nabaz-e-punjab.com

ਮੈਟ੍ਰਿਕ ਸਕਾਲਰਸ਼ਿਪ ਸਕੀਮ: ਸਰਕਾਰਾਂ ਵੱਲੋਂ ਫੰਡ ਨਾ ਦੇਣ ਕਾਰਨ 3 ਲੱਖ ਦਲਿਤ ਬੱਚੇ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ

ਕੇਂਦਰ ਅਤੇ ਪੰਜਾਬ ਸਰਕਾਰ ਵੱਲ 1200 ਕਰੋੜ ਰੁਪਏ ਪੈਂਡਿੰਗ, ਬੈਂਕਾਂ ਵੱਲੋਂ ਸੈਂਕੜੇ ਕਾਲਜ ਐਨਪੀਏ ਘੋਸ਼ਿਤ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਗਸਤ:
ਪੰਜਾਬ ਦੇ 3 ਲੱਖ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀ ਲਈ ਪੋਸਟ-ਮੈਟ੍ਰਿਕ ਸਕਾਲਰਸ਼ਿਪ ਫੰਡ ਦਾ ਮੁੱਦਾ ਦਿਨ-ਬ-ਦਿਨ ਹੋਰ ਗੰਭੀਰ ਹੁੰਦਾ ਜਾ ਰਿਹਾ ਹੈ। ਸਥਿਤੀ ਉਸ ਵੇਲੇ ਹੋਰ ਵੀ ਗੰਭੀਰ ਹੋ ਗਈ ਜਦੋਂ ਮੋਗਾ ਵਿੱਚ ਇੱਕ ਪ੍ਰਾਈਵੇਟ ਕਾਲਜ ਨੇ ਅਨੁਸੂਚਿਤ ਜਾਤੀ ਦੇ ਇੱਕ ਵਿਦਿਆਰਥੀ ਨੂੰ ਦਾਖ਼ਲਾ ਦੇਣ ਤੋਂ ਇਨਕਾਰ ਕਰ ਦਿੱਤਾ। ਸਬੰਧਤ ਕਾਲਜ ਨੇ ਵਿਦਿਆਰਥੀ ਤੋਂ ਦਾਖ਼ਲੇ ਲਈ ਫ਼ੀਸ ਦੀ ਮੰਗ ਕੀਤੀ ਹੈ। ਜਿਸ ਉਪਰੰਤ ਇਕ ਵਾਰ ਫਿਰ ਤੋਂ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਦੇ ਮੱਦੇਨਜ਼ਰ ਪੰਜਾਬ ਦੇ 1 ਹਜ਼ਾਰ ਤੋਂ ਵੱਧ ਅਣਏਡਿਡ ਕਾਲਜਾਂ ਦੀ ਪ੍ਰਤੀਨਿਧਤਾ ਕਰਨ ਵਾਲੀ 13 ਵੱਖ-ਵੱਖ ਸੰਗਠਨਾਂ ਦੀ ਜੁਆਇੰਟ ਐਕਸ਼ਨ ਕਮੇਟੀ (ਜੇਏਸੀ) ਨੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਤੋਂ ਸਾਲ 2014-15, 2015-16, 2016-17 ਦੀ 1200 ਕਰੋੜ ਰੁਪਏ ਦੀ (ਪੀਐਮਐਸ) ਰਕਮ ਜਲਦੀ ਰਿਲੀਜ ਕੀਤੇ ਜਾਣ ਦੀ ਅਪੀਲ ਕੀਤੀ ਹੈ। ਇਸ ਸਬੰਧੀ ਹਾਲ ਹੀ ਵਿੱਚ 13 ਵੱਖ-ਵੱਖ ਜਥੇਬੰਦੀਆਂ ਦੀ ਇੱਕ ਮੀਟਿੰਗ ਹੋਈ।
ਜਿਸ ਵਿੱਚ ਡਾ. ਜੇ.ਐਸ. ਧਾਲੀਵਾਲ, ਪ੍ਰਧਾਨ ਪੰਜਾਬ ਅਨਏਡਿਡ ਟੈਕਨੀਕਲ ਇੰਸਟੀਚਿਊਟ ਐਸੋਸੀਏਸ਼ਨ (ਪੁਟਿਆ), ਜਗਜੀਤ ਸਿੰਘ ਪ੍ਰਧਾਨ ਬੀ.ਐੱਡ ਐਸੋਸੀਏਸ਼ਨ, ਡਾ. ਅੰਸ਼ੂ ਕਟਾਰੀਆ ਪ੍ਰਧਾਨ ਪੁੱਕਾ, ਰਾਜਿੰਦਰ ਧਨੋਆ ਪਾਲੀਟੈਕਨਿਕ ਐਸੋਸੀਏਸ਼ਨ, ਚਰਨਜੀਤ ਸਿੰਘ ਵਲੀਆ ਪ੍ਰਧਾਨ ਨਰਸਿੰਗ ਕਾਲਜਿਜ਼ ਐਸੋਸੀਏਸ਼ਨ, ਨਿਰਮਲ ਸਿੰਘ ਈ.ਟੀ.ਟੀ. ਫੈਡਰੇਸ਼ਨ, ਜਸਨੀਕ ਸਿੰਘ ਕੱਕੜ, ਬੀ.ਈ.ਡੀ. ਐਸੋਸੀਏਸ਼ਨ (ਪੰਜਾਬ ਯੂਨੀਵਰਸਿਟੀ), ਸਤਵਿੰਦਰ ਸਿੰਘ ਸੰਧੂ, ਬੀ.ਐੱਡ ਐਸੋਸੀਏਸ਼ਨ (ਜੀ.ਐਨ.ਡੀ.ਯੂ), ਸ਼ਿਮਾਸੂ ਗੁਪਤਾ, ਆਈ.ਟੀ.ਆਈ. ਐਸੋਸੀਏਸ਼ਨ, ਸੁਖਮੰਦਰ ਸਿੰਘ ਚੱਠਾ ਪੰਜਾਬ ਅਨਏਡਿਡ ਡਿਗਰੀ ਕਾਲਜਿਜ਼ ਐਸੋਸੀਏਸ਼ਨ (ਪੀ.ਡੀ.ਸੀ.ਏ.), ਗੁਰਮੀਤ ਸਿੰਘ ਧਾਲੀਵਾਲ ਅਕਾਦਮਿਕ ਸਲਾਹਕਾਰ ਫੋਰਮ (ਏਏਐਫ) ਨੇ ਭਾਗ ਲਿਆ ਅਤੇ ਮਸਲੇ ਨਾਲ ਸਬੰਧਤ ਅਗਲੇ ਐਕਸ਼ਨ ਪਲਾਨ ਸਬੰਧੀ ਸਲਾਹ ਮਸ਼ਵਰਾ ਕੀਤਾ।
ਇਸ ਮੌਕੇ ਡਾ. ਜੇ. ਐਸ. ਧਾਲੀਵਾਲ ਅਤੇ ਡਾ. ਅੰਸ਼ੂ ਕਟਾਰੀਆ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਿਛਲੇ 3 ਸਾਲਾਂ ਤੋਂ ਪੰਜਾਬ ਦੇ ਛੋਟੇ ਅਤੇ ਵੱਡੇ ਪ੍ਰਾਈਵੇਟ ਅਤੇ ਅਣਏਡਿਡ ਕਾਲਜ ਸਰਕਾਰ ਵੱਲੋਂ ਪੀਐਮਐਸ ਜਾਂਚ ਦਾ ਸਾਹਮਣਾ ਕਰ ਰਹੇ ਹਨ, ਜੋ ਕਿ ਫੰਡ ਰਿਲੀਜ ਨਾ ਕਰਨ ਦੀ ਸਰਕਾਰ ਦੀ ਇੱਕ ਰਣਨੀਤੀ ਹੈ। ਸੀਏ ਮਨਮੋਹਨ ਗਰਗ ਵਿੱਤ ਸਕੱਤਰ ਪੁੱਕਾ ਨੇ ਕਿਹਾ ਕਿ 1200 ਕਰੋੜ ਰੁਪਏ ਦਾ ਫੰਡ ਰਿਲੀਜ ਨਾ ਹੋਣ ਕਾਰਨ 100 ਤੋਂ ਵੱਧ ਚੰਗੇ ਕਾਲਜ ਨੂੰ ਬੈਂਕਾਂ ਨੇ ਗੈਰ ਪ੍ਰਫੋਰਮਿੰਗ ਐਸਿਟ (ਐਨ.ਪੀ.ਏ) ਘੋਸ਼ਿਤ ਕਰ ਦਿੱਤਾ ਅਤੇ ਕਬਜ਼ੇ ਅਤੇ ਨਿਲਾਮੀ ਲਈ ਕਾਰਵਾਈ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਰਾਜਿੰਦਰ ਧਨੋਆ ਨੇ ਕਿਹਾ ਕਿ ਸਰਕਾਰ ਵੱਲੋਂ ਖੇਤੀਬਾੜੀ ਸੈਕਟਰ ਵਿੱਚ ਕਰਜ਼ੇ ਵਿੱਚ ਕੋਈ ਰਾਹਤ ਨਾ ਦਿੱਤੇ ਜਾਣ ਕਾਰਨ ਪਹਿਲਾਂ ਕਿਸਾਨ ਆਤਮ ਹੱਤਿਆ ਕਰ ਰਹੇ ਸਨ ਪ੍ਰੰਤੂ ਹੁਣ ਸਰਕਾਰ ਦੀਆਂ ਕੂੜ ਨੀਤੀਆਂ ਕਾਰਨ ਸਿੱਖਿਆਵਾਦੀਆਂ ਨੇ ਵੀ ਅਜਿਹੇ ਗੰਭੀਰ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ।
ਇਸ ਮੌਕੇ ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਇਸ ਤੋਂ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਵਾਲਾ ਮੰਦਭਾਗਾ ਘਟਨਾਕ੍ਰਮ ਦੁਬਾਰਾ ਵਾਪਰੇ, ਸਰਕਾਰ ਫੰਡ ਰਿਲੀਜ਼ ਕਰ ਦੇਵੇ। ਗੌਰਤਲਬ ਹੈ ਕਿ ਸ੍ਰੀ ਮੁਕਤਸਰ ਸਾਹਿਬ ਵਿੱਚ ਇੱਕ ਪ੍ਰਾਈਵੇਟ ਆਈ.ਟੀ.ਆਈ ਦੇ ਮਾਲਕ ਸੁਭਾਸ਼ ਭਟੇਜਾ ਨੇ ਆਰਥਿਕ ਤੰਗੀ ਕਾਰਨ ਖ਼ੁਦਕੁਸ਼ੀ ਕਰ ਲਈ ਸੀ। ਉਹ ਸਾਲ 2015-16 ਅਤੇ 2016-17 ਲਈ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਵਾਲਾ ਪੀਐਮਐਸ ਫੰਡ ਨਾ ਮਿਲਣ ਕਾਰਨ ਤਣਾਅ ਵਿੱਚ ਸਨ। ਜਗਜੀਤ ਸਿੰਘ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਅਤੇ ਰਾਜ ਸਰਕਾਰ 30 ਅਗਸਤ ਤੱਕ 1200 ਕਰੋੜ ਰੁਪਏ ਦੇ ਪੀਐਮਐਸ ਫੰਡ ਨੂੰ ਰਿਲੀਜ ਨਹੀਂ ਕੀਤੇ ਤਾਂ ਜੁਆਇੰਟ ਐਕਸ਼ਨ ਕਮੇਟੀ (ਜੇਏਸੀ) ਮਜ਼ਬੂਰਨ 3 ਲੱਖ ਵਿਦਿਆਰਥੀਆਂ ਨਾਲ ਮਿਲ ਕੇ ਧਰਨੇ ਦੇਣਗੇ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …