ਪਿੰਡ ਕੁੱਬਾਹੇੜੀ ਵਿੱਚ ਨਾਜਾਇਜ਼ ਮਾਈਨਿੰਗ ਦਾ ਕਾਰੋਬਾਰ ਜ਼ੋਰਾਂ ’ਤੇ, ਜ਼ਮੀਨ ਵਿੱਚ ਪਏ ਡੂੰਘੇ ਖੱਡੇ

ਨਾਇਬ ਤਹਿਸੀਲਦਾਰ ਮਾਜਰੀ ਵਰਿੰਦਰਪਾਲ ਸਿੰਘ ਧੂਤ ਨੇ ਅਧਿਕਾਰੀਆਂ ਸਮੇਤ ਲਿਆ ਮੌਕੇ ਦਾ ਜਾਇਜ਼ਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 10 ਸਤੰਬਰ:
ਬਲਾਕ ਮਾਜਰੀ ਇਲਾਕੇ ਦੇ ਕੁਝ ਪਿੰਡਾਂ ਵਿੱਚ ਚੱਲਦੇ ਕਰੈਸ਼ਰ ਮਾਲਕਾਂ ਵੱਲੋਂ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦਿਆਂ ਲਗਾਤਾਰ ਨਾਜ਼ਾਇਜ ਮਾਈਨਿੰਗ ਦਾ ਕੰਮ ਜ਼ੋਰਾਂ ਤੇ ਚੱਲ ਰਿਹਾ ਹੈ। ਜਦਕਿ ਪ੍ਰਸਾਸਨਿਕ ਅਧਿਕਾਰੀਆਂ ਵੱਲੋਂ ਦਿਨ ਰਾਤ ਕੀਤੀ ਜਾਂਦੀ ਚੈਕਿੰਗ ਕੇਵਲ ਖਾਨਾਪੂਰਤੀ ਬਣਕੇ ਰਹਿ ਗਈ ਹੈ ਇਲਾਕਾ ਵਾਸੀਆਂ ਨੇ ਇਨ੍ਹਾਂ ਖ਼ਿਲਾਫ਼ ਠੋਸ ਕਾਰਵਾਈ ਦੀ ਮੰਗ ਕੀਤੀ ਹੈ। ਕੁਝ ਸਮਾਂ ਪਹਿਲਾਂ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਵੱਲੋਂ ਛਾਪੇਮਾਰੀ ਕੀਤੀ ਗਈ ਪਰ ਉਸ ਦੌਰਾਨ ਮਾਈਨਿੰਗ ਦਾ ਕੰਮ ਬੰਦ ਹੋਣ ਕਾਰਨ ਲੋਕਾਂ ਨੇ ਸੁਖ ਦਾ ਸਾਹ ਲਿਆ ਸੀ ਪਰ ਕੁਝ ਦਿਨਾਂ ਬਾਅਦ ਇਲਾਕੇ ਵਿੱਚ ਨਜ਼ਾਇਜ ਮਾਇਨਿੰਗ ਦਾ ਕੰਮ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਚੱਲ ਪਿਆ ਜੋ ਦੇਰ ਸਵੇਰ ਚੱਲ ਰਿਹਾ ਹੈ।
ਨਾਜਾਇਜ਼ ਮਾਈਨਿੰਗ ਸਬੰਧੀ ਦਿੱਤੀ ਸ਼ਿਕਾਇਤ ਅਨੁਸਾਰ ਪਿੰਡ ਕੁੱਬਾਹੇੜੀ ਦੇ ਵਸਨੀਕ ਲਾਭ ਸਿੰਘ ਪੱੁਤਰ ਹਾਕਮ ਸਿੰਘ ਨੇ ਉਨ੍ਹਾਂ ਦੀ ਮੋਟਰ ਲਾਗਲੇ ਖੇਤਾਂ ਵਿੱਚੋਂ ਕੱਬਾਹੇੜੀ ਤੋ ਅਭੀਪੁਰ ਵੱਲ ਜਾਂਦੀ ਸੜਕ ਤੇ ਸਿÎਥਤ ਕੁਬੇਰ ਸਟੋਨ ਕਰੈਸ਼ਰ ਦੇ ਮਾਲਕ ਵੱਲੋ ਰੋਜ਼ਾਨਾਂ ਰਾਤ ਦੇ ਸਮੇਂ ਨਜ਼ਾਇਜ ਗਰੈਵਰ ਪੁੱਟ ਕੇ ਕਥਿਤ ਤੌਰ ਤੇ ਮਾਇਨਿੰਗ ਕੀਤੀ ਜਾਂਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰੀ ਨਿਯਮਾਂ ਨੂੰ ਛਿੱਕੇ ਟੰਗ ਕੇ ਕਰੈਸ਼ਰ ਮਾਲਕ ਦੇ ਨਿਰੰਤਰ ਹੌਸਲੇ ਬੁਲੰਦ ਕਰਕੇ ਨਜ਼ਾਇਜ ਮਾਇਨਿੰਗ ਕਰਨ ਕਾਰਨ ਉਨ੍ਹਾਂ ਦੇ ਖੇਤਾਂ ਵਿੱਚ ਖੜੀ ਝੋਨੇ ਦੀ ਫ਼ਸਲ ਦਾ ਕਾਫੀ ਰਕਬਾ ਧੱਸਣ ਕਾਰਨ ਨੁਕਸਾਨ ਹੋ ਗਿਆ ਹੈ ਤੇ ਨਾਜ਼ਾਇਜ ਮਾਇਨਿੰਗ ਕਾਰਨ ਉਨ੍ਹਾਂ ਦਾ ਆਰਥਿਕ ਤੌਰ ਤੇ ਕਾਫ਼ੀ ਨੁਕਸਾਨ ਹੋ ਰਿਹਾ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਮਾਇਨਿੰਗ ਵਿਭਾਗ ਦੇ ਅਧਿਕਾਰਿਆਂ ਤੇ ਕਥਿਤ ਦੋਸ਼ ਲਗਾਉਂਦਿਆਂ ਕਿਹਾ ਕਿ ਲਗਾਤਾਰ ਹੋ ਰਹੀ ਇਸ ਨਾਜਾਇਜ਼ ਮਾਇਨਿੰਗ ਸੰਬੰਧੀ ਉਹ ਵਿਭਾਗ ਦੇ ਅਧਿਕਾਰੀਆਂ ਕੋਲ ਕਈ ਵਾਰ ਸ਼ਿਕਾਇਤ ਕਰ ਚੁੱਕੇ ਹਨ, ਪਰ ਇਨ੍ਹਾਂ ਅਧਿਕਾਰੀਆਂ ਨੇ ਉਥੇ ਆ ਕੇ ਮੌਕਾ ਦੇਖਣਾ ਤਾਂ ਦੂਰ ਦੀ ਗੱਲ, ਬਲਕਿ ਕਥਿਤ ਤੌਰ ਤੇ ਕਰੈਸ਼ਰ ਮਾਲਕਾਂ ਨਾਲ ਗੰਢ-ਤੁੱਪ ਕਰਕੇ ਆਪਣੀਆਂ ਜੇਬਾਂ ਭਰਨ ਨੂੰ ਹੀ ਤਰਜੀਹ ਦਿੱਤੀ ਜਾ ਰਹੀ ਹੈ। ਉਕਤ ਕਿਸਾਨ ਅਨੁਸਾਰ ਜਿਲਾ ਪ੍ਰਸਾਸਨ ਦੇ ਹੁਕਮਾ ਨੂੰ ਟਿੱਚ ਜਾਣਦਿਆਂ ਕਰੈਸ਼ਰ ਮਾਲਕ ਵੱਲਂੋ ਆਪਣਾ ਇਹ ਕਾਲਾ ਕਾਰੋਬਾਰ ਹੋਣ ਕਾਰਨ ਇਲਾਕਾ ਵਾਸੀਆਂ ਦੀ ਨੀਂਦ ਉੱਡ ਹੋਈ ਹੈ। ਉਨ੍ਹਾਂ ਅਨੁਸਾਰ ਇਲਾਕੇ ਦੇ ਲੋਕਾਂ ਅਤੇ ਪ੍ਰਸਾਸਨਿਕ ਅਧਿਕਾਰੀਆਂ ਦੀਆਂ ਅੱਖਾਂ ਵਿੱਚ ਧੂੜ ਪਾਉਣ ਲਈ ਇਹ ਕਰੈਸ਼ਰ ਅਤੇ ਨਾਜ਼ਾਇਜ ਮਾਇਨਿੰਗ ਕਰਨ ਦਾ ਇਹ ਧੰਦਾ ਦਿਨ ਭਰ ਬੰਦ ਰਹਿੰਦਾ ਹੈ ਅਤੇ ਸ਼ਾਮ ਢਲਦਿਆਂ ਹੀ ਸਵੇਰ ਤੱਕ ਇਹ ਗੋਰਖ ਧੰਦਾ ਬੇਖ਼ੌਫ ਚੱਲਦਾ ਹੈ।
ਉਕਤ ਕਿਸਾਨ ਅਨੁਸਾਰ ਉਹ ਡਿਪਟੀ ਕਮਿਸ਼ਨਰ ਅਤੇ ਹੋਰਨਾਂ ਜਿਲ੍ਹਾ ਅਧਿਕਾਰੀਆਂ ਵੱਲੋਂ ਇਲਾਕੇ ਵਿੱਚ ਹੁੰਦੀ ਨਾਜਾਇਜ ਮਾਇਨਿੰਗ ਸਬੰਧੀ ਸ਼ਿਕਾਇਤ ਕਰ ਚੁੱਕੇ ਹਨ, ਪਰ ਕਬੂਤਰ ਵਾਂਗ ਅੱਖਾਂ ਮੀਚੀ ਬੈਠੀ ਅਫ਼ਸਰਸ਼ਾਹੀ ਦੇ ਕੰਨਾਂ ਤੇ ਸ਼ਾਇਦ ਜੂੰ ਨਹੀਂ ਸਰਕ ਰਹੀ ਅਤੇ ਮੀਡੀਆ ਵਿੱਚ ਲਗਾਤਾਰ ਖਬਰਾਂ ਆਉਣ ਦੇ ਬਾਵਜੂਦ ਵੀ ਜਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਉਨ੍ਹਾਂ ਦੀ ਇਸ ਸ਼ਿਕਾਇਤ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੂਤ ਨੂੰ ਇਸ ਸਬੰਧੀ ਮੌਕਾ ਵਿਖਾਉਂਦਿਆਂ ਪੀੜਿਤ ਕਿਸਾਨ ਲਾਭ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਵੀ ਕੁਬੇਰ ਕਰੈਸ਼ਰ ਦੇ ਮਾਲਕਾਂ ਅਤੇ ਕਰਿੰਦਿਆਂ ਵੱਲਂੋ ਮਾਇਨਿੰਗ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਨਾਇਬ ਤਹਿਸੀਲਦਾਰ ਅਤੇ ਮਾਲ ਵਿਭਾਗ ਦੇ ਹੋਰਨਾਂ ਅਧਿਕਾਰੀਆਂ ਨੂੰ ਆਪਣੀ ਨੁਕਸਾਨੀ ਫ਼ਸਲ ਦਾ ਮੌਕਾ ਵੀ ਵਿਖਾਇਆ।
ਇਸੇ ਦੌਰਾਨ ਮੌਕਾ ਦੇਖਣ ’ਤੇ ਉਕਤ ਖੇਤਾਂ ਵਿੱਚ 25 ਤੋਂ 30 ਫੁੱਟ ਤੱਕ ਟੋਏ ਪਏ ਹੋਏ ਸਨ। ਜਿੱਥੇ ਆਊਣ ਵਾਲੇ ਸਮੇਂ ਵਿਚ ਕੋਈ ਵੀ ਹਾਦਸਾ ਵਾਪਰਨ ਦਾ ਡਰ ਹੈ। ਇਸ ਸਬੰਧੀ ਵਰਿੰਦਰਪਾਲ ਧੂਤ ਨਾਇਬ ਤਹਿਸੀਲਦਾਰ ਮਾਜਰੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਡਿਪਟੀ ਕਮਿਸ਼ਨਰ ਮੁਹਾਲੀ ਦੇ ਹੁਕਮਾਂ ਤੇ ਉਹ ਕਾਰਵਾਈ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਜਮੀਨ ਅਜੀਤ ਸਿੰਘ ਗੁਰਮੀਤ ਸਿੰਘ ਪੁੱਤਰਾਨ ਦੀਦਾਰ ਸਿੰਘ ਵਾਸੀ ਕੁਬਾਹੇੜੀ ਦੇ ਨਾਂਮ ਹੈ ਅਤੇ ਇੱਥੋਂ ਨਾਜਾਇਜ਼ ਮਾਇਨਿੰਗ ਕਰਨ ਵਾਲੇ ਸਤਨਾਮ ਸਿੰਘ ਕੁਬੇਰ ਸਟੋਨ ਕਰੈਸ਼ਰ ਵਾਲੇ ਹਨ। ਉਨ੍ਹਾਂ ਕਿਹਾ ਕਿ ਮਾਈਨਿੰਗ ਅਫ਼ਸਰ ਸਿਮਰਨਪ੍ਰੀਤ ਕੌਰ ਨੂੰ ਬਣਦੀ ਰਿਪੋਰਟ ਦੇ ਦਿੱਤੀ ਗਈ ਹੈ ਅਤੇ ਇਸ ਸਬੰਧੀ ਅਗਲੇਰੀ ਬਣਦੀ ਕਾਰਵਾਈ ਸਿਮਰਨਪ੍ਰੀਤ ਕੌਰ ਦੇ ਹੁਕਮਾਂ ਨਾਲ ਹੀ ਕੀਤੀ ਜਾਵੇਗੀ।
(ਬਾਕਸ ਆਈਟਮ)
ਉਧਰ, ਮਾਈਨਿੰਗ ਅਫ਼ਸਰ ਉਜਾਗਰ ਸਿੰਘ ਨੇ ਕਿਹਾ ਕਿ ਇਸ ਸਬੰਧੀ ਮਾਜਰੀ ਦੇ ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੂਤ ਨੂੰ ਕਾਰਵਾਈ ਕਰਨ ਦਾ ਪੂਰਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਨੂਰਪੂਰ ਬੇਦੀ ਦਾ ਇਲਾਕਾ ਹੋਣ ਕਾਰਨ ਉਹ ਦੋ ਦਿਨ ਲਈ ਨੂਰਪੁਰ ਬੇਦੀ ਡਿਊਟੀ ਤੇ ਗਏ ਹੋਏ ਹਨ। ਇਸ ਸਬੰਧੀ ਮਾਇਨਿੰਗ ਅਫ਼ਸਰ ਸਿਮਰਨਪ੍ਰੀਤ ਕੌਰ ਦਾ ਫ਼ੋਨ ਬੰਦ ਹੋਣ ਕਾਰਨ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…