ਬੈਂਕ ਸਵੈ ਰੁਜ਼ਗਾਰ ਧੰਦੇ ਸ਼ੁਰੂ ਕਰਨ ਲਈ ਨੌਜਵਾਨਾਂ ਨੂੰ ਬਿਨ੍ਹਾਂ ਦੇਰੀ ਤੋਂ ਕਰਜ਼ੇ ਮੁਹੱਈਆ ਕਰਾਉਣ: ਸਿੱਧੂ

ਮਿੱਥੇ ਟੀਚਿਆਂ ਨੂੰ ਸਮੇਂ ਸਿਰ ਮੁਕੰਮਲ ਨਾ ਕਰਨ ਵਾਲੇ ਬੈਂਕਾਂ ਵਿਰੁੱਧ ਕਾਰਵਾਈ ਕਰਨ ਲਈ ਰਿਜਰਵ ਬੈਂਕ ਆਫ਼ ਇੰਡੀਆ ਨੂੰ ਲਿਖਿਆ ਜਾਵੇਗਾ:

ਮੁਦਰਾ ਯੋਜਨਾ ਤਹਿਤ 7155 ਲਾਭਪਾਤਰੀਆਂ ਨੂੰ 32 ਕਰੋੜ 27 ਲੱਖ ਦੇ ਕਰਜ਼ੇ ਵੰਡੇ: ਸੈਣੀ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਸਤੰਬਰ:
ਬੈਂਕ ਨੌਜਵਾਨਾਂ ਨੂੰ ਸਵੈ ਰੋਜਗਾਰ ਧੰਦੇ ਸ਼ੁਰੂ ਕਰਨ ਲਈ ਬਿਨ੍ਹਾਂ ਦੇਰੀ ਤੋਂ ਕਰਜੇ ਮੁਹੱਈਆ ਕਰਾਉਣ ਤਾਂ ਜੋ ਨੌਜਵਾਨ ਆਪਣੇ ਕਾਰੋਬਾਰ ਸ਼ੁਰੂ ਕਰ ਸਕਣ ਅਤੇ ਉਨ੍ਹਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋ ਸਕਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਥਾਨਕ ਵਿਧਾਇਕ ਸ੍ਰ: ਬਲਬੀਰ ਸਿੰਘ ਸਿੱਧੂ ਨੇ ਵਿਕਾਸ ਭਵਨ ਵਿਖੇ ਬੈਂਕਾਂ ਦੀ ਹੋਈ ਜ਼ਿਲ੍ਹਾ ਪੱਧਰੀ ਕੰਨਸਲਟੇਟਿਵ ਕਮੇਟੀ ਦੀ ਮੀਟਿੰਗ ਨੁੰੂ ਸੰਬੋਧਨ ਕਰਦਿਆ ਕੀਤਾ। ਉਨ੍ਹਾਂ ਇਸ ਮੌਕੇ ਬੈਂਕ ਅਧਿਕਾਰੀਆਂ ਨੂੰ ਆਖਿਆ ਕਿ ਬੈਂਕਾਂ ਰਾਹੀਂ ਮਿਲਣ ਵਾਲੀਆਂ ਸੁਵਿਧਾਵਾਂ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਸਰਕਾਰ ਵੱਲੋਂ ਉਨ੍ਹਾਂ ਦੇ ਹਿੱਤ ਵਿੱਚ ਸ਼ੁਰੂ ਕੀਤੀਆਂ ਸਕੀਮਾਂ ਦਾ ਲੋਕ ਵੱਧ ਤੋਂ ਵੱਧ ਲਾਹਾ ਲੈ ਸਕਣ।
ਸ੍ਰੀ ਸਿੱਧੂ ਨੇ ਇਸ ਮੋਕੇ ਬੋਲਦਿਆਂ ਕਿਹਾ ਕਿ ਬਹੁਤ ਸਾਰੇ ਘੱਟ ਪੜ੍ਹੇ ਲਿਖੇ ਲੋਕ ਸਰਕਾਰ ਦੀਆਂ ਸਕੀਮਾਂ ਪ੍ਰਤੀ ਜਾਗਰੂਕ ਨਹੀਂ ਹਨ। ਜਿਸ ਕਰਕੇ ਉਹ ਸਕੀਮਾਂ ਦਾ ਲਾਭ ਨਹੀਂ ਲੈ ਰਹੇ। ਇਸ ਲਈ ਜਦੋ ਵੀ ਕੋਈ ਗ੍ਰਾਹਕ ਬੈਂਕ ਵਿੱਚ ਲੇਣ ਦੇਣ ਲਈ ਆਉਦਾ ਹੈ ਤਾਂ ਉਸ ਨੂੰ ਲੋਕ ਹਿੱਤ ਦੀਆਂ ਸਕੀਮਾਂ ਬਾਰੇ ਵੀ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬੈਂਕਾਂ ਵੱਲੋਂ ਪ੍ਰਧਾਨ ਮੰਤਰੀ ਜਨ ਧੰਨ ਯੋਜਨਾ, ਰੁਪਏ ਕਾਰਡ ਜਨ ਸੁਰੱਖਿਆ ਸਕੀਮ, ਅਟਲ ਪੈਨਸ਼ਨ ਯੋਜਨਾ, ਪ੍ਰਧਾਨ ਮੰਤਰੀ ਮੁਦਰਾ ਯੋਜਨਾ, ਸਟੈਂਡ ਅੱਪ ਇੰਡੀਆ ਪ੍ਰੋਗਰਾਮ, ਅਵਾਜ ਯੋਜਨਾ, ਐਜੂਕੇਸ਼ਨ ਲੋਨ, ਨੈਸ਼ਨਲ ਅਰਬਨ ਲਾਇਵਲੀਹੁੱਡ ਮਿਸ਼ਨ, ਡੇਅਰੀ, ਸੈਲਫ ਹੈਲਪ ਗਰੁੱਪ, ਆਰਸੈਟੀ ਸਬੰਧੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਲੋਕ ਇਨ੍ਹਾਂ ਸਕੀਮਾਂ ਦਾ ਵੱਧ ਵੱਧ ਲਾਹਾ ਲੈ ਸਕਣ।
ਮੀਟਿੰਗ ਨੂੰ ਸੰਬੋਧਨ ਕਰਦਿਆ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਆਖਿਆ ਕਿ ਮਿੱਥੇ ਟੀਚਿਆਂ ਨੂੰ ਸਮੇਂ ਸਿਰ ਮੁਕੰਮਲ ਨਾ ਕਰਨ ਵਾਲੇ ਬੈਂਕਾਂ ਵਿਰੁੱਧ ਕਾਰਵਾਈ ਕਰਨ ਲਈ ਰਿਜਰਵ ਬੈਂਕ ਆਫ ਇੰਡੀਆ ਨੁੰੂ ਲਿਖਿਆ ਜਾਵੇਗਾ। ਇਸ ਲਈ ਸਮੂਹ ਬੈਂਕਾਂ ਨੂੰ ਆਪਣੇ ਮਿਥੇ ਟੀਚੇ ਪੁਰੇ ਕਰਨ ਲਈ ਤਨਦੇਹੀ ਨਾਲ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਸਮੁਹ ਬੈਂਕ ਅਧਿਕਾਰੀਆਂ ਨੂੰ ਆਖਿਆ ਕਿ ਉਹ ਪਿੰਡ ਪੱਧਰ ਤੇ ਵਿੱਤੀ ਸਾਖਰਤਾ ਕੈਂਪ ਲਗਾਉਣ ਨੂੰ ਯਕੀਨੀ ਬਣਾਉਣ ਅਤੇ ਕੈਂਪਾਂ ਸਬੰਧੀ ਰਿਪੋਰਟ ਦਫ਼ਤਰ ਡਿਪਟੀ ਕਮਿਸ਼ਨਰ ਨੂੰ ਵੀ ਭੇਜੀ ਜਾਵੇ। ਉਨ੍ਹਾਂ ਸਮੂਹ ਬੈਂਕ ਅਧਿਕਾਰੀਆਂ ਨੂੰ ਆਖਿਆ ਕਿ ਉਹ ਵੱਖ-ਵੱਖ ਸਕੀਮਾਂ ਦੇ ਲਾਭਪਾਤਰੀਆਂ ਨੂੰ ਬੈਂਕ ਦਾ ਆਪਣਾ ਇੱਕ ਖਾਤਾ ਹੀ ਰੱਖਣ ਪ੍ਰਤੀ ਜਾਗਰੂਕ ਕਰਨ ਤਾਂ ਜੋ ਉਨ੍ਹਾਂ ਨੂੰ ਮਿਲਣ ਵਾਲੀ ਸਬ ਸਿਡੀ ਵਿੱਚ ਕੋਈ ਦੇਰੀ ਨਾ ਹੋਵੇ ਅਤੇ ਮਗਨਰੇਗਾ ਵਰਗੀਆਂ ਅਦਾਇਗੀਆਂ ਵੀ ਸਮੇਂ ਸਿਰ ਹੋ ਸਕਣ।
ਉਨ੍ਹਾਂ ਹੋਰ ਕਿਹਾ ਕਿ ਸਮੂਹ ਬੈਂਕ ਆਪਣੇ ਗ੍ਰਾਹਕਾਂ ਦੇ ਖਾਤਿਆਂ ਨਾਲ ਅਧਾਰ ਲਿੰਕ ਕਰਨ ਦਾ ਕੰਮ 100 ਫੀਸਦੀ ਮੁਕੰਮਲ ਬਿਨ੍ਹਾਂ ਕਿਸੇ ਦੇਰੀ ਤੋਂ ਕਰਨ ਨੂੰ ਯਕੀਨੀ ਬਣਾਉਣ। ਇਸ ਮੌਕੇ ਸਰਕਲ ਹੈੱਡ ਪੰਜਾਬ ਨੈਸ਼ਨਲ ਬੈਂਕ, ਸਰਕਲ ਦਫ਼ਤਰ ਪਟਿਆਲਾ ਸ੍ਰੀ ਡੀ.ਐਸ ਵਰਮਾ ਨੇ ਬੈਂਕਾਂ ਵੱਲੋਂ ਵਿਸਵਾਸ ਦਿਵਾਇਆ ਕਿ ਬੈਂਕ ਆਪਣੇ ਮਿੱਥੇ ਟੀਚਿਆਂ ਨੂੰ ਸਮੇਂ ਤੇ ਮੁਕੰਮਲ ਕਰਨ ਨੂੰ ਯਕੀਨੀ ਬਣਾਉਣਗੇ।
ਚੀਫ ਲੀਡ ਬੈਂਕ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਸ੍ਰੀ ਆਰ ਕੇ ਸੈਣੀ ਨੇ ਦੱਸਿਆ ਕਿ ਰੁਪਏ ਕਾਰਡਜ਼ ਨੂੰ ਸਤੰਬਰ ਦੇ ਅੰਤ ਤੱਕ 100 ਫੀਸਦੀ ਐਕਟੀਵੇਟ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁਦਰਾ ਯੋਜਨਾ ਤਹਿਤ 7155 ਲਾਭਪਾਤਰੀਆਂ ਨੂੰ 32 ਕਰੋੜ 27 ਲੱਖ ਰੁਪਏ ਦਾ ਕਰਜਾ ਵੰਡਿਆ ਗਿਆ ਹੈ। ਸਟੈਡਅੱਪ ਇੰਡੀਆ ਸਕੀਮ ਤਹਿਤ 36 ਲਾਭਪਾਤਰੀਆਂ ਨੂੰ 12 ਕਰੋੜ 68 ਲੱਖ ਰੁਪਏ ਦਾ ਕਰਜਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ਤੇ 72 ਕੈਂਪ ਲਗਾ ਕੇ 2819 ਵਿਅਕਤੀਆਂ ਨੂੰ ਵਿੱਤੀ ਸਾਖਰ ਕੀਤਾ ਗਿਆ ਹੈ ਅਤੇ ਖੇਤੀਬਾੜੀ ਅਤੇ ਸਬੰਧਤ ਖੇਤਰਾਂ ਲਈ 253 ਕਰੋੜ 54 ਲੱਖ ਰੁਪਏ ਦੇ ਕਰਜੇ ਵੰਡੇ ਗਏ ਹਨ। ਉਨ੍ਹਾਂ ਬੈਂਕਾਂ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਮੀਟਿੰਗ ਨੂੰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੰਜੀਵ ਕੁਮਾਰ ਗਰਗ, ਆਰ.ਬੀ.ਆਈ ਦੀ ਐਲ.ਡੀ.ਓ ਸ੍ਰੀਮਤੀ ਨਰਿੰਦਰ ਕੌਰ, ਨਬਾਰਡ ਦੇ ਡੀ.ਡੀ.ਐਮ ਸੰਜੀਵ ਕੁਮਾਰ ਸ਼ਰਮਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸ੍ਰੀ ਸਿੱਧੂ ਦੇ ਸਿਆਸੀ ਸਲਾਹਾਕਾਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀਮਤੀ ਅੰਮ੍ਰਿਤ ਬਾਲਾ ਸਮੇਤ ਹੋਰਨਾ ਵਿਭਾਗਾਂ ਦੇ ਅਧਿਕਾਰੀ ਅਤੇ ਜ਼ਿਲ੍ਹੇ ਦੇ ਸਮੁੂਹ ਬੈਂਕਾਂ ਦੇ ਨੁਮਾਇੰਦੇ ਮੌਜੂਦ ਸਨ।

Load More Related Articles
Load More By Nabaz-e-Punjab
Load More In Banks

Check Also

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ ‘ਆਪ’ ਵਿਧਾਇਕਾ ਸ੍ਰੀਮਤੀ ਨੀਨਾ ਮਿ…