nabaz-e-punjab.com

ਸਰਕਾਰ ਵੱਲੋਂ ਅਤਿਵਾਦ, ਘੁਸਪੈਠ ਤੇ ਹਵਾਈ ਜਹਾਜ਼ਾਂ ਦੇ ਅਗਵਾ ਵਰਗੀਆਂ ਘਟਨਾਵਾਂ ਨਾਲ ਨਜਿੱਠਣ ਲਈ ਐਸਓਜੀ ਦਾ ਪ੍ਰਸਤਾਵ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 10 ਅਗਸਤ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਥਿਆਰਬੰਦ ਹਮਲਿਆਂ ਨੂੰ ਅਸਫਲ ਬਣਾਉਣ ਅਤੇ ਅੱਤਵਾਦ, ਘੁਸਪੈਠ, ਹਵਾਈ ਜਹਾਜ਼ ਅਗਵਾਹ ਕਰਨ, ਲੋਕਾਂ ਨੂੰ ਬੰਦੀ ਬਣਾਉਣ ਅਤੇ ਹੋਰ ਨਾਜ਼ੁਕ ਸਥਿਤੀਆਂ ਨਾਲ ਨਿਪਟਣ ਲਈ ਵਿਸ਼ੇਸ਼ ਤੌਰ ’ਤੇ ਸਿਖਲਾਈ ਪ੍ਰਾਪਤ ਸਪੈਸ਼ਲ ਓਪਰੇਸ਼ਨਜ਼ ਗਰੁੱਪ (ਐਸ.ਓ.ਜੀ.) ਸਥਾਪਿਤ ਕਰਨ ਲਈ ਸੂਬਾ ਪੁਲਿਸ ਦੇ ਪ੍ਰਸਤਾਵ ਨੂੰ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ। ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਐਸ.ਓ.ਜੀ. ਦੀ ਰੂਪ ਰੇਖਾ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਜੋ ਕਿ ਛੋਟੀ ਪਰ 270 ਮੈਂਬਰਾਂ ਵਾਲੀ ਪ੍ਰਭਾਵੀ ਯੂਵਾ ਅਤੇ ਗਤੀਸ਼ੀਲ ਟੀਮ ਹੋਵੇਗੀ। ਇਕ ਸਰਕਾਰੀ ਬੁਲਾਰੇ ਅਨੁਸਾਰ ਮੁੱਖ ਮੰਤਰੀ ਨੇ ਸੁਝਾਅ ਦਿੱਤਾ ਕਿ ਐਸ.ਓ.ਜੀ.ਵਿੱਚੋਂ ਇਕ ਛੋਟੀ ਪ੍ਰਮੁੱਖ ਟੀਮ ਨੂੰ ਬਗਾਵਤ ਨਾਲ ਨਿਪਟਣ ਦੇ ਸਬੰਧ ਵਿੱਚ ਇਜ਼ਰਾਇਲ ਵਿਖੇ ਅਤਿ ਆਧੁਨਿਕ ਸਿਖਲਾਈ ਪ੍ਰਾਪਤ ਕਰਨ ਲਈ ਭੇਜਿਆ ਜਾਵੇ।
ਬੁਲਾਰੇ ਨੇ ਕਿਹਾ ਕਿ ਐਸ.ਓ.ਜੀ.ਦੀ ਸਥਾਪਨਾ ਬਾਰੇ ਰਸਮੀ ਪ੍ਰਸਤਾਵ ਮੰਤਰੀ ਮੰਡਲ ਦੀ ਅਗਲੀ ਮੀਟਿੰਗ ਦੌਰਾਨ ਰੱਖਿਆ ਜਾਵੇਗਾ। ਅੱਜ ਦੀ ਮੀਟਿੰਗ ਦੌਰਾਨ ਵਿਚਾਰੇ ਗਏ ਪ੍ਰਸਤਾਵ ਦੇ ਅਨੁਸਾਰ ਐਸ.ਓ.ਜੀ. ਦੇ ਮੁਖੀ ਏ.ਡੀ.ਜੀ.ਪੀ. ਰੈਂਕ ਦੇ ਇਕ ਅਧਿਕਾਰੀ ਹੋਣਗੇ ਅਤੇ ਉਸ ਦੀ ਆਈ.ਜੀ. ਅਤੇ ਇਕ ਡੀ.ਆਈ.ਜੀ. ਰੈਂਕ ਦੇ ਅਧਿਕਾਰੀ ਸਹਾਇਤਾ ਕਰਨਗੇ। ਬੁਲਾਰੇ ਅਨੁਸਾਰ ਐਸ.ਓ.ਜੀ. ਨੂੰ ਤਿੰਨ ਟੀਮਾਂ ਵਿੱਚ ਵੰਡੀਆ ਜਾਵੇਗਾ। ਹਰੇਕ ਟੀਮ ਦਾ ਆਗੂ ਇਕ ਐਸ.ਪੀ. ਰੈਂਕ ਦਾ ਅਧਿਕਾਰੀ ਹੋਵੇਗਾ ਜੋ ਕਿ 35 ਸਾਲ ਦੀ ਉਮਰ ਤੋਂ ਘੱਟ ਉਮਰ ਦਾ ਹੋਵੇਗਾ। ਇਸ ਟੀਮ ਵਿੱਚ ਡੀ.ਐਸ.ਪੀ. ਰੈਂਕ ਦੇ ਅਧਿਕਾਰੀ 30 ਸਾਲ ਤੋਂ ਘੱਟ ਉਮਰ ਦੇ ਹੋਣਗੇ ਜਦਕਿ ਓ.ਆਰ. 18 ਤੋਂ 25 ਸਾਲ ਦੀ ਉਮਰ ਵਿੱਚਕਾਰ ਹੋਣਗੇ। ਇਨ੍ਹਾਂ ਟੀਮਾਂ ਨੂੰ ਵੱਖ-ਵੱਖ ਸਥਿਤੀਆਂ ਨਾਲ ਨਿਪਟਣ ਦੀ ਵਿਸ਼ੇਸ਼ ਮੁਹਾਰਤ ਹੋਵੇਗੀ। ਇਨ੍ਹਾਂ ਨੂੰ ਫੌਜ ਅਤੇ ਐਨ.ਐਸ.ਜੀ. ਦੋਵਾਂ ਵੱਲੋਂ ਸਿਖਲਾਈ ਦਿੱਤੀ ਜਾਵੇਗੀ।
ਮੀਟਿੰਗ ਦੌਰਾਨ ਮੁੱਖ ਮੰਤਰੀ ਦੇ ਇਸ ਸੁਝਾਅ ’ਤੇ ਸਹਿਮਤੀ ਪ੍ਰਗਟਾਈ ਕਿ ਇਸ ਟੀਮ ਦੀ ਕੋਰ ਯੂਨਿਟ ਇਜ਼ਰਾਇਲ ਵਿਖੇ ਵਿਸ਼ੇਸ਼ ਸਿਖਲਾਈ ਪ੍ਰਾਪਤ ਕਰੇ। ਕੈਪਟਨ ਅਮਰਿੰਦਰ ਸਿੰਘ ਨੇ ਐਸ.ਓ.ਜੀ. ਦੇ ਲਈ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਸ਼ਨਾਖਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਵਾਸਤੇ ਆਖਿਆ ਜੋ ਕਿ ਵੱਖ-ਵੱਖ ਪੁਲਿਸ ਵਿਭਾਗਾਂ ਵਿੱਚੋਂ ਲਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਕੰਮ ਤੁਰੰਤ ਸ਼ੁਰੂ ਕਰ ਦਿੱਤਾ ਜਾਵੇ। ਮੁੱਖ ਮੰਤਰੀ ਨੇ ਇਹ ਸੁਝਾਅ ਵੀ ਦਿੱਤਾ ਕਿ ਐਸ.ਓ.ਜੀ. ਵੱਲੋਂ ਆਪਣਾ ਰੂਪ ਗ੍ਰਹਿਣ ਕਰ ਲੈਣ ਤੋਂ ਬਾਅਦ ਕਮਾਂਡੋਜ਼ ਅਤੇ ਸਵੈਟ ਵਰਗੀਆਂ ਹੋਰ ਵਿਸ਼ੇਸ਼ ਸਿਖਲਾਈ ਪ੍ਰਾਪਤ ਯੂਨਿਟਾਂ ਨੂੰ ਇਸ ਵਿੱਚ ਮਿਲਾ ਦਿੱਤਾ ਜਾਵੇ। ਬੁਲਾਰੇ ਨੇ ਕਿਹਾ ਕਿ ਵਧੀਆ ਹੁਨਰ ਅਕਰਸ਼ਿਤ ਕਰਨ ਦੇ ਵਾਸਤੇ ਐਸ.ਓ.ਜੀ. ਵਿੱਚ ਜਿਹੜੇ ਮੁਲਾਜ਼ਮ ਅਤੇ ਅਧਿਕਾਰੀ ਸ਼ਾਮਲ ਹੋਣਗੇ ਉਨ੍ਹਾਂ ਨੂੰ ਵੱਧ ਤਨਖਾਹ, ਰਾਸ਼ਨ ਅਤੇ ਹੋਰ ਭੱਤਿਆਂ ਤੋਂ ਇਲਾਵਾ ਹਰੇਕ ਲਈ 1 ਕਰੋੜ ਰੁਪਏ ਦਾ ਬੀਮਾ ਕਵਰ ਦਿੱਤਾ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਵੱਲੋਂ ਐਸ.ਓ.ਜੀ. ਦੇ ਮੈਂਬਰਾਂ ਨੂੰ ਵਧੀਆ ਡਾਕਟਰੀ ਬੀਮਾ ਵੀ ਦਿੱਤੇ ਜਾਣ ਦਾ ਸੁਝਾਅ ਦਿੱਤਾ ਹੈ।
ਮੀਟਿੰਗ ਦੌਰਾਨ ਇਹ ਗੱਲ ਨੋਟ ਕੀਤੀ ਗਈ ਕਿ ਪੰਜਾਬ ਵਿੱਚ ਅੱਤਵਾਦ ਦਾ ਪਿਛਲਾ ਇਤਿਹਾਸ ਹੋਣ ਤੋਂ ਇਲਾਵਾ ਅਤੇ ਇਸ ਦੀ ਲੰਮੀ ਅਤੇ ਨਾਜ਼ੁਕ ਸਰਹੱਦ ਹੈ ਜਿਸ ਕਰਕੇ ਇਸ ਤਰ੍ਹਾਂ ਦੀ ਫੋਰਸ ਸਥਾਪਿਤ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਵਿਚਾਰ ਵਟਾਂਦਰੇ ਵਿੱਚ ਹਿੱਸਾ ਲੈਣ ਵਾਲੇ ਅਧਿਕਾਰੀ ਨੇ ਇਕ ਗੱਲ ’ਤੇ ਜ਼ੋਰ ਦਿੱਤਾ ਕਿ ਹਾਲ ਹੀ ਵਿੱਚ ਅੱਤਵਾਦੀਆਂ ਨਾਲ ਸੰਪਰਕ ਰੱਖਣ ਵਾਲੇ ਸ਼ੱਕੀਆਂ ਦੀਆਂ ਗ੍ਰਿਫਤਾਰੀਆਂ ਹੋਣ ਅਤੇ ਹਥਿਆਰ ਤੇ ਬਾਰੂਦ ਪ੍ਰਾਪਤ ਹੋਣ ਦੇ ਮੱਦੇਨਜ਼ਰ ਐਸ.ਓ.ਜੀ. ਦੀ ਜ਼ਰੂਰਤ ਹੈ ਜੋ ਕਿ ਹਥਿਆਰਬੰਦ ਬਗਾਵਤਾਂ ਨੂੰ ਅਸਫਲ ਬਣਾਉਣ ਤੋਂ ਇਲਾਵਾ ਫਿਦਾਇਨ ਹਮਲਿਆਂ, ਹਥਿਆਰਬੰਦ ਘੁਸਪੈਠ, ਬੰਦੀ ਬਣਾਉਣ ਦੀਆਂ ਸਥਿਤੀਆਂ, ਹਵਾਈ ਜਹਾਜ਼ ਅਗਵਾ ਕਰਨ ਅਤੇ ਅਹਿਮ ਸਥਾਨਾਂ ’ਤੇ ਹਮਲਿਆਂ ਦਾ ਢੁਕਵਾਂ ਜਵਾਬ ਦੇ ਸਕੇ। ਮੀਟਿੰਗ ਦੌਰਾਨ ਦੱਸਿਆ ਕਿ ਇਹ ਟੀਮ ਅਤਿ ਆਧੁਨਿਕ ਹਥਿਆਰਾਂ ਨਾਲ ਲੈਸ ਹੋਵੇਗੀ ਜਿਨ੍ਹਾਂ ਵਿੱਚ ਐਲ.ਐਮ.ਜੀ. ਅਤੇ ਐਮ.ਪੀ.-5 ਮਸ਼ੀਨ ਗੰਨਾਂ ਅਤੇ ਸਨਾਈਪਰ ਰਾਇਫਲਾਂ ਸ਼ਾਮਲ ਹੋਣਗੀਆਂ।
ਹਥਿਆਰਾਂ ਬਾਰੇ ਵਿਚਾਰ-ਵਟਾਂਦਰਾ ਕਰਦੇ ਹੋਏ ਮੁੱਖ ਮੰਤਰੀ ਨੇ ਸੁਝਾਅ ਦਿੱਤਾ ਕਿ ਇਸ ਫੋਰਸ ਨੂੰ ਵਧੀਆ ਸਨਾਈਪਰ ਰਾਇਫਲਾਂ ਦਿੱਤੀਆਂ ਜਾਣ ਅਤੇ ਉਨ੍ਹਾਂ ਨੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੂੰ ਵਧੀਆ ਹੋਰ ਉਪਲਬਧ ਪੱਖਾਂ ’ਤੇ ਵੀ ਧਿਆਨ ਦੇਣ ਲਈ ਆਖਿਆ। ਬੁਲਾਰੇ ਨੇ ਕਿਹਾ ਕਿ ਐਸ.ਓ.ਜੀ.. ਲਈ ਚੋਣ ਦੇ ਵੇਲੇ ਬਾਕੀ ਗੱਲਾਂ ਤੋਂ ਇਲਾਵਾ ਮੁਲਾਜ਼ਮਾਂ ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇਗਾ। ਚੋਣ ਤੋਂ ਬਾਅਦ ਇਹ ਤਿੰਨ ਮਹੀਨੇ ਦੀ ਸਿਖਲਾਈ ’ਤੇ ਜਾਣਗੇ। ਮੁੱਖ ਮੰਤਰੀ ਨੂੰ ਇਹ ਵੀ ਦੱਸਿਆ ਗਿਆ ਕਿ ਇਸ ਫੋਰਸ ਲਈ ਸਾਲਾਨਾ 5.7 ਕਰੋੜ ਰੁਪਏ ਦੇ ਖਰਚੇ ਦੀ ਜ਼ਰੂਰਤ ਹੋਵੇਗੀ ਜੋ ਕਿ ਇਕ ਮਹੀਨੇ ਦਾ 50 ਲੱਖ ਤੋਂ ਵੀ ਘੱਟ ਬਣਦਾ ਹੈ। ਮੀਟਿੰਗ ਵਿੱਚ ਹਾਜ਼ਰ ਹੋਰਨਾ ਵਿੱਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਵਧੀਕ ਮੁੱਖ ਸਕੱਤਰ ਗ੍ਰਹਿ ਮਨਦੀਪ ਸਿੰਘ ਸੰਧੂ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਡੀਜੀਪੀ ਸੁਰੇਸ਼ ਅਰੋੜਾ, ਏਡੀਜੀਪੀ ਹਰਦੀਪ ਸਿੰਘ ਢਿੱਲੋਂ ਅਤੇ ਏਡੀਜੀਪੀ ਦਿਨਕਰ ਗੁਪਤਾ ਵੀ ਸ਼ਾਮਲ ਸਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…