nabaz-e-punjab.com

ਬੀਬੀ ਗਰਚਾ ਨੇ ਕੁਰਾਲੀ ਦੇ ਸੀਵਰੇਜ ਸਬੰਧੀ ਗਮਾਡਾ ਤੋਂ ਆਰਟੀਆਈ ਰਾਹੀਂ ਮੰਗੀ ਜਾਣਕਾਰੀ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 8 ਅਗਸਤ:
ਸੂੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਲਖਵਿੰਦਰ ਕੌਰ ਗਰਚਾ ਨੇ ਜ਼ਿਲ੍ਹਾ ਮੁਹਾਲੀ ਦੇ ਕਸਬਾ ਕੁਰਾਲੀ ਵਿੱਚ ਪਿਛਲੇ ਕਈ ਸਾਲਾਂ ਤੋਂ ਲਟਕਦੇ ਆ ਰਹੇ ਅਤੇ ਸਫ਼ੈਦ ਹਾਥੀ ਸਾਬਿਤ ਹੋ ਰਹੇ ਸੀਵਰੇਜ ਪ੍ਰੋਜੈਕਟ ਉਤੇ ਗੰਭੀਰ ਚਿੰਤਾ ਪ੍ਰਗਟਾਉਂਦੇ ਹੋਏ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਵਿੱਚ ਪਾਏ ਗਏ ਕੁਰਾਲੀ ਸੀਵਰੇਜ ਦੇ ਹੁਣ ਤੱਕ ਚਾਲੂ ਨਾ ਹੋਣ ਅਤੇ ਇਸ ਵਿੱਚ ਆਉਣ ਵਾਲੀਆਂ ਦਿੱਕਤਾਂ ਬਾਰੇ ਜਾਣਕਾਰੀ ਹਾਸ਼ਲ ਕਰਨ ਲਈ ਬੀਬੀ ਗਰਚਾ ਨੇ ਗਮਾਡਾ ਦੇ ਲੋਕ ਸੂਚਨਾ ਅਫ਼ਸਰ ਨੂੰ ਆਰ.ਟੀ.ਆਈ. ਤਹਿਤ ਇੱਕ ਪੱਤਰ ਲਿਖ ਕੇ ਮੁਕੰਮਲ ਜਾਣਕਾਰੀ ਦੀ ਮੰਗ ਕੀਤੀ ਹੈ।
ਇਸ ਸਬੰਧੀ ਕੁਰਾਲੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਾਣਕਾਰੀ ਦਿੰਦਿਆਂ ਲਖਵਿੰਦਰ ਕੌਰ ਗਰਚਾ, ਪ੍ਰਮੋਦ ਜੋਸ਼ੀ, ਲੱਕੀ ਕਲਸੀ, ਵਿਪਨ ਕੁਮਾਰ ਸਾਬਕਾ ਕੌਂਸਲਰ, ਵਿਸ਼ਵਾ ਮਿੱਤਰ, ਹਿਮਾਂਸ਼ੂ ਧੀਮਾਨ ਆਦਿ ਨੇ ਦੱਸਿਆ ਕਿ ਗਮਾਡਾ ਨੂੰ ਲਿਖੇ ਆਪਣੇ ਪੱਤਰ ਵਿੱਚ ਕੁਰਾਲੀ ਦੇ ਸੀਵਰੇਜ ਸਬੰਧੀ 11 ਸਵਾਲ ਕੀਤੇ ਹਨ। ਉਨ੍ਹਾਂ ਵੱਲੋਂ ਗਮਾਡਾ ਨੂੰ ਕੀਤੇ ਸਵਾਲਾਂ ਵਿਚ ਪੁੱਛਿਆ ਗਿਆ ਹੈ ਕਿ ਕੁਰਾਲੀ ਸ਼ਹਿਰ ਵਿੱਚ ਸੀਵਰੇਜ ਪਾਉਣ ਦਾ ਕੰਮ ਕਿਸ ਮਹੀਨੇ ਅਤੇ ਕਿਸ ਸਾਲ ਵਿੱਚ ਸ਼ੁਰੂ ਹੋਇਆ ਸੀ? ਇਹ ਸੀਵਰੇਜ ਪਾਉਣ ਦਾ ਕੰਮ ਪੂਰਾ ਕਰਨ ਲਈ ਕਿੰਨੀ ਮਿਆਦ ਨਿਸ਼ਚਿਤ ਕੀਤੀ ਗਈ ਸੀ ਅਤੇ ਇਹ ਕਦੋਂ ਤੱਕ ਖ਼ਤਮ ਕੀਤਾ ਜਾਣਾ ਸੀ? ਕੁਰਾਲੀ ਸ਼ਹਿਰ ਦਾ ਸੀਵਰੇਜ ਪਾਉਣ ਕਿਸ ਵਿਭਾਗ ਵੱਲੋਂ ਪੁਆਇਆ ਗਿਆ ਅਤੇ ਇਸ ਪੂਰੇ ਪ੍ਰੋਜੈਕਟ ਉਤੇ ਕੁੱਲ ਕਿੰਨਾ ਪੈਸਾ ਖਰਚ ਆਇਆ? ਸੀਵਰੇਜ ਪ੍ਰੋਜੈਕਟ ਲਈ ਸੀਵਰੇਜ ਟਰੀਟਮੈਂਟ ਪਲਾਂਟ ਦੇ ਕੰਮ ਦੀ ਕੀ ਸਥਿਤੀ ਹੈ?
ਕੁਰਾਲੀ ਸ਼ਹਿਰ ਵਿੱਚ ਪਾਏ ਜਾ ਚੁੱਕੇ ਸੀਵਰੇਜ ਦੇ 2 ਜੁਲਾਈ 2017 ਤੱਕ ਕੁੱਲ ਕਿੰਨੇ ਕੁਨੈਕਸ਼ਨ ਲੋਕਾਂ ਦੇ ਘਰਾਂ ਨਾਲ ਜੋੜੇ ਜਾ ਚੁੱਕੇ ਹਨ? ਸ਼ਹਿਰ ਵਿੱਚ ਬਾਕੀ ਰਹਿੰਦੇ ਘਰਾਂ ਨੂੰ ਸੀਵਰੇਜ ਦੇ ਕੁਨੈਕਸ਼ਨ ਦੇਣ ਦਾ ਕੰਮ ਕਦੋਂ ਤੱਕ ਮੁਕੰਮਲ ਕਰ ਲਿਆ ਜਾਵੇਗਾ? ਜੇਕਰ ਸ਼ਹਿਰ ਵਿੱਚ ਸੀਵਰੇਜ ਚਾਲੂ ਕਰਨ ਦਾ ਕੰਮ ਲੇਟ ਹੋਇਆ ਹੈ ਤਾਂ ਕਿਨ੍ਹਾਂ ਕਾਰਨਾਂ ਕਰਕੇ ਲੇਟ ਹੋਇਆ, ਕਾਰਨ ਦੱਸਿਆ ਜਾਵੇ? ਉਨ੍ਹਾਂ ਗਮਾਡਾ ਕੋਲੋਂ ਇਹ ਵੀ ਪੱੁਛਿਆ ਕਿ ਕੀ ਗਮਾਡਾ ਮੁਤਾਬਕ ਇਹ ਪ੍ਰੋਜੈਕਟ ਮੁਕੰਮਲ ਹੋ ਚੁੱਕਾ ਹੈ ਜਾਂ ਅਜੇ ਵੀ ਅਧੂਰਾ ਹੈ ਅਤੇ ਨਗਰ ਕੌਂਸਲ ਕੁਰਾਲੀ ਨੂੰ ਅਜੇ ਤੱਕ ਇਹ ਸੀਵਰੇਜ ਪ੍ਰੋਜੈਕਟ ਕਿਉਂ ਨਹੀਂ ਸੌਂਪਿਆ ਗਿਆ? ਇਸ ਪ੍ਰੋਜੈਕਟ ਦਾ ਸਾਲਾਨਾ ਰੱਖ ਰੱਖਾਵ ਕਿੰਨਾ ਹੈ? ਸੀਵਰੇਜ ਦੀਆਂ ਅੰਦਰੂਨੀ ਗਲੀਆਂ ਅਤੇ ਬਾਹਰੀ ਗਲੀਆਂ ਵਿਚ ਕਿੰਨੇ ਡਾਏ ਦੀਆਂ ਪਾਈਪਾਂ ਪਾਈਆਂ ਗਈਆਂ ਹਨ?
ਕੈਬਨਿਟ ਮੰਤਰੀ ਸਿੱਧੂ ਤੋਂ ਸੀਵਰੇਜ ਪ੍ਰੋਜੈਕਟ ਦੀ ਉਚ ਪੱਧਰੀ ਜਾਂਚ ਕਰਵਾਉੁਣ ਦੀ ਮੰਗ ਕੀਤੀ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਗਰਚਾ ਨੇ ਦੱਸਿਆ ਕਿ ਉਹ ਮੀਡੀਆ ਰਾਹੀਂ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਕੋਲੋਂ ਵੀ ਮੰਗ ਕਰਦੇ ਹਨ ਕਿ ਕਸਬਾ ਕੁਰਾਲੀ ਦੇ ਇਸ ਸੀਵਰੇਜ ਪ੍ਰੋਜੈਕਟ ਨੂੰ ਚਾਲੂ ਕਰਵਾਉਣ ਲਈ ਤੁਰੰਤ ਕਾਰਵਾਈ ਕਰਨ ਲਈ ਵਿਭਾਗ ਨੂੰ ਹਦਾਇਤਾਂ ਦਿੱਤੀਆਂ ਜਾਣ ਅਤੇ ਕੁਰਾਲੀ ਦੇ ਸੀਵਰੇਜ ਪ੍ਰੋਜੈਕਟ ਦੀ ਉਚੇਚੇ ਤੌਰ ’ਤੇ ਉਚ ਪੱਧਰੀ ਜਾਂਚ ਕਰਾਊਣ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਜਾਂਚ ਦੌਰਾਨ ਕਿਸੇ ਤਰ੍ਹਾਂ ਦੀ ਕੋਤਾਹੀ ਜਾਂ ਭ੍ਰਿਸ਼ਟਾਚਾਰ ਪਾਏ ਜਾਣ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ।

Load More Related Articles
Load More By Nabaz-e-Punjab
Load More In General News

Check Also

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 13…