nabaz-e-punjab.com

ਪੰਜਾਬ ਵਿੱਚ ਅਮਨ-ਚੈਨ ਕਾਇਮ, ਜਾਨੀ ਨੁਕਸਾਨ ਦੀ ਕੋਈ ਘਟਨਾ ਨਹੀਂ ਵਾਪਰੀ

ਸੋਮਵਾਰ ਨੂੰ ਰਾਮ ਰਹੀਮ ਨੂੰ ਦਿੱਤੀ ਜਾਣ ਵਾਲੀ ਸਜ਼ਾ ਦੇ ਮੱਦੇਨਜ਼ਰ ਅਹਿਮ ਥਾਵਾਂ ’ਤੇ ਸੁਰੱਖਿਆ ਦੇ ਕਰੜੇ ਬੰਦੋਬਸਤ ਕੀਤੇ

ਇੰਟਰਨੈਟ ਸੇਵਾਵਾਂ ਮੰਗਲਵਾਰ ਤੱਕ ਬੰਦ ਰਹਿਣਗੀਆਂ, ਲੋੜ ਪੈਣ ’ਤੇ ਕਰਫਿਊ ਲਾਇਆ ਜਾ ਸਕਦਾ-ਮੁੱਖ ਮੰਤਰੀ

ਇਹਤਿਆਤ ਵਜੋਂ 19 ਵਿਅਕਤੀ ਹਿਰਾਸਤ ਵਿੱਚ ਲਏ, ਡੇਰੇ ਦੇ ਨਾਮ ਚਰਚਾ ਘਰਾਂ ਦੀ ਤਲਾਸ਼ੀ ਲਈ, ਕਾਰਵਾਈ ਜਾਰੀ ਰਹੇਗੀ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 26 ਅਗਸਤ:
ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਹੋਣ ਵਾਲੀ ਸਜ਼ਾ ਦੇ ਮੱਦੇਨਜ਼ਰ ਸੂਬੇ ਦੀਆਂ ਅਹਿਮ ਥਾਵਾਂ ’ਤੇ ਸੁਰੱਖਿਆ ਦੇ ਪੁਖਤਾ ਬੰਦੋਬਸਤ ਕਰ ਦਿੱਤੇ ਗਏ ਹਨ ਅਤੇ ਲੋੜ ਪੈਣ ’ਤੇ ਸੋਮਵਾਰ ਨੂੰ ਸੂਬੇ ਦੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਮੁੜ ਕਰਫਿਊ ਲਾਉਣ ਦੀ ਤਿਆਰੀ ਕੀਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਵਿੱਚ ਮੋਬਾਈਲ ਡਾਟਾ ਸੇਵਾਵਾਂ ’ਤੇ ਪਾਬੰਦੀ ਮੰਗਲਵਾਰ ਤੱਕ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹਤਿਆਤ ਵਜੋਂ 19 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਡੇਰਾ ਮੁਖੀ ਨੂੰ ਸਜ਼ਾ ਸੁਣਾਏ ਜਾਣ ਤੱਕ ਇਹ ਕਾਰਵਾਈ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਆਗੂਆਂ ਜੋ ਆਪਣੇ ਹਮਾਇਤੀਆਂ ਨੂੰ ਭੜਕਾ ਸਕਦੇ ਹਨ, ਨੂੰ ਇਹਤਿਆਤ ਵਜੋਂ ਜਾਂ ਤਾਂ ਭਰੋਸੇ ਵਿੱਚ ਜਾਂ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ।
ਸੀਬੀਆਈ ਦੀ ਅਦਾਲਤ ਵੱਲੋਂ ਰਾਮ ਰਹੀਮ ਨੂੰ ਦੋਸ਼ੀ ਐਲਾਨੇ ਜਾਣ ਤੋਂ ਬਾਅਦ ਪੰਚਕੂਲਾ ਵਿੱਚ ਵਾਪਰੀ ਹਿੰਸਾ ਦੇ ਮੱਦੇਨਜ਼ਰ ਸੂਬੇ ਵਿੱਚ ਅਮਨ-ਕਾਨੂੰਨ ਦੀ ਤਾਜ਼ਾ ਸਥਿਤੀ ਬਾਰੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ਬੀਤੀ ਰਾਤ ਤੋਂ ਕਿਸੇ ਵੀ ਥਾਂ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਬੀਤੇ ਦਿਨ ਸੂਬੇ ਦੇ ਕੁਝ ਇਲਾਕਿਆਂ ਵਿੱਚ ਵਾਪਰੀਆਂ ਮਾਮੂਲੀ ਘਟਨਾਵਾਂ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੁੱਖ ਮੰਤਰੀ ਨੇ ਪੰਚਕੂਲਾ ਦੀ ਹਿੰਸਾ ਵਿੱਚ ਪੰਜਾਬ ਦੇ ਸੱਤ ਵਿਅਕਤੀਆਂ ਦੀ ਮੌਤ ਹੋਣ ਜਾਣ ’ਤੇ ਦੁੱਖ ਪ੍ਰਗਟ ਕੀਤਾ। ਹਰਿਆਣਾ ਪਾਸੋਂ ਹੁਣ ਤੱਕ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਇਸ ਹਿੰਸਾ ਵਿੱਚ ਜ਼ਖਮੀ ਹੋਏ 250 ਵਿਅਕਤੀਆਂ ਵਿੱਚੋਂ 45 ਵਿਅਕਤੀ ਪੰਜਾਬ ਤੋਂ ਹਨ। ਉਨ੍ਹਾਂ ਦੱਸਿਆ ਕਿ ਹਿੰਸਾ ਵਿੱਚ ਮਾਰੇ ਗਏ ਸੱਤ ਵਿਅਕਤੀਆਂ ਦਾ ਸਸਕਾਰ ਅਮਨ-ਅਮਾਨ ਨਾਲ ਕਰਨ ਨੂੰ ਯਕੀਨੀ ਬਣਾਉਣ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਸੂਬੇ ਵਿੱਚ ਬੀਤੇ ਦਿਨ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਕਰਫਿਊ ਲਾਇਆ ਗਿਆ ਸੀ, ਉਨ੍ਹਾਂ ਵਿੱਚੋਂ ਤਿੰਨ ਜ਼ਿਲ੍ਹਿਆਂ ਵਿੱਚ ਕਰਫਿਊ ਹਟਾ ਦਿੱਤਾ ਗਿਆ ਜਦਕਿ ਬਾਕੀ ਥਾਵਾਂ ’ਤੇ ਢਿੱਲ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਜ਼ਮੀਨੀ ਹਾਲਾਤ ਦੇ ਮੁਤਾਬਕ ਕਰਫਿਊ ਬਾਰੇ ਅਗਲਾ ਫੈਸਲਾ ਲੈਣ ਲਈ ਅਧਿਕਾਰ ਦਿੱਤੇ ਗਏ ਹਨ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਰਾਮ ਰਹੀਮ ਕੇਸ ਵਿੱਚ ਅਦਾਲਤ ਵਿੱਚ ਸਜ਼ਾ ਸੁਣਾਏ ਜਾਣ ਤੋਂ ਬਾਅਦ ਵੀ ਸੂਬੇ ਵਿੱਚ ਸੁਰੱਖਿਆ ’ਚ ਕੋਈ ਢਿੱਲ ਨਹੀਂ ਆਉਣ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਉਹ ਸੂਬੇ ਦੇ ਲੋਕਾਂ ਨਾਲ ਵਾਅਦਾ ਕਰਦੇ ਹਨ ਕਿ ਉਨ੍ਹਾਂ ਦੀ ਸਰਕਾਰ ਸੋਮਵਾਰ ਨੂੰ ਸੂਬੇ ਵਿੱਚ ਕਿਸੇ ਤਰ੍ਹਾਂ ਦੀ ਗੜਬੜੀ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ ਨਾ ਹੀ ਕਿਸੇ ਨੂੰ ਸੂਬੇ ਦੇ ਮਾਹੌਲ ਵਿੱਚ ਕੁੜੱਤਣ ਪੈਦਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।
ਕੈਪਟਨ ਨੇ ਦੱਸਿਆ ਕਿ ਪੁਲਿਸ ਅਧਿਕਾਰੀਆਂ ਨੇ ਸੂਬੇ ਵਿੱਚ ਡੇਰੇ ਦੇ 98 ਨਾਮ ਚਰਚਾ ਘਰਾਂ ਦਾ ਦੌਰਾ ਕੀਤਾ ਹੈ ਅਤੇ ਡਾਗਾਂ, ਪਾਈਪਾਂ, ਰਾਡਾਂ, ਕੁਹਾੜੀਆਂ ਅਤੇ ਪੈਟਰੋਲ ਬੰਬ ਬਰਾਮਦ ਕੀਤੇ ਗਏ। ਸੂਬੇ ਵਿੱਚ ਅਮਨ-ਸ਼ਾਂਤੀ ਨੂੰ ਕਿਸੇ ਵੀ ਕੀਮਤ ’ਤੇ ਭੰਗ ਨਾ ਹੋਣ ਦੇਣ ਦਾ ਅਹਿਦ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਤੱਕ ਉਹ ਸੂਬੇ ਦੇ ਮੁਖੀ ਹਨ, ਉਦੋਂ ਤੱਕ ਉਹ ਅਮਨ-ਚੈਨ ਨੂੰ ਯਕੀਨੀ ਬਣਾਉਣ ਦੀ ਨਿਗਰਾਨੀ ਨਿੱਜੀ ਤੌਰ ’ਤੇ ਕਰਨਗੇ। ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਬੀਤੇ ਦਿਨ ਦੀ ਹਿੰਸਾ ਵਿੱਚ ਜਾਇਦਾਦ ਦੇ ਹੋਏ ਨੁਕਸਾਨ ਦੀ ਸੂਚੀ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਸੂਚੀ ਉਨ੍ਹਾਂ ਦੀ ਸਰਕਾਰ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪੇਸ਼ ਕੀਤੀ ਜਾਵੇਗੀ ਜਿਸ ਨੇ ਹਿੰਸਾ ਵਿੱਚ ਹੋਏ ਨੁਕਸਾਨ ਦੀ ਲਾਗਤ ਡੇਰੇ ਤੋਂ ਵਸੂਲਣ ਦੇ ਨਿਰਦੇਸ਼ ਦਿੱਤੇ ਹਨ।
ਐਤਵਾਰ ਨੂੰ ਪੰਜਾਬ ਦੇ ਕੁਝ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦੀ ਯੋਜਨਾ ਬਣਾ ਰਹੇ ਮੁੱਖ ਮੰਤਰੀ ਨੇ ਸ਼ਾਂਤੀ ਬਣਾਈ ਰੱਖਣ ਲਈ ਹੇਠਲੇ ਪੱਧਰ ’ਤੇ ਕੰਮ ਕਰਨ ਵਾਲੇ ਲੋਕਾਂ ਅਤੇ ਸੁਰੱਖਿਆ ਫੋਰਸਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੀ ਵੱਡੀ ਗਲਤੀ ਪੰਚਕੂਲਾ ਵਿੱਚ ਲੋਕਾਂ ਦੇ ਵੱਡੇ ਇਕੱਠ ਨੂੰ ਜਮ੍ਹਾਂ ਹੋਣ ਦਿੱਤਾ ਅਤੇ ਉਹ ਇਸ ਇਕੱਠ ਨੂੰ ਰੋਕਣ ਵਿੱਚ ਨਾਕਾਮ ਰਹੇ। ਪੰਚਕੂਲਾ ਵਿਖੇ ਡੇਰਾ ਪ੍ਰੇਮੀਆਂ ਨੂੰ ਲਿਜਾਣ ਵਾਲੀਆਂ ਗੱਡੀਆਂ ਪੰਜਾਬ ਵੱਲੋਂ ਨਾ ਰੋਕੇ ਜਾਣ ਦੇ ਲਾਏ ਗਏ ਦੋਸ਼ਾਂ ’ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਇਸ ਮੁੱਦੇ ’ਤੇ ਕਦੇ ਵੀ ਪੰਜਾਬ ਸਰਕਾਰ ਕੋਲ ਪਹੁੰਚ ਨਹੀਂ ਕੀਤੀ। ਇਕ ਹੋਰ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਅਤੇ ਹਰਿਆਣਾ ਦੇ ਮੁੱਖ ਮੰਤਰੀ ਵਿਚਕਾਰ ਕੋਈ ਸੰਪਰਕ ਨਹੀਂ ਹੋਇਆ, ਭਾਵੇਂ ਕਿ ਪੰਜਾਬ ਦੇ ਡੀ.ਜੀ.ਪੀ. ਲਗਾਤਾਰ ਹਰਿਆਣਾ ਦੇ ਡੀ.ਜੀ.ਪੀ. ਨਾਲ ਸੰਪਰਕ ਵਿੱਚ ਰਹੇ ਹਨ। ਪੰਜਾਬ ਪੁਲਿਸ ਵੱਲੋਂ ਪ੍ਰਾਪਤ ਹੋਈ ਸਾਰੀ ਖੁਫੀਆ ਜਾਣਕਾਰੀ ਹਰਿਆਣਾ ਨਾਲ ਸਾਂਝੀ ਕੀਤੀ ਗਈ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਨੂੰ ਪੱਤਰ ਵੀ ਲਿਖਿਆ। ਉਨ੍ਹਾਂ ਦੀ ਸਰਕਾਰ ਨੇ 13 ਅਗਸਤ ਨੂੰ ਪੰਜਾਬ ਲਈ ਵਾਧੂ ਸੁਰੱਖਿਆ ਦਾ ਮੁੱਦਾ ਉਠਾਇਆ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰੇਕ ਕੋਲ ਚੋਖਾ ਸਮਾਂ ਸੀ। ਉਨ੍ਹਾਂ ਕਿਹਾ ਕਿ ਸਮੁੱਚੀ ਪੰਜਾਬ ਪੁਲਿਸ ਅਤੇ ਸਰਕਾਰ ਕੱਲ੍ਹ ਪੂਰੀ ਤਰ੍ਹਾਂ ਫੀਲਡ ਵਿੱਚ ਸੀ ਜਿਸ ਨੇ ਸੂਬੇ ਵਿੱਚ ਸ਼ਾਂਤੀ ਬਣਾਈ ਰੱਖਣ ਨੂੰ ਯਕੀਨੀ ਬਣਾਇਆ। ਅਜਿਹੇ ਡੇਰਿਆਂ ਨੂੰ ਲਗਾਤਾਰ ਸਿਆਸੀ ਪੁਸ਼ਤਪਨਾਹੀ ਮਿਲਣ ਬਾਰੇ ਪੁੱਛੇ ਜਾਣ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਫੈਸਲਾ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਰਾਸ਼ਟਰੀ ਪੱਧਰ ’ਤੇ ਲਏ ਜਾਣ ਵਾਲਾ ਹੈ। ਪੰਜਾਬ ਵਿੱਚ ਡੇਰੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਗੜਬੜ ਫੈਲਾਉਣ ਦੀ ਆਗਿਆ ਨਾ ਦਿੱਤੇ ਜਾਣ ’ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਘਟਨਾਵਾਂ ਵਾਪਰ ਰਹੀਆਂ ਹਨ, ਉਸ ਤੋਂ ਨਹੀਂ ਲਗਦਾ ਕਿ ਸਿਆਸੀ ਪਾਰਟੀਆਂ ਭਵਿੱਖ ਵਿੱਚ ਡੇਰਿਆਂ ਤੋਂ ਸਮਰਥਨ ਲੈਣਗੀਆਂ।
ਆਪਣੇ ਘਰਾਂ ਵਿੱਚ ਵਾਪਸ ਜਾਣ ਲਈ ਡੇਰੇ ਦੇ ਹਮਾਇਤੀਆਂ ਨੂੰ ਪੰਜਾਬ ਸਰਕਾਰ ਵੱਲੋਂ ਸਹੂਲਤ ਦਿੱਤੇ ਜਾਣ ਬਾਰੇ ਕੀਤੇ ਗਏ ਪ੍ਰਬੰਧਾਂ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਬੰਧ ਵਿੱਚ ਬੱਸਾਂ ਅਤੇ ਟਰੱਕਾਂ ਦਾ ਪ੍ਰਬੰਧ ਕੀਤਾ ਗਿਆ ਤਾਂ ਜੋ ਉਹ ਵਾਪਸ ਜਾਂਦੇ ਹੋਏ ਕੋਈ ਵੀ ਖਲਬਲੀ ਨਾ ਕਰ ਸਕਣ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਸਾਂ ਅਤੇ ਟਰੱਕਾਂ ਰਾਹੀਂ ਲਿਜਾਏ ਗਏ 65 ਫੀਸਦੀ ਵਿਅਕਤੀ ਹਰਿਆਣਾ ਵੱਲ ਚਲੇ ਗਏ ਹਨ। ਰੇਲ ਅਤੇ ਬੱਸ ਸਰਵਿਸ ਦੀ ਮੁੜ ਬਹਾਲੀ ਦੇ ਸਵਾਲ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਹਰਿਆਣਾ ’ਤੇ ਨਿਰਭਰ ਕਰਦਾ ਹੈ ਕਿ ਉਹ ਕਿੰਨੀ ਛੇਤੀ ਸਥਿਤੀ ’ਤੇ ਨਿਯੰਤਰਨ ਕਰਨ ਵਿੱਚ ਸਮਰਥ ਹੁੰਦਾ ਹੈ ਕਿਉਂਕਿ ਇਹ ਗੱਡੀਆਂ ਹਰਿਆਣਾ ਵਿੱਚ ਦੀ ਹੀ ਲੰਘਣੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬੱਸ ਅਤੇ ਰੇਲ ਆਵਾਜਾਈ ਦੀ ਬਹਾਲੀ ’ਤੇ ਕੋਈ ਇਤਰਾਜ਼ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਦੀ ਹਿੰਸਾ ਦੌਰਾਨ ਡੇਰਾ ਹਮਾਇਤੀਆਂ ਵੱਲੋਂ ਮੀਡੀਆ ’ਤੇ ਕੀਤੇ ਗਏ ਹਮਲੇ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਹਿੰਸਾ ਨਾ ਪ੍ਰਵਾਨ ਕਰਨ ਯੋਗ ਹੈ।
ਸੋਮਵਾਰ ਲਈ ਕੀਤੇ ਗਏ ਪ੍ਰਬੰਧਾਂ ਦੀ ਵਿਸਤ੍ਰਿਤ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੇਂਦਰ/ਸੂਬੇ ਦੇ ਸਰਕਾਰੀ ਦਫਤਰ ਵਿੱਚ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਗਏ ਹਨ। ਰੇਲਵੇ ਦੀ ਜਾਇਦਾਦ, ਹੋਰ ਮਹੱਤਵਪੂਰਨ ਇਮਾਰਤਾਂ ਅਤੇ ਜਨਤਕ ਜਾਇਦਾਦ ਦੀ ਰਾਖੀ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ। ਦਿਹਾਤੀ ਇਲਾਕਿਆਂ ਵਿੱਚ ਬਿਜਲੀ ਗਰਿੱਡ, ਦਿਹਾਤੀ ਸੇਵਾ ਕੇਂਦਰਾਂ ਅਤੇ ਦਿਹਾਤੀ ਸਿਹਤ ਕੇਂਦਰਾਂ ’ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ। ਸੂਬੇ ਦੇ ਡੇਰਿਆਂ ਦੇ ਬਾਹਰ ਸੁਰੱਖਿਆ ਪ੍ਰਬੰਧ ਮਜ਼ਬੂਤ ਬਣਾਏ ਗਏ ਹਨ। ਡੇਰਾ ਸ਼ਰਧਾਲੂਆਂ ਨੂੰ ਨਾਮ ਚਰਚਾ ਘਰਾਂ ਵਿੱਚ ਇਕੱਠੇ ਹੋਣ ਦੀ ਆਗਿਆ ਨਹੀਂ ਦਿੱਤੀ ਜਾਏਗੀ। ਨਾਜ਼ੁਕ ਖੇਤਰਾਂ ਵਿੱਚ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ ਅਤੇ ਗਸ਼ਤ ਵਧਾਈ ਗਈ ਹੈ। ਬੁਲਾਰੇ ਨੇ ਦੱਸਿਆ ਕਿ ਨੀਮ ਫੌਜੀ ਬਲਾਂ ਅਤੇ ਪੁਲਿਸ ਮੁਲਾਜ਼ਮਾਂ ਵੱਲੋਂ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਵਿੱਚ ਫਲੈਗ ਮਾਰਚ ਕੀਤਾ ਜਾ ਰਿਹਾ ਹੈ।
ਮੁੱਖ ਮੰਤਰੀ ਦੇ ਨਾਲ ਪ੍ਰੈਸ ਕਾਨਫਰੰਸ ਵਿੱਚ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਮੁੱਖ ਮੰਤਰੀ ਦੇ ਸਲਾਹਕਾਰ ਬੀ.ਆਈ.ਐਸ. ਚਾਹਲ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਵਧੀਕ ਮੁੱਖ ਸਕੱਤਰ ਗ੍ਰਹਿ ਮਨਦੀਪ ਸਿੰਘ ਸੰਧੂ, ਡੀਜੀਪੀ ਸੁਰੇਸ਼ ਅਰੋੜਾ, ਡੀਜੀਪੀ ਇੰਟੈਲੀਜੈਂਸ ਦਿਨਕਰ ਗੁਪਤਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਮੁੱਖ ਮੰਤਰੀ ਦੇ ਵਿਸ਼ੇਸ਼ ਮੁੱਖ ਸਕੱਤਰ ਗੁਰਕੀਰਤ ਕਿਰਪਾਲ ਸਿੰਘ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਅਤੇ ਵਿਧਾਇਕ ਗੁਰਮੀਤ ਸਿੰਘ ਸੋਢੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…