਘ ਨੂੰ ਇੱਕ ਜ਼ਿੰਦਾਦਿਲ ਇਨਸਾਨ ਦੱਸਿਆ ਜਿਨ੍ਹਾਂ ਨੇ ਆਪਣੀ ਗਤੀਸ਼ੀਲਤਾ ਅਤੇ ਸੰਜੀਵਤਾ ਨਾਲ ਹਰੇਕ ਨੂੰ ਪ੍ਰੇਰਿਤ ਕੀਤਾ। ਆਪਣੇ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕੰਵਰ ਵਿਸ਼ਵਜੀਤ ਨੂੰ ਇਕ ਬਹੂਪੱਖੀ ਸ਼ਖਸੀਅਤ ਦੱਸਿਆ ਜੋ ਅਨੇਕਾਂ ਵਿਸ਼ੇਸ਼ਤਾਵਾਂ ਨਾਲ ਭਰੇ ਹੋਏ ਸਨ। ਕੈਪਟਨ ਅਮਰਿੰਦਰ ਸਿੰਘ ਨੇ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਮੈਂਬਰ ਅਤੇ ਕਾਂਗਰਸ ਪਾਰਟੀ ਵਿੱਚ ਵੱਖ-ਵੱਖ ਅਹੁਦਿਆਂ ’ਤੇ ਕੰਵਰ ਵਿਸ਼ਵਜੀਤ ਵੱਲੋਂ ਨਿਭਾਈਆਂ ਵਡਮੁਲੀਆਂ ਸੇਵਾਵਾਂ ਨੂੰ ਯਾਦ ਕੀਤਾ।
ਗੌਰਤਲਬ ਹੈ ਕਿ ਕੰਵਰ ਵਿਸ਼ਵਜੀਤ ਸਿੰਘ ਸਵਰਗੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਨੇੜੇ ਦੇ ਵਿਸ਼ਵਾਸਪਾਤਰ ਸਨ। ਉਹ ਅਪ੍ਰੈਲ 1982 ਵਿੱਚ ਮਹਾਰਾਸ਼ਟਰਾ ਤੋਂ ਰਾਜ ਸਭਾ ਲਈ ਚੁਣੇ ਗਏ ਅਤੇ ਦੁਜੀ ਵਾਰ ਫੇਰ ਅਪ੍ਰੈਲ 1988 ਵਿੱਚ ਰਾਜ ਸਭਾ ਲਈ ਚੁਣੇ ਗਏ। 71 ਸਾਲਾ ਕੰਵਰ ਵਿਸ਼ਵਜੀਤ ਆਪਣੇ ਪਿਛੇ ਆਪਣੀ ਪਤਨੀ ਵਿਜੇ ਠਾਕੁਰ ਸਿੰਘ ਨੂੰ ਛੱਡ ਗਏ ਹਨ ਜੋ ਕਿ ਭਾਰਤੀ ਵਿਦੇਸ਼ ਸੇਵਾਵਾਂ (ਆਈਐਫਐਸ) ਵਿੱਚ ਅਧਿਕਾਰੀ ਹਨ ਅਤੇ ਇਸ ਵੇਲੇ ਆਇਰਲੈਂਡ ਦੇ ਡਬਲਿਨ ਵਿਖੇ ਭਾਰਤੀ ਹਾਈ ਕਮਿਸ਼ਨਰ ਵਿੱਚ ਤਾਇਨਾਤ ਹਨ। ਪਰਿਵਾਰ ਦੇ ਸੂਤਰਾਂ ਅਨੁਸਾਰ ਕੰਵਰ ਵਿਸ਼ਵਜੀਤ ਪਿਛਲੇ ਕੁੱਝ ਦਿਨਾਂ ਤੋਂ ਠੀਕ ਨਹੀਂ ਸਨ ਅਤੇ ਉਨ੍ਹਾਂ ਨੂੰ ਇਕ ਵਿਸ਼ੇਸ਼ ਹਵਾਈ ਐਂਬੁਲੈਂਸ ਰਾਹੀਂ ਡਬਲਿਨ ਤੋਂ ਨਵੀਂ ਦਿੱਲੀ ਲਿਆਂਦਾ ਗਿਆ ਸੀ। ਉਨ੍ਹਾਂ ਨੂੰ ਨਵੀਂ ਦਿੱਲੀ ਦੇ ਐਸਕੋਰਟ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ। ਜਿੱਥੇ ਉਨ੍ਹਾਂ ਨੇ ਅੱਜ ਆਪਣਾ ਆਖਰੀ ਸਾਹ ਲਿਆ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…