nabaz-e-punjab.com

ਬਲੂ ਸਟਾਰ ਅਪਰੇਸ਼ਨ ਮਗਰੋਂ ਤਣਾਅ ਖਤਮ ਕਰਨ ਲਈ ਖੁਸ਼ਵੰਤ ਸਿੰਘ ਨੇ ਅਹਿਮ ਭੂਮਿਕਾ ਨਿਭਾਈ: ਕੈਪਟਨ ਅਮਰਿੰਦਰ ਸਿੰਘ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 7 ਅਗਸਤ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਲੂ ਸਟਾਰ ਅਪਰੇਸ਼ਨ ਦੇ ਸਬੰਧ ਵਿੱਚ ਪੰਜਾਬ ਵਿੱਚ ਪੈਦਾ ਹੋਏ ਤਣਾਅ ਨੂੰ ਖਤਮ ਕਰਨ ਲਈ ਉੱਘੇ ਲੇਖਕ ਖੁਸ਼ਵੰਤ ਸਿੰਘ ਵੱਲੋਂ ਨਿਭਾਈ ਗਈ ਅਹਿਮ ਭੂਮਿਕਾ ਨੂੰ ਯਾਦ ਕੀਤਾ ਹੈ। ਉੱਘੇ ਲੇਖਕ ਬਾਰੇ ਇਕ ਕਿਤਾਬ ਨੂੰ ਜਾਰੀ ਕਰਦੇ ਹੋਏ ਸਵਰਗੀ ਖੁਸ਼ਵੰਤ ਸਿੰਘ ਨਾਲ ਆਪਣੀਆਂ ਨਿੱਜੀ ਚਰਚਾਵਾਂ ਅਤੇ ਸਬੰਧਾਂ ਨੂੰ ਯਾਦ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਸ ਸਮੇਂ ਸੂਬੇ ਵਿੱਚ ਕੜਵਾਹਟ ਦੀ ਆਮ ਭਾਵਨਾ ਪੈਦਾ ਹੋ ਗਈ ਸੀ ਅਤੇ ਲੋਕਾਂ ਦੀ ਉਤੇਜਨਾ ਨੂੰ ਘਟਾਉਣ ਲਈ ਇਕ ਟੀਮ ਨਿਯੁਕਤ ਕੀਤੀ ਗਈ ਸੀ ਜਿਸ ਦਾ ਖੁਸ਼ਵੰਤ ਸਿੰਘ ਇਕ ਉੱਘਾ ਮੈਂਬਰ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਖੁਸ਼ਵੰਤ ਸਿੰਘ ਆਪਣੇ ਪਿਛੇ ਇਕ ਮਹੱਤਵਪੂਰਨ ਵਿਰਾਸਤ ਛੱਡ ਗਿਆ ਹੈ ਜੋ ਸੱਚ ਵਿੱਚ ਵਿਸ਼ਵਾਸ ਕਰਨ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਖੁਸ਼ਵੰਤ ਸਿੰਘ ਨੇ ਜੋ ਵੀ ਲਿੱਖਿਆ ਉਹ ਸੱਚ ਸੀ ਅਤੇ ਉਹ ਮਹਾਨ ਲੇਖਕ ਅਤੇ ਉਸ ਦੀਆਂ ਕਿਤਾਬਾਂ ਲੋਕਾਂ ਦੇ ਦਿਲਾਂ ਅਤੇ ਦਿਮਾਗਾਂ ਵਿੱਚ ਆਉਂਦਿਆਂ ਸਮਿਆਂ ਦੌਰਾਨ ਜਿਊਂਦੀਆਂ ਰਹਿਣਗੀਆਂ।
ਭਾਰਤ ਵਿੱਚ ਐਮਰਜੈਂਸੀ ਲਾਉਣ ਅਤੇ ਨਸਬੰਦੀ ਸਬੰਧੀ ਖੁਸ਼ਵੰਤ ਸਿੰਘ ਵੱਲੋਂ ਦਿੱਤੇ ਗਏ ਸਮਰਥਣ ਦੇ ਇਕ ਸਵਾਲ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਸ ਸਮੇਂ ਅਪਣਾਏ ਗਏ ਢੰਗ-ਤਰੀਕਿਆਂ ਬਾਰੇ ਕੋਈ ਵੀ ਸਹਿਮਤ ਜਾਂ ਅਸਹਿਮਤ ਹੋ ਸਕਦਾ ਹੈ ਪਰ ਅਸਲੀਅਤ ਇਹ ਹੈ ਕਿ ਜਨਸੰਖਿਆ ਇਕ ਗੰਭੀਰ ਮੁੱਦਾ ਹੈ ਅਤੇ ਇਸ ਨੂੰ ਹੱਲ ਕੀਤੇ ਜਾਣ ਦੀ ਜ਼ਰੂਰਤ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਖੁਸ਼ਵੰਤ ਸਿੰਘ ਧੂਰੋਂ ਆਪਣੇ ਦਿਲ ਤੋਂ ਬੋਲਦਾ ਸੀ ਅਤੇ ਉਸ ਦੀ ਇਸ ਗੁਣ ਦੀ ਹਰ ਕੋਈ ਕਦਰ ਕਰਦਾ ਸੀ। ਵੀਤਾਸਤਾ ਪ੍ਰਕਾਸ਼ਨ ਦੀ ਨਵੀਂ ਕਿਤਾਬ ‘‘ਖੁਸ਼ਵੰਤ ਸਿੰਘ: ਇਨ ਵਿਸਡਮ ਐਂਡ ਇਨ ਜੈਸਟ’’ ਦੀ ਘੁੰਡ ਚੁਕਾਈ ਮੌਕੇ ਗੈਸਟ ਆਫ ਅੌਨਰ ਵਜੋਂ ਸਮਾਰੋਹ ਵਿੱਚ ਸ਼ਾਮਲ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਖੁਸ਼ਵੰਤ ਸਿੰਘ ਇਕ ਅਜਿਹਾ ਆਦਮੀ ਸੀ ਜੋ ਸਭ ਤੋਂ ਵੱਧ ਪ੍ਰਚੰਡ ਤਰੀਕੇ ਨਾਲ ਆਪਣੀ ਗੱਲ ਆਖ ਸਕਦਾ ਸੀ।
ਇਹ ਕਿਤਾਬ ਵਿਜੇ ਨਰਾਇਣ ਸ਼ੰਕਰ ਅਤੇ ਉਂਕਾਰ ਸਿੰਘ ਵੱਲੋਂ ਸਾਂਝੇ ਤੌਰ ’ਤੇ ਲਿੱਖੀ ਗਈ ਹੈ। ਕਿਤਾਬ ਦੇ ਜਾਰੀ ਕੀਤੇ ਜਾਣ ਤੋਂ ਬਾਅਦ ਵਿਚਾਰ-ਚਰਚਾ ਵਿੱਚ ਹਿੱਸਾ ਲੈਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਹ ਖੁਸ਼ਵੰਤ ਸਿੰਘ ਦੇ ਰੱਬ ਦੀ ਹੋਂਦ ਵਿੱਚ ਸੰਦੇਹ ਕਰਨ ਵਾਲੇ ਖਿਆਲਾਂ ਨਾਲ ਸਹਿਮਤ ਨਹੀਂ ਹਨ ਅਤੇ ਉਹਨਾਂ ਨੂੰ ਵਿਸ਼ਵਾਸ ਹੈ ਕਿ ਇਹ ਸਿਰਫ ਉਨ੍ਹਾਂ ਬਾਰੇ ਜਨਤਕ ਧਾਰਨਾ ਸੀ। ਉਨ੍ਹਾਂ ਕਿਹਾ ਕਿ ਉਹ ਸਿੱਖ ਧਾਰਮਕ ਪਾਠ ‘‘ਜਪ ਜੀ ਸਾਹਿਬ’’ ਬਾਰੇ ਬਹੁਤ ਜ਼ਿਆਦਾ ਜਾਣਕਾਰ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸਲ ਵਿੱਚ ਖੁਸ਼ਵੰਤ ਸਿੰਘ ਦੀ ‘‘ਜਾਪ ਸਾਹਿਬ’’ ਦਾ ਅਨੁਵਾਦ ਸਭ ਤੋਂ ਵਧੀਆ ਸੀ। ਉਨ੍ਹਾਂ ਨੇ ਕਿਤਾਬ ਵਿੱਚੋਂ ਨੁਕਤੇ ਉਠਾ ਕੇ ਦੱਸਿਆ ਕਿ ਲੇਖਕ ਰਾਤ ਨੂੰ ਬੰਗਲਾ ਸਾਹਿਬ ਗੁਰਦੁਆਰਾ ਜਾਂਦਾ ਸੀ ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਉਹ ਧਰਮ ਵਿੱਚ ਵਿਸ਼ਵਾਸ ਰੱਖਦਾ ਸੀ ਭਾਵੇਂ ਕਿ ਉਹ ਕਰਮਕਾਂਡਾਂ ਦਾ ਵਿਰੋਧੀ ਸੀ।
ਕੈਪਟਨ ਅਮਰਿੰਦਰ ਜੋ ਕਿ ਯੋਜਨਾ ਕਮਿਸ਼ਨ ਦੇ ਸਾਬਕਾ ਡਿਪਟੀ ਚੇਅਰਮੈਨ ਮੋਂਟੇਕ ਸਿੰਘ ਆਹਲੂਵਾਲੀਆ ਅਤੇ ਸਾਬਕਾ ਅਟਾਰਨੀ ਜਨਰਲ ਸੋਲੀ ਸੋਰਾਭਜੀ ਨਾਲ ਮੰਚ ’ਤੇ ਵਿਰਾਜਮਾਨ ਸਨ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਖੁਸ਼ਵੰਤ ਸਿੰਘ ਨੂੰ ਜਾਣਦੇ ਸਨ ਅਤੇ ਇਸ ਕਿਤਾਬ ਨੇ ਉਸ ਨਾਲ ਪੂਰਾ ਨਿਆਂ ਕੀਤਾ ਹੈ। ਉਨ੍ਹਾਂ ਯਾਦ ਕੀਤਾ ਕਿ ਉਹ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰੀ ਖੁਸ਼ਵੰਤ ਸਿੰਘ ਦੇ ਘਰ ਕਿਸ ਤਰ੍ਹਾਂ ਗਏ ਸਨ ਅਤੇ ਉਹ ਡੇਢ ਘੰਟਾ ਦੇਰ ਨਾਲ ਪਹੁੰਚਣ ਕਾਰਨ ਕਿਸ ਤਰ੍ਹਾਂ ਵਾਪਸ ਆਏ ਸਨ। ਖੁਸ਼ਵੰਤ ਸਿੰਘ ਨੇ ਉਨ੍ਹਾਂ ਦਾ ਘਰ ਵਿੱਚ ਆਉਣ ’ਤੇ ਸਵਾਗਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਹ ਰਾਤ ਦੇ ਖਾਣੇ ਦਾ ਸਮਾਂ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਕਾਫੀ ਦੇਰ ਨਾਲ ਪਹੁੰਚੇ ਸਨ। ਮੁੱਖ ਮੰਤਰੀ ਨੇ ਇਕ ਹੋਰ ਘਟਨਾ ਨੂੰ ਵੀ ਯਾਦ ਕੀਤਾ ਜਦੋਂ ਖੁਸ਼ਵੰਤ ਸਿੰਘ ਨੇ ਸ਼ਿਸ਼ਟਤਾ ਦੀ ਅਣਹੋਂਦ ਕਾਰਨ ਉਨ੍ਹਾਂ ਨੂੰ ਵੀ ਨਹੀਂ ਸੀ ਬਖਸ਼ਿਆ।
ਲਾਹੌਰ ਦਰਬਾਰ ਬਾਰੇ ਕੈਪਟਨ ਦੀ ਕਿਤਾਬ ਜਾਰੀ ਕਰਨ ਦੇ ਮੌਕੇ ਲੇਖਕ ਨੇ ਉਨ੍ਹਾਂ ਨੂੰ ਦੱਸਿਆ ਸੀ ‘‘ਉਸ ਕਾਲ ਦੀ ਇਹ ਪਹਿਲੀ ਕਿਤਾਬ ਹੈ ਜਿਸ ਵਿੱਚ ਮੇਰਾ ਹਵਾਲਾ ਨਹੀਂ ਦਿੱਤਾ ਗਿਆ’’। ਸੋਲੀ ਸੋਰਾਭਜੀ ਨੇ ਖੁਸ਼ਵੰਤ ਸਿੰਘ ਨੂੰ ਇਕ ਵਿਲੱਖਣ ਆਦਮੀ ਦੱਸਿਆ ਜੋ ਕਿ ਸਿੱਖ ਧਰਮ ਨਾਲ ਸਬੰਧਤ ਹੋਣ ਦੇ ਬਾਵਜੂਦ ਵੀ ਸਿੱਖਾਂ ਬਾਰੇ ਚੁਟਕਲੇ ਆਖ ਸਕਦਾ ਸੀ। ਮੋਂਟੇਕ ਸਿੰਘ ਆਹਲੂਵਾਲੀਆ ਨੇ ਇਸ ਮੌਕੇ ਕਿਹਾ ਕਿ ਖੁਸ਼ਵੰਤ ਸਿੰਘ ਨੇ ਕਈ ਪੱਖਾਂ ਤੋਂ ਦਿੱਲੀ ਨੂੰ ਭਰਪੂਰ ਕੀਤਾ ਹੈ। ਉਹ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਬਹੁਤ ਜ਼ਿਆਦਾ ਪ੍ਰਸ਼ੰਸਕ ਸੀ। ਆਪਣੀ 40 ਸਾਲ ਦੀ ਉਮਰ ਤੱਕ ਕੋਈ ਖਾਸ ਪ੍ਰਾਪਤੀ ਨਾ ਕਰਨ ਦੀ ਗੱਲ ਨੂੰ ਕਰਦੇ ਹੋਏ ਮੋਂਟੇਕ ਸਿੰਘ ਨੇ ਕਿਹਾ ਕਿ ਉਹ ਨੌਜਵਾਨਾਂ ਲਈ ਸਨਮਾਨਿਤ ਵਿਅਕਤੀ ਸੀ ਜੋ ਉਸਦੀ ਉਧਾਰਣ ਤੋਂ ਸਿਖ ਸਕਦੇ ਹਨ ਕਿ ਸਫਲਤਾ ਕਿਸੇ ਵੀ ਉਮਰ ਵਿੱਚ ਮਿਲ ਸਕਦੀ ਹੈ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…