nabaz-e-punjab.com

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 12 ਸਤੰਬਰ ਨੂੰ ਸਾਰਾਗੜ੍ਹੀ ਦਿਵਸ ਵਜੋਂ ਮਨਾਉਣ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਟਿੱਬਰੀ ਛਾਉਣੀ (ਗੁਰਦਾਸਪੁਰ), 14 ਅਗਸਤ:
ਪੰਜਾਬ ਸਰਕਾਰ 1897 ਨੂੰ 12 ਸਤੰਬਰ ਵਾਲੇ ਦਿਨ ਹੋਈ ਇਤਿਹਾਸਕ ਸਾਰਾਗੜ੍ਹੀ ਜੰਗ ਦੇ ਸੰਦਰਭ ਵਿੱਚ 12 ਸਤੰਬਰ ਸਾਰਾਗੜ੍ਹੀ ਦਿਵਸ ਵਜੋਂ ਮਨਾਵੇਗੀ। ਇਹ ਐਲਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 3 ਸਿੱਖ ਰੈਜ਼ੀਮੈਂਟ ਦੇ ਫੌਜੀਆਂ ਨੂੰ ਸੰਬੋਧਨ ਕਰਦੇ ਹੋਏ ਕੀਤਾ ਜਿੱਥੇ ਉਹ ਅੱਜ ਆਜ਼ਾਦੀ ਦਿਵਸ ਦੇ ਮੌਕੇ ’ਤੇ ਆਪਣੀ ਰੈਜੀਮੈਂਟ ਦੇ ਸਾਥੀਆਂ ਨਾਲ ਰਾਤ ਗੁਜਾਰਨ ਗਏ ਹਨ। 12 ਸਤੰਬਰ ਨੂੰ ਫਿਰੋਜ਼ਪੁਰ ਜ਼ਿਲ੍ਹੇ ਦੇ ਸਾਰਾਗੜ੍ਹੀ ਗੁਰਦੁਆਰਾ ਵਿਖੇ ਰਾਜ ਪੱਧਰੀ ਸਮਾਰੋਹ ਮਨਾਇਆ ਜਾਵੇਗਾ। ਜਿਸ ਦੀ ਪ੍ਰਧਾਨਗੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਕਰਨਗੇ ਕਿਉਂਕਿ ਉਸ ਦਿਨ ਮੁੱਖ ਮੰਤਰੀ ਲੰਡਨ ਵਿਖੇ ਹੋਣਗੇ ਜਿੱਥੇ ਉਹ ਸਾਰਾਗੜ੍ਹੀ ਜੰਗ ਸਮਾਰੋਹ ਦੇ ਹਿੱਸੇ ਵਜੋਂ ਸਾਰਾਗੜ੍ਹੀ ਬਾਰੇ ਆਪਣੀ ਕਿਤਾਬ ਰਿਲੀਜ਼ ਕਰਨਗੇ।
ਮੁੱਖ ਮੰਤਰੀ ਨੇ 12 ਸਤੰਬਰ ਨੂੰ ਇਸ ਦਿਵਸ ਮੌਕੇ ਰਾਜ ਪੱਧਰੀ ਛੁੱਟੀ ਕਰਨ ਦਾ ਐਲਾਨ ਕੀਤਾ ਹੈ, ਜੋ ਇਸ ਸਾਲ ਤੋਂ ਸ਼ੁਰੂ ਹੋ ਕੇ ਹਰ ਸਾਲ ਹੋਇਆ ਕਰੇਗੀ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੇ ਮੰਤਰੀ ਮੰਡਲ ਨੇ ਇਸ ਸਾਲ ਅਪਰੈਲ ਵਿੱਚ ਸਾਰਾਗੜ੍ਹੀ ਯਾਦਗਾਰ/ਗੁਰਦੁਆਰਾ ਦੇ ਪ੍ਰਬੰਧ ਦਾ ਕੰਮ ਸਾਰਾਗੜ੍ਹੀ ਯਾਦਗਾਰ ਪ੍ਰਬੰਧਕ ਟਰੱਸਟ, ਫਿਰੋਜ਼ਪੁਰ ਨੂੰ ਪ੍ਰਸ਼ਾਸਨ ਦਾ ਕੰਮ ਸੌਂਪਣ ਦਾ ਫੈਸਲਾ ਕੀਤਾ ਸੀ ਤਾਂ ਜੋ ਇਸ ਇਤਿਹਾਸਕ ਸਥਾਨ ਦੇ ਵਧੀਆ ਤਰੀਕੇ ਨਾਲ ਰੱਖ ਰਖਾਓ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਟਰੱਸਟ ਵਿਚ ਫੌਜ ਵਿਚ ਸੇਵਾ ਕਰਦੇ ਫੌਜੀ, ਸਾਬਕਾ ਫੌਜੀ ਸ਼ਾਮਲ ਕੀਤੇ ਗਏ ਹਨ ਜਿਨ੍ਹਾਂ ਨੂੰ ਮੰਤਰੀ ਮੰਡਲ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਫਿਰੋਜ਼ਪੁਰ ਛਾਉਣੀ ਵਿਖੇ ਸਥਾਪਤ ਇਸ ਇਤਿਹਾਸਕ ਸਥਾਨ ਦੀ ਸਾਂਭ ਸੰਭਾਲ ਵਾਸਤੇ ਸਭ ਤੋਂ ਵਧੀਆ ਮੰਨਿਆ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ 12 ਸਤੰਬਰ, 1897 ਨੂੰ ਹੋਈ ਇਤਿਹਾਸਕ ਸਾਰਾਗੜ੍ਹੀ ਜੰਗ ਬਾਰੇ ਆਪਣੀ ਕਿਤਾਬ ਦੀ ਘੁੰਡ ਚੁਕਾਈ ਸਮਾਰੋਹ ਮੌਕੇ ਇਸ ਗੁਰਦੁਆਰੇ ਦੀ ਸਾਂਭ ਸੰਭਾਲ ਦਾ ਕੰਮ ਟਰੱਸਟ ਦੇ ਹਵਾਲੇ ਕਰਨ ਦੀ ਇੱਛਾ ਰੱਖਦੀ ਹੈ। ਇਸ ਤਰੀਕ ’ਤੇ ਹਵਾਲਦਾਰ ਈਸਰ ਸਿੰਘ ਦੀ ਕਮਾਂਡ ਹੇਠ 21 ਜਵਾਨ ਅਤੇ ਇਕ ਐਨ.ਸੀ.ਓ ਸੈਂਕੜੇ ਕਬਾਇਲੀਆਂ ਦੀ ਮਾਰਨ ਤੋਂ ਬਾਅਦ ਸ਼ਹੀਦ ਹੋ ਗਏ ਸਨ। ਇਨ੍ਹਾਂ ਕਬਾਇਲੀਆਂ ਨੇ ਸਾਰਾਗੜ੍ਹੀ ਦੀ ਇਸ ਚੌਂਕੀ ਉੱਤੇ ਹਮਲਾ ਕੀਤਾ ਸੀ। ਬ੍ਰਿਟਿਸ਼ ਸਰਕਾਰ ਨੇ 21 ਫੌਜੀਆਂ ਨੂੰ ਸ਼ਹੀਦ ਕਰਾਰ ਦਿੱਤਾ ਸੀ ਜੋ ਕਿ 36 ਸਿੱਖ ਰੈਜੀਮੈਂਟ ਨਾਲ ਸਬੰਧਤ ਸਨ। ਇਨ੍ਹਾਂ ਨੂੰ ਸਭ ਤੋਂ ਉੱਚੇ ਜੰਗੀ ਸਨਮਾਨ ‘ਇੰਡੀਅਨ ਆਰਡਰ ਆਫ ਮੈਰਿਟ ਗਰੇਡ-2’ ਨਾਲ ਸਨਮਾਨਿਆ ਗਿਆ ਸੀ। ਇਹ ਦਿਨ ਹਰ ਸਾਲ 12 ਸਤੰਬਰ ਨੂੰ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ ਗੁਰਬਾਣੀ ਅਤੇ ਕੀਰਤਨ ਦਰਬਾਰ ਵੀ ਸਮੇਂ-ਸਮੇਂ ਸਾਰਾਗੜ੍ਹੀ ਗੁਰਦੁਆਰਾ ਵਿਖੇ ਆਯੋਜਿਤ ਕਰਵਾਇਆ ਜਾਂਦਾ ਹੈ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…