ਪੀਆਰਟੀਸੀ ਦੀਆਂ ਲਾਰੀਆਂ, ਧੱਕਾ ਲਾਉਣ ਸਵਾਰੀਆਂ

ਆਪਣੀ ਮੰਜ਼ਿਲ ਦੇ ਅੱਧਵਾਟੇ ਹੀ ਖੜ ਜਾਂਦੀਆਂ ਹਨ ਪੀਆਰਟੀਸੀ ਦੀਆਂ ਲਾਰੀਆਂ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਸਤੰਬਰ:
ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਇਕ ਪਾਸੇ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਦੇਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਇਸ ਦੇ ਇਲਾਵਾ ਪੀਆਰਟੀਸੀ ਦੇ ਸੀਨੀਅਰ ਅਧਿਕਾਰੀ ਵੀ ਗਾਹੇ ਬਗਾਹੇ ਬਿਆਨ ਜਾਰੀ ਕਰਕੇ ਪੀਆਰਟੀਸੀ ਦੀ ਬੱਸ ਸਰਵਿਸ ਨੂੰ ਬਿਹਤਰ ਦੱਸਦੇ ਹਨ। ਦੂਜੇ ਪਾਸੇ ਅਸਲੀਅਤ ਇਹ ਹੈ ਕਿ ਵੱਡੀ ਗਿਣਤੀ ਬੱਸਾਂ ਹਰ ਦਿਨ ਹੀ ਆਪਣੀ ਮੰਜ਼ਿਲ ਦੇ ਅੱਧੱਵਾਟੇ ਜਿਹੇ ਖਰਾਬ ਹੋ ਕੇ ਰਸਤੇ ਵਿੱਚ ਖੜ ਜਾਂਦੀਆਂ ਹਨ। ਜਿਸ ਕਾਰਨ ਬੱਸਾਂ ਵਿੱਚ ਸਵਾਰ ਲੋਕਾਂ ਨੂੰ ਬਹੁਤ ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਬਿਲਕੁਲ ਹੀ ਕੰਡਮ ਅਤੇ ਮਿਆਦ ਪੁੱਗੀਆਂ ਬੱਸਾਂ ਚਲਾ ਕੇ ਇਹਨਾਂ ਬੱਸਾਂ ਵਿੰਚ ਸਫਰ ਕਰਨ ਵਾਲੇ ਲੋਕਾਂ ਦੀ ਜਾਨ ਖਤਰੇ ਵਿੱਚ ਪਾ ਕੇ ਸਰਕਾਰ ਅਤੇ ਪੀਆਰਟੀਸੀ ਦੀ ਮੈਨੇਜਮੈਂਟ ਕਿਸੇ ਵੱਡੇ ਹਾਦਸੇ ਦਾ ਇੰਤਜਾਰ ਕਰ ਰਹੀ ਹੈ।
ਜੇਕਰ ਪਟਿਆਲਾ ਤੋਂ ਮੁਹਾਲੀ ਰੂਟ ਉਪਰ ਚਲਦੀਆਂ ਪੀਆਰਟੀਸੀ ਦੀਆਂ ਬੱਸਾਂ ਦੀ ਗਲ ਕੀਤੀ ਜਾਵੇ ਤਾਂ ਇਸ ਰੂਟ ਉਪਰ ਪੀਆਰਟੀਸੀ ਵੱਲੋਂ ਭਾਵੇਂ ਇਕ ਦੋ ਨਵੀਆਂ ਬੱਸਾਂ ਵੀ ਚਲਾਈਆਂ ਜਾ ਰਹੀਆਂ ਹਨ ਪਰ ਇਸ ਰੂਟ ਉਪਰ ਚਲਦੀਆਂ ਵੱਡੀ ਗਿਣਤੀ ਬੱੱਸਾਂ ਦੀ ਹਾਲਤ ਖਸਤਾ ਹੈ। ਇਸ ਰੂਟ ਉਪਰ ਚਲਦੀਆਂ ਵੱਡੀ ਗਿਣਤੀ ਪੀਆਰਟੀਸੀ ਦੀਆਂ ਬੱਸਾਂ ਸਟਾਰਟ ਹੋਣ ਵੇਲੇ ਇੰਜਣ ’ਚੋਂ ਏਨੀਆਂ ਖਤਰਨਾਕ ਆਵਾਜਾਂ ਕੱਢਦੀਆਂ ਹਨ ਕਿ ਬੱਸਾਂ ਵਿੱਚ ਮਾਵਾਂ ਦੀਆਂ ਗੋਦੀਆਂ ਵਿਚ ਬੈਠੇ ਛੋਟੇ ਬੱਚੇ ਡਰ ਕੇ ਰੋਣ ਹੀ ਲੱਗ ਜਾਂਦੇ ਹਨ। ਇਸ ਤੋਂ ਇਲਾਵਾ ਇਸ ਰੂਟ ਉਪਰ ਚਲਦੀਆਂ ਕਈ ਬੱਸਾਂ ਤਾਂ ਧੱਕਾ ਸਟਾਰਟ ਹੀ ਹਨ। ਇਹ ਬੱਸਾਂ ਅਕਸਰ ਰਾਹ ਵਿੱਚ ਹੀ ਖਰਾਬ ਹੋ ਕੇ ਖੜ ਜਾਂਦੀਆਂ ਹਨ।
ਅੱਜ ਵੀ ਸਵੇਰੇ 8 ਵਜੇ ਪਟਿਆਲਾ ਤੋਂ ਮੁਹਾਲੀ ਆ ਰਹੀ ਪੀਆਰਟੀਸੀ ਦੀ ਇੱਕ ਬੱਸ ਬਨੂੜ ਨੇੜੇ ਆ ਕੇ ਖਰਾਬ ਹੋ ਗਈ। ਇਸ ਬੱਸ ਦੇ ਡਰਾਇਵਰ ਅਤੇ ਕੰਡਕਟਰ ਦੇ ਦਸਣ ਅਨੁਸਾਰ ਇਸ ਬੱਸ ਦਾ ਪੰਪ ਤੇਲ ਛੱਡ ਗਿਆ, ਜਿਸ ਕਰਕੇ ਬੱਸ ਖਰਾਬ ਹੋ ਗਈ। ਇਸ ਮੌਕੇ ਬੱਸ ਦੀਆਂ ਸਵਾਰੀਆਂ ਅਤੇ ਅਨੇਕਾਂ ਹੀ ਪੁਲੀਸ ਮੁਲਾਜਮਾਂ ਨੇ ਇਸ ਬੱਸ ਨੂੰ ਵਾਰ ਵਾਰ ਧੱਕਾ ਲਗਾ ਕੇ ਸਟਾਰਟ ਕਰਨ ਦਾ ਬਹੁਤ ਯਤਨ ਕੀਤਾ ਪਰ ਇਹ ਬੱਸ ਸਟਾਰਟ ਨਾ ਹੋਈ। ਇਸ ਬੱਸ ਵਿਚ ਸਫਰ ਕਰਨ ਵਾਲੇ ਲੋਕਾਂ ਨੇ ਦਸਿਆ ਕਿ ਇਸ ਤੋੱ ਬਾਅਦ ਮੁਹਾਲੀ ਜਾਣ ਵਾਲੀ ਦੂਜੀ ਬੱਸ ਪੂਰੇ ਇੱਕ ਘੰਟੇ ਬਾਅਦ ਆਈ। ਜਿਸ ਦੇ ਕੰਡਕਟਰ ਨੇ ਇਕ ਵਾਰ ਤਾਂ ਖਰਾਬ ਹੋਈ ਬੱਸ ਦੀਆਂ ਸਵਾਰੀਆਂ ਹੀ ਚੜਾਉਣ ਤੋਂ ਇਨਕਾਰ ਕਰ ਦਿਤਾ ਅਤੇ ਕਿਹਾ ਕਿ ਪਿਛੇ ਇਕ ਹੋਰ ਬੱਸ ਆ ਰਹੀ ਹੈ। ਉਸ ਵਿੱਚ ਚੜ ਜਾਣਾ ਪਰ ਖਰਾਬ ਹੋਈ ਬੱਸ ਦੇ ਕੰਡਕਟਰ ਨੇ ਕਿਹਾ ਕਿ ਇਸ ਤੋਂ ਬਾਅਦ ਤਾਂ ਪੰਜਾਬ ਰੋਡਵੇਜ ਦਾ ਟਾਇਮ ਹੈ। ਇਸ ਤਰਾਂ ਦੋਵੇਂ ਬੱਸਾਂ ਦੇ ਕੰਡਕਟਰਾਂ ਵਿਚਾਲੇ ਕੁਝ ਦੇਰ ਬਹਿਸ ਹੋਈ, ਇਸੇ ਦੌਰਾਨ ਖਰਾਬ ਹੋਈ ਬੱਸ ਦੀਆਂ ਸਵਾਰੀਆਂ ਇਸ ਦੂਜੀ ਬੱਸ ਵਿਚ ਚੜ ਗਈਆਂ। ਇਸ ਤਰਾਂ ਇਸ ਬੱਸ ਦੇ ਖਰਾਬ ਹੋਣ ਕਰਕੇ ਲੋਕ ਪ੍ਰੇਸ਼ਾਨ ਵੀ ਹੋਏ ਅਤੇ ਆਪੋ ਆਪਣੇ ਕੰਮ ਧੰਦੇ ਅਤੇ ਡਿਊਟੀਆਂ ਉਪਰ ਜਾਣ ਲਈ ਵੀ ਲੇਟ ਹੋ ਗਏ। ਇਸ ਖਰਾਬ ਹੋਈ ਬੱਸ ਦੀ ਛੱਤ ’ਚੋਂ ਵੀ ਕਈ ਥਾਂਵਾਂ ਤੋਂ ਪਾਣੀ ਟਪਕ ਰਿਹਾ ਸੀ ਅਤੇ ਬੱਸ ਵਿਚ ਬਰਸਾਤੀ ਪਾਣੀ ਕਾਰਨ ਬੱਸ ਦੇ ਫਰਸ ਉਪਰ ਚਿੱਕੜ ਬਣਿਆ ਹੋਇਆ ਸੀ। ਬੱਸ ਦੀਆਂ ਅੱਧੀਆਂ ਸੀਟਾਂ ਵੀ ਬਰਸਾਤੀ ਪਾਣੀ ਨਾਲ ਭਿਜੀਆਂ ਹੋਈਆਂ ਸਨ।
ਮੁਹਾਲੀ ਤੋਂ ਪਟਿਆਲਾ ਰੂਟ ਉਪਰ ਚਲਦੀਆਂ ਹੋਰਨਾਂ ਬੱਸਾਂ ਦੀ ਹਾਲਤ ਵੀ ਠੀਕ ਨਹੀਂ, ਵੱਡੀ ਗਿਣਤੀ ਬੱਸਾਂ ਦੇ ਅਗਲੇ ਸ਼ੀਸਿਆਂ ਉਪਰ ਵਾਈਪਰ ਹੀ ਨਹੀਂ ਲੱਗੇ ਹੋਏ, ਜਿਸ ਕਾਰਨ ਬਰਸਾਤ ਪੈਣ ਕਾਰਨ ਸ਼ੀਸ਼ੇ ਧੁੰਦਲੇ ਹੋ ਜਾਂਦੇ ਹਨ ਅਤੇ ਡਰਾਇਵਰ ਨੂੰ ਸਾਹਮਣੇ ਵੇਖਣ ਵਿਚ ਕਠਿਨਾਈ ਹੁੰਦੀ ਹੈ। ਬਰਸਾਤੀ ਪਾਣੀ ਕਾਰਨ ਇਹਨਾਂ ਧੁੰਦਲੇ ਹੋਏ ਸ਼ੀਸ਼ਿਆਂ ਵਿਚੋੱ ਸਹੀ ਤਰੀਕੇ ਨਾਲ ਨਾ ਦਿਖਾਈ ਦੇਣ ਕਰਕੇ ਕਦੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…