ਐਤਕੀਂ ਵੀਆਈਪੀ ਜ਼ਿਲ੍ਹਾ ਮੁਹਾਲੀ ਨੂੰ ਤਿਰੰਗਾ ਲਹਿਰਾਉਣ ਲਈ ਨਹੀਂ ਮਿਲਿਆ ਕੋਈ ਕੈਬਨਿਟ ਮੰਤਰੀ, ਕੈਪਟਨ ਨੇ ਮੁਹਾਲੀ ਵਿਸਾਰਿਆ

ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਰੋਹ ਮੌਕੇ ਡੀਸੀ ਗੁਰਪ੍ਰੀਤ ਕੌਰ ਸਪਰਾ ਲਹਿਰਾਉਣਗੇ ਤਿਰੰਗਾ

ਆਜ਼ਾਦੀ ਦਿਵਸ ਸਮਾਰੋਹ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ, ਸਰਕਾਰੀ ਕਾਲਜ ਫੇਜ਼-6 ਵਿੱਚ ਹੋਈ ਫੁੱਲ ਡਰੈਸ ਰਿਹਰਸਲ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਅਗਸਤ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਨੂੰ ਕੈਪਟਨ ਸਰਕਾਰ ਨੇ ਬਿਲਕੁਲ ਵਿਸਾਰ ਦੇ ਰੱਖ ਦਿੱਤਾ ਹੈ। ਐਤਕੀਂ ਆਜ਼ਾਦੀ ਦਿਵਸ ਦੇ ਮੌਕੇ ਵੀਪੀਆਈ ਜ਼ਿਲ੍ਹਾ ਮੁਹਾਲੀ ਨੂੰ ਤਿਰੰਗਾ ਝੰਡਾ ਲਹਿਰਾਉਣ ਲਈ ਕੋਈ ਕੈਬਨਿਟ ਮੰਤਰੀ ਜਾਂ ਰਾਜ ਮੰਤਰੀ ਨਹੀਂ ਮਿਲਿਆ। ਇੱਥੋਂ ਦੇ ਫੇਜ਼-6 ਸਥਿਤ ਸਰਕਾਰੀ ਕਾਲਜ ਵਿੱਚ ਹੋਣ ਵਾਲੇ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਰੋਹ ਮੌਕੇ ਕਾਫੀ ਅਰਸੇ ਬਾਅਦ ਇਸ ਵਾਰ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਅਤੇ ਮਾਰਚ ਪਾਸਟ ਤੋਂ ਸਲਾਮੀ ਲੈਣਗੇ। ਜਦੋਂ ਕਿ ਇਸ ਤੋਂ ਪਹਿਲਾਂ ਗਣਤੰਤਰ ਦਿਵਸ ਜਾਂ ਸੁਤੰਤਰਤਾ ਦਿਵਸ ਸਬੰਧੀ ਮੁਹਾਲੀ ਵਿੱਚ ਹੀ ਰਾਜ ਪੱਧਰੀ ਸਮਾਗਮ ਹੁੰਦੇ ਰਹੇ ਹਨ ਅਤੇ ਰਾਜ ਪੱਧਰੀ ਸਮਾਗਮਾਂ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਝੰਡਾ ਲਹਿਰਾਇਆ ਗਿਆ ਹੈ। ਇਹੀ ਨਹੀਂ ਜ਼ਿਲ੍ਹਾ ਪੱਧਰੀ ਸਮਾਗਮਾਂ ਮੌਕੇ ਹੀ ਕਿਸੇ ਨਾ ਕਿਸੇ ਸੀਨੀਅਰ ਕੈਬਨਿਟ ਮੰਤਰੀ ਹੀ ਤਿਰੰਗਾ ਲਹਿਰਾਉਂਦੇ ਰਹੇ ਹਨ ਲੇਕਿਨ ਕੈਪਟਨ ਸਰਕਾਰ ਦੇ ਰਾਜ ਵਿੱਚ ਮੁਹਾਲੀ ਵਿੱਚ ਤਿਰੰਗਾ ਝੰਡਾ ਲਹਿਰਾਉਣ ਲਈ ਕੋਈ ਕੈਬਨਿਟ ਮੰਤਰੀ ਨਹੀਂ ਮਿਲਿਆ ਹੈ।
ਜ਼ਿਕਰਯੋਗ ਹੈ ਕਿ ਇਸ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਮੁਹਾਲੀ ਵਿੱਚ ਉਸ ਸਮੇਂ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਤਿਰੰਗਾ ਝੰਡਾ ਲਹਿਰਾਇਆ ਸੀ ਜਦੋਂ ਕਿ ਪਿਛਲੇ ਸਾਲ 2016 ਵਿੱਚ 26 ਜਨਵਰੀ ਨੂੰ ਤਤਕਾਲੀ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਅਤੇ 15 ਅਗਸਤ ਨੂੰ 66ਵੇਂ ਆਜ਼ਾਦੀ ਦਿਵਸ ਮੌਕੇ ਮੁਹਾਲੀ ਵਿੱਚ ਰਾਜ ਪੱਧਰੀ ਸਮਾਗਮ ਹੋਇਆ ਸੀ ਅਤੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਝੰਡਾ ਲਹਿਰਾਉਣ ਦੀ ਰਸਮ ਨਿਭਾਈ ਸੀ। ਇੰਝ ਹੀ ਸਾਲ 2015 ਵਿੱਚ 26 ਜਨਵਰੀ ਅਤੇ 15 ਅਗਸਤ ਸਬੰਧੀ ਰਾਜ ਪੱਧਰੀ ਸਮਾਗਮ ਮੁਹਾਲੀ ਵਿੱਚ ਹੀ ਹੋਏ ਸੀ। ਸਾਲ 2014 ਵਿੱਚ 26 ਜਨਵਰੀ ਨੂੰ ਤਤਕਾਲੀ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਅਤੇ 15 ਅਗਸਤ ਨੂੰ ਤਤਕਾਲੀ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮੁਹਾਲੀ ਵਿੱਚ ਝੰਡਾ ਲਹਿਰਾਇਆ ਸੀ। ਕਹਿਣ ਤੋਂ ਭਾਵ ਅਕਾਲੀ ਭਾਜਪਾ ਸਰਕਾਰ ਵੇਲੇ ਪਿਛਲੇ ਇੱਕ ਦਹਾਕੇ ਵਿੱਚ ਹਮੇਸ਼ਾ ਹੀ ਮੁੱਖ ਮੰਤਰੀ, ਉਪ ਮੁੱਖ ਮੰਤਰੀ ਜਾਂ ਕੋਈ ਸੀਨੀਅਰ ਕੈਬਨਿਟ ਮੰਤਰੀ ਨੇ ਮੁਹਾਲੀ ਵਿੱਚ ਝੰਡਾ ਲਹਿਰਾਇਆ ਹੈ।
ਉਧਰ, ਮੁਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ ਚਰਨਦੇਵ ਸਿੰਘ ਮਾਨ ਨੇ ਦੱਸਿਆ ਕਿ ਭਲਕੇ 15 ਅਗਸਤ ਨੂੰ ਆਜ਼ਾਦੀ ਦਿਵਸ ਮੌਕੇ ਹੋਣ ਵਾਲੇ ਸਮਾਰੋਹ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਬੀਤੇ ਦਿਨੀਂ ਫੁੱਲ ਡਰੈਸ ਰਿਹਰਸਲ ਵਿੱਚ ਪੰਜਾਬ ਪੁਲੀਸ, ਮਹਿਲਾ ਪੁਲੀਸ, ਐਨ.ਸੀ.ਸੀ. ਦੀਆਂ ਟੁਕੜੀਆਂ ਤੋਂ ਇਲਾਵਾ ਸਕਾਉਟ ਐਂਡ ਗਾਇਡਜ਼ ਦੀਆਂ ਟੁਕੜੀਆਂ ਵੀ ਸ਼ਾਮਲ ਹੋਈਆਂ। ਸਮੁੱਚੀ ਪਰੇਡ ਦੀ ਅਗਵਾਈ ਪਰੇਡ ਕਮਾਂਡਰ ਡੀਐਸਪੀ ਖਰੜ ਦੀਪ ਕਮਲ ਨੇ ਕੀਤੀ ਅਤੇ ਸੈਕਿੰਡ ਇੰਨ ਕਮਾਂਡ ਮਹਿਲਾ ਪੁਲੀਸ ਦੀ ਸਬ ਇੰਸਪੈਕਟਰ ਨੀਸ਼ਾ ਸਨ।
ਸ੍ਰੀ ਮਾਨ ਨੇ ਦੱਸਿਆ ਕਿ ਆਜ਼ਾਦੀ ਦਿਵਸ ਸਮਾਰੋਹ ਮੌਕੇ ਆਜ਼ਾਦੀ ਘੁਲਾਟੀਆਂ, ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ, ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਅਤੇ ਵਾਤਾਵਰਨ ਦੀ ਸਵੱਛਤਾ ਲਈ ਕਣਕ ਅਤੇ ਝੋਨੇ ਦੀ ਰਹਿੰਦ ਖੁਹੰਦ ਨੂੰ ਅੱਗ ਨਾ ਲਗਾਉਣ ਵਾਲੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੰਜੀਵ ਕੁਮਾਰ ਗਰਗ, ਸਹਾਇਕ ਕਮਿਸ਼ਨਰ (ਜਨਰਲ) ਜਸਵੀਰ ਸਿੰਘ, ਸੰਯੁਕਤ ਕਮਿਸ਼ਨਰ ਅਵਨੀਤ ਕੌਰ, ਐਸਪੀ (ਸਿਟੀ) ਜਗਜੀਤ ਸਿੰਘ ਜੱਲ੍ਹਾ, ਐਸਡੀਐਮ ਡਾ. ਆਰ ਪੀ ਸਿੰਘ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ. ਪਾਲਿਕਾ ਅਰੋੜਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਨਿਰਮਲ ਸਿੰਘ, ਸਹਾਇਕ ਸਿੱਖਿਆ ਅਫ਼ਸਰ ਜਸਵਿੰਦਰ ਕੌਰ, ਮੀਨਾ ਕੁਮਾਰੀ ਸਮੇਤ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ।

Load More Related Articles
Load More By Nabaz-e-Punjab
Load More In Important Stories

Check Also

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ?

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ? ਗੈਂਗਸਟਰ ਗੋਲਡੀ ਬਰਾੜ ਦੇ ਜੀਜਾ ਗ…