nabaz-e-punjab.com

ਬੇਰੁਜ਼ਗਾਰ ਅਧਿਆਪਕਾਂ ਨੇ ਮੁਹਾਲੀ ਵਿੱਚ ਏਅਰਪੋਰਟ ਸੜਕ ’ਤੇ ਕੀਤਾ ਚੱਕਾ ਜਾਮ

ਬੇਰੁਜ਼ਗਾਰ ਅਧਿਆਪਕ ਯੂਨੀਅਨ ਦੀ ਪ੍ਰਧਾਨ ਪੂਨਮ ਰਾਣੀ ਨੇ ਨੱਸ ਕੱਟੀ, ਅੰਜੂ ਨੇ ਆਪਣੇ ’ਤੇ ਪਾਇਆ ਪੈਟਰੋਲ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਗਸਤ:
ਇੱਥੋਂ ਦੇ ਇਤਿਹਾਸਕ ਨਗਰ ਸੋਹਾਣਾ ਨੇੜੇ ਮੁੱਖ ਸੜਕ ’ਤੇ ਪਾਣੀ ਵਾਲੀ ਟੈਂਕੀ ’ਤੇ ਪਿਛਲੇ 54 ਦਿਨਾਂ ਤੋਂ ਚੜ੍ਹੇ ਬੇਰੁਜ਼ਗਾਰ ਅਧਿਆਪਕ ਧਰਨਾਕਾਰੀਆਂ ਨੇ ਅੱਜ ਸਵੇਰੇ 11 ਵਜੇ ਅਚਾਨਕ ਆਪਣੇ ਸੰਘਰਸ਼ ਨੂੰ ਤੇਜ਼ ਕਰਦਿਆਂ ਮੁਹਾਲੀ ਏਅਰਪਰੋਟ ਨੂੰ ਜਾਣ ਵਾਲੀ 200 ਫੁੱਟ ਚੌੜੀ ਸੜਕ ਦੇ ਦੋਵੇਂ ਪਾਸੇ ਜਾਮ ਲਗਾ ਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਇਸ ਦੌਰਾਨ ਜ਼ੀਰਕਪੁਰ ਤੋਂ ਮੁਹਾਲੀ ਆਉਣ ਵਾਲੇ ਲੋਕ ਅਤੇ ਮੁਹਾਲੀ ਤੋਂ ਖਰੜ, ਰੋਪੜ ਅਤੇ ਲੁਧਿਆਣੇ ਤੋਂ ਇਸ ਰਸਤੇ ਏਅਰਪੋਰਟ ਵੱਲ ਆਉਣ ਜਾਣ ਵਾਲੀ ਆਵਾਜਾਈ ਪ੍ਰਭਾਵਿਤ ਹੋ ਗਈ।
ਉਧਰ, ਐਤਵਾਰ ਨੂੰ ਦੇਰ ਸ਼ਾਮ ਪੁਲੀਸ ਨੇ ਧਰਨਾਕਾਰੀਆਂ ਨੂੰ ਜਬਰਦਸਤੀ ਖਦੇੜਨ ਦਾ ਯਤਨ ਕੀਤਾ ਤਾਂ ਯੂਨੀਅਨ ਦੀ ਸੂਬਾ ਪ੍ਰਧਾਨ ਪੂਨਮ ਰਾਣੀ ਨੇ ਆਪਣੀ ਨੱਸ ਕੱਟ ਲਈ ਅਤੇ ਇੱਕ ਹੋਰ ਬੇਰੁਜ਼ਗਾਰ ਅਧਿਆਪਕਾ ਅੰਜੂ ਫਾਜ਼ਿਲਕਾ ਨੇ ਆਪਣੇ ਉੱਤੇ ਪੈਟਰੋਲ ਪਾ ਕੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਕਾਰਨ ਪੁਲੀਸ ਨੇ ਮੌਕਾ ਸੰਭਾਲਦੇ ਹੋਏ ਦੋਵਾਂ ਅੌਰਤਾਂ ਸਮੇਤ ਕਈ ਹੋਰ ਧਰਨਾਕਾਰੀਆਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ। ਧਰਨਾਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੁਲੀਸ ਨੇ ਚੁੱਕੇ ਆਗੂਆਂ ਨੂੰ ਕੁੱਝ ਵੀ ਹੋਇਆ ਤਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਦੇ ਗੰਭੀਰ ਸਿੱਟੇ ਭੁਗਤਨੇ ਪੈਣਗੇ।
ਸੋਹਾਣਾ ਪੁਲੀਸ ਨੇ ਇਸ ਆਵਾਜਾਈ ਨੂੰ ਬਦਲਵੇਂ ਰਸਤਿਆਂ ਤੋਂ ਕੱਢਿਆ। ਜਿਹੜੇ ਰਾਹਗੀਰਾਂ ਨੂੰ ਜਾਮ ਬਾਰੇ ਜਾਣਕਾਰੀ ਨਹੀਂ ਸੀ ਉਹ ਸੈਕਟਰ 70 ਅਤੇ ਮਟੌਰ ਪਿੰਡ ਦੀਆਂ ਗਲੀਆਂ ਵਿੱਚ ਉਲਝ ਕੇ ਰਹਿ ਗਏ ਬਾਕੀ ਦੀ ਆਵਾਜਾਈ ਆਈਵੀਵਾਈ ਹਸਪਤਾਲ ਵੱਲ ਮੋੜ ਦਿੱਤੀ। ਜਿਸ ਕਰਕੇ ਇਨ੍ਹਾਂ ਸੜਕਾਂ ਤੇ ਵੀ ਆਮ ਨਾਲੋਂ ਵਾਹਨਾਂ ਦੀ ਗਿਣਤੀ ਵੱਧ ਗਈ। ਉਧਰ, ਧਰਨਾਕਾਰੀਆਂ ਦੇ ਵਾਰ ਵਾਰ ਜਾਮ ਕਰਨ ਦੇ ਫ਼ੈਸਲਿਆਂ ਤੇ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਲਈ ਦੁਬਿਧਾ ਵਾਲੀ ਸਥਿਤੀ ਬਣ ਗਈ ਹੈ। ਵਜ੍ਹਾ ਸਾਫ਼ ਹੈ ਕਿ ਧਰਨਾਕਾਰੀਆਂ ਦੇ ਕੁਝ ਸਾਥੀ ਕਰੀਬ 50 ਫ਼ੁੱਟ ਉੱਚੀ ਪਾਣੀ ਵਾਲੀ ਟੈਂਕੀ ਤੇ ਚੜ੍ਹਕੇ ਸੰਘਰਸ਼ ਕਰ ਰਹੇ ਹਨ ਅਤੇ ਇਨ੍ਹਾਂ ਦੇ ਹੱਥਾਂ ਵਿਚ ਪਟਰੌਲ ਅਤੇ ਰੱਸੇ ਫੜੇ ਹੋਏ ਹਨ ਅਤੇ ਵਾਰ ਵਾਰ ਆਤਮ ਦਾਹ ਅਤੇ ਟੈਂਕੀ ਤੋਂ ਕੁੱਦਣ ਵਰਗੇ ਸੰਘਰਸ਼ ਕਰਨ ਤੋਂ ਵੀ ਨਹੀਂ ਡਰ ਰਹੇ। ਇਸ ਲਈ ਪ੍ਰਸ਼ਾਸਨ ਧਰਨਾਕਾਰੀਆਂ ਦੇ ਸੰਘਰਸ਼ ਝੁਕਿਆ ਹੋਇਆ ਨਜ਼ਰ ਆ ਰਿਹਾ ਹੈ। ਬੇਰੁਜ਼ਗਾਰ ਅਧਿਆਪਕਾਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਨੇ ਇਨ੍ਹਾਂ ਦਾ ਹੁੱਕਾ ਪਾਣੀ ਬੰਦ ਕਰਵਾ ਦਿੱਤਾ ਹੈ।
ਅਧਿਆਪਕ ਅਤੇ ਇਨ੍ਹਾਂ ਦੇ ਸਾਥੀ ਪਿਛਲੇ 54 ਦਿਨਾਂ ਤੋਂ ਇਥੋਂ ਦੇ ਗੁਰਦੁਆਰਿਆਂ ਵਿਚ ਲੰਗਰ ਛੱਕ ਕੇ ਅਪਣਾ ਗੁਜ਼ਾਰਾ ਕਰਦੇ ਸਨ ਪਰ ਹੁਣ ਇਨ੍ਹਾਂ ਨੂੰ ਰੋਟੀ ਨਹੀਂ ਮਿਲ ਰਹੀ। ਵੱਡੀ ਗੱਲ ਇਹ ਹੈ ਜਿਹੜੇ ਘਰਾਂ ਤੋਂ ਇਨ੍ਹਾਂ ਪਾਣੀ ਅਤੇ ਥੋੜ੍ਹੀ ਬਹੁਤ ਸਹਾਇਤਾ ਮਿਲ ਰਹੀ ਸੀ ਉਨਾਂ ਘਰਾਂ ਨੇ ਪਾਣੀ ਵਗੈਰਾ ਅਤੇ ਕਿਸੇ ਤਰ੍ਹਾਂ ਦੀ ਮਦਦ ਨਾ ਕਰਨ ਦੀ ਗੱਲ ਕਹਿ ਦਿਤੀ ਹੈ ਜਿਸ ਕਰਕੇ ਧਰਨਾਕਾਰੀਆਂ ਨੇ ਸਵੇਰੇ 11 ਜੇ ਰੋਸ ਲਹਿਰ ਨੂੰ ਪ੍ਰਚੰਡ ਕਰਦਿਆਂ ਮੋਹਾਲੀ ਦੇ ਏਅਰਪੋਰਟ ਨੂੰ ਜਾਣ ਵਾਲੀ ਸੜਕ ਤੇ ਜਾਮ ਲਗਾ ਦਿੱਤਾ। ਧਰਨਾਕਾਰੀ ਆਗੂ ਯਾਦਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਜਿਨ੍ਹੇ ਮਰਜ਼ੀ ਧਰਨਾਕਾਰੀਆਂ ਤੇ ਅੱਤਿਆਚਾਰ ਕਰ ਲਵੇ ਪਰ ਸੰਘਰਸ਼ ਦਾ ਰਾਹ ਨਹੀਂ ਛੱਡਿਆ ਜਾਵੇਗਾ। ਉਨ੍ਹਾਂ ਕਿਹਾ ਕਿ, ਉਹ ਘਰੋਂ ਤੋ ਸੋਚ ਕੇ ਹੀ ਨਿਕਲੇ ਸਨ ਕਿ ਅਜਿਹੇ ਦਿਨ ਵੀ ਦੇਖਣੇ ਪੈ ਸਕਦੇ ਹਨ।
ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਬੇਰੁਜ਼ਗਾਰ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਲਈ ਅਤੇ ਕੈਪਟਨ ਸਰਕਾਰ ਦੇ ਨਵੇਂ ਫੈਸਲੇ ਤੋਂ ਜਾਣੂ ਕਰਵਾਉਣ ਮੁੱਖ ਮੰਤਰੀ ਦੇ ਓਐੱਸਡੀ ਕੈਪਟਨ ਸੰਦੀਪ ਸਿੰਘ, ਡੀਸੀ ਮੁਹਾਲੀ ਮੈਡਮ ਗੁਰਪ੍ਰੀਤ ਕੌਰ ਸਪਰਾ, ਡੀਆਈਜੀ ਬਾਬੂ ਲਾਲ ਮੀਨਾ ਅਤੇ ਐਸਐਸਪੀ ਕੁਲਦੀਪ ਸਿੰਘ ਚਾਹਲ ਪੁੱਜੇ ਲੇਕਿਨ ਧਰਨਾਕਾਰੀ ਅਧਿਆਪਕਾਂ ਨੇ ਸਰਕਾਰ ਦੇ ਨਵੇਂ ਫੈਸਲੇ ਨੂੰ ਮੁੱਢੋਂ ਰੱਦ ਕਰਦਿਆਂ ਫੈਸਲਾਕੁਨ ਸੰਘਰਸ਼ ਦੀ ਚਿਤਾਵਨੀ ਦਿੱਤੀ ਗਈ। ਜਿਸ ਕਾਰਨ ਸਰਕਾਰ ਦੇ ਨੁਮਾਇੰਦਿਆਂ ਨੂੰ ਬੇਰੰਗ ਪਰਤਨਾ ਪਿਆ ਸੀ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…