ਊਰਜਾ ਬਚਾਉਣ ਲਈ ਉਸਾਰੀ ਵਸਤੂਆਂ ਸਬੰਧੀ ਵਰਕਸ਼ਾਪ-ਕਮ-ਪ੍ਰਦਰਸ਼ਨੀ ਆਯੋਜਿਤ

ਪ੍ਰਮੁੱਖ ਸਕੱਤਰ ਵੱਲੋਂ ਪੇਡਾ ਨੂੰ ਜ਼ਿਲ੍ਹਾ ਪੱਧਰੀ ਵਰਕਸ਼ਾਪਾਂ ਰਾਹੀਂ ਊਰਜਾ ਬਚਾਉਣ ਬਾਬਤ ਜਾਗਰੂਕਤਾ ਫੈਲਾਉਣ ਦਾ ਸੱਦਾ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 15 ਸਤੰਬਰ:
ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਜੋ ਕਿ ਸੂਬੇ ਵਿਚ ਊਰਜਾ ਬਚਾਉਣ ਸਬੰਧੀ ਜਾਗਰੂਕਤਾ ਫੈਲਾਉਣ ਲਈ ਨਿਰਧਾਰਿਤ ਏਜੰਸੀ ਹੈ, ਵਲੋਂ ਅੱਜ ਸਥਾਨਕ ਸੈਕਟਰ 33-ਡੀ ਦੇ ਪੇਡਾ ਆਡੀਟੋਰੀਅਮ ਵਿਖੇ ਊਰਜਾ ਬਚਾਊ ਉਸਾਰੀ ਵਸਤੂਆਂ/ ਉਪਕਰਣਾਂ ਸਬੰਧੀ ਇਕ ਵਰਕਸ਼ਾਪ-ਕਮ-ਪ੍ਰਦਰਸ਼ਨੀ ਕਰਵਾਈ ਗਈ। ਅੱਜ ਪੇਡਾ ਦਾ ਸਥਾਪਨਾ ਦਿਵਸ ਅਤੇ ਇੰਜੀਨੀਅਰ ਦਿਵਸ ਹੋਣ ਕਰਕੇ ਊਰਜਾ ਬਚਾਉਣ ਅਤੇ ਵਾਤਾਵਰਣ ਪਖੋਂ ਇਸ ਵਰਕਸ਼ਾਪ ਦੀ ਅਹਿਮੀਅਤ ਕਾਫੀ ਵਧ ਜਾਂਦੀ ਹੈ । ਇਸ ਮੌਕੇ ਪ੍ਰਦਰਸ਼ਨੀ ਵਿਚ 150 ਤੋਂ ਵੱਧ ਨਕਸ਼ਾ ਨਵੀਸਾਂ, ਡਿਜਾਇਨ ਮਾਹਿਰਾਂ, ਇੰਜੀਨੀਅਰਾਂ ਅਤੇ ਬਿਲਡਰਾਂ ਨੇ ਹਿੱਸਾ ਲਿਆ।
ਇਹ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦਸਿਆ ਕਿ ਇਸ ਵਰਕਸ਼ਾਪ-ਕਮ-ਪ੍ਰਦਰਸ਼ਨੀ ਦਾ ਉਦਘਾਟਨ ਕਰਦੇ ਹੋਏ ਪੰਜਾਬ ਦੇ ਨਵੀਂ ਅਤੇ ਨਵਿਆਉਣ ਯੋਗ ਊਰਜਾ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਨਿਰੁੱਧ ਤਿਵਾੜੀ ਨੇ ਪੰਜਾਬ ਐਨਰਜੀ ਕੰਜ਼ਰਵੇਸ਼ਨ ਬਿਲਡਿੰਗ ਕੋਡ (ਈ ਸੀ ਬੀ ਸੀ) ਦੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ ਜਿਸ ਨੂੰ ਕਿ ਨੋਟੀਫਾਈ ਕਰਕੇ 100 ਕਿਲੋਵਾਟ ਜਾਂ ਇਸ ਤੋਂ ਵੱਧ ਦੇ ਸੰਯੁਕਤ ਲੋਡ ਵਾਲੀਆਂ ਇਮਾਰਤਾਂ ਲਈ ਲਾਜਮੀ ਕਰਾਰ ਦਿੱਤਾ ਗਿਆ ਹੈ। ਇਸਦਾ ਇਸਤੇਮਾਲ ਨਵੀਆਂ ਇਮਾਰਤਾਂ ਦੀ ਉਸਾਰੀ ਲਈ ਵੀ ਕੀਤਾ ਜਾਂਦਾ ਹੈ ਅਤੇ ਰਿਵਾਇਤੀ ਇਮਾਰਤਾਂ ਦੇ ਮੁਕਾਬਲੇ ਇਹ 30 ਤੋਂ 40 ਫੀਸਦੀ ਬਿਜਲੀ ਬਚਾਉਂਦਾ ਹੈ। ਸ੍ਰੀ ਤਿਵਾੜੀ ਨੇ ਨਕਸ਼ਾ ਨਵੀਸੀ ਵਿਭਾਗ (ਆਰਕੀਟੈਕਚਰ ਵਿਭਾਗ) ਨੂੰ ਊਰਜਾ ਬਚਾਊ ਉਸਾਰੀ ਵਸਤੂਆਂ ਦਾ ਇਸਤੇਮਾਲ ਕਰਨ ਅਤੇ ਹਰੇਕ ਜ਼ਿਲ੍ਹੇ ਵਿਚ ਈ ਸੀ ਬੀ ਸੀ ਦਾ ਪਾਲਨ ਕਰਨ ਵਾਲੀ ਘੱਟੋ-ਘੱਟ ਇਕ ਇਮਾਰਤ ਡਿਜਾਇਨ ਕਰਨ ਲਈ ਕਿਹਾ। ਉਨ੍ਹਾਂ ਪੇਡਾ ਨੂੰ ਸੱਦਾ ਦਿੱਤਾ ਕਿ ਉਸਾਰੀ ਖੇਤਰ ਵਿਚ ਊਰਜਾ ਬਚਾਉਣ ਦੇ ਸੁਨੇਹੇ ਨੂੰ ਪ੍ਰਚਾਰਿਤ ਕਰਨ ਅਤੇ ਇਸ ਸਬੰਧੀ ਜਾਗਰੂਕਤਾ ਫੈਲਾਉਣ ਹਿੱਤ ਜ਼ਿਲ੍ਹਾ ਪੱਧਰ ਉੱਤੇ ਵਰਕਸ਼ਾਪਾਂ ਕਰਵਾਇਆ ਜਾਣ।
ਬੁਲਾਰੇ ਨੇ ਅਗਾਂਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸੂਬੇ ਦੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਨੇ ‘ਦ ਪੰਜਾਬ ਮਿਉਂਸਪਲ ਗ੍ਰੀਨ ਬਿਲਡਿੰਗ ਇੰਟੈਂਸਿਵ ਪਾਲਿਸੀ -2016’ ਬਾਰੇ ਅਧਿਸੂਚਨਾ ਜਾਰੀ ਕਰ ਦਿੱਤੀ ਹੈ ਅਤੇ ਈ ਸੀ ਬੀ ਸੀ ਦਾ ਪਾਲਣ ਕਰਨ ਵਾਲੀਆਂ ਇਮਾਰਤਾਂ ਨੂੰ ਪ੍ਰਾਪਰਟੀ ਟੈਕਸ ਵਿਚ 15 ਫੀਸਦੀ ਦੀ ਛੋਟ ਦਿੱਤੀ ਹੈ। ਇਸ ਤੋਂ ਇਲਾਵਾ ਜੀ.ਆਰ.ਆਈ.ਐਚ.ਏ, ਆਈ.ਜੀ.ਬੀ.ਸੀ. ਤੇ ਐਲ.ਈ.ਈ.ਡੀ. ਹਰਿਤ (ਗ੍ਰੀਨ) ਇਮਾਰਤਾਂ ਦੀ ਉਸਾਰੀ ਲਈ 5 ਫੀਸਦੀ ਵਾਧੂ ਫਲੋਰ ਏਰੀਆ ਰੇਸ਼ੋ (ਐਫ.ਏ.ਆਰ) ਵੀ ਮੁਹੱਈਆ ਕਰਵਾਈ ਗਈ ਹੈ। ਮਕਾਨ ਤੇ ਸ਼ਹਿਰੀ ਵਿਕਾਸ ਵਿਭਾਗ ਵਲੋਂ ਸਾਂਝੀਆਂ ਬਿਲਡਿੰਗ ਬਾਈ-ਲਾਅਜ਼ 2017 ਤਿਆਰ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚ ਪੰਜਾਬ ਈ.ਸੀ.ਬੀ.ਸੀ ਅਤੇ ਨਵਿਆਉਣ ਯੋਗ ਊਰਜਾ ਪ੍ਰਣਾਲੀਆਂ ਦਾ ਪ੍ਰਾਵਧਾਨ ਵੀ ਸ਼ਾਮਲ ਹੈ।
ਇਸ ਮੌਕੇ ਪੇਡਾ ਦੇ ਮੁੱਖ ਕਾਰਜਕਾਰੀ ਨੇ ਜਾਣਕਾਰੀ ਦਿੱਤੀ ਕਿ ਪੇਡਾ ਦਫਤਰ ਵਿਖੇ ਪੰਜਾਬ ਈ.ਸੀ.ਬੀ.ਸੀ. ਨੂੰ ਲਾਗੂ ਕਰਨ ਲਈ ਬਣੇ ਈ.ਸੀ.ਬੀ.ਸੀ ਸੈਲ ਰਾਹੀਂ ਊਰਜਾ ਬਚਾਉਣ ਬਾਬਤ ਜਾਣਕਾਰੀ ਵੀ ਮੁਹੱਈਆ ਕਰਵਾਈ ਜਾਂਦੀ ਹੈ। ਇਨ੍ਹਾਂ ਪ੍ਰੋਗਰਾਮਾਂ ਰਾਹੀਂ 800 ਤੋਂ ਵੱਧ ਨਿੱਜੀ/ਸਰਕਾਰੀ ਨਕਸ਼ਾ ਨਵੀਸਾਂ ਅਤੇ ਬਿਲਡਰਾਂ ਨੂੰ ਊਰਜਾ ਬਚਾਊ ਵਸਤੂਆਂ ਅਤੇ ਪੰਜਾਬ ਈ ਸੀ ਬੀ ਸੀ ਨਿਯਮਾਂ ਦਾ ਪਾਲਣ ਕਰਨ ਵਾਲੀਆਂ ਇਮਾਰਤਾਂ ਦੀ ਉਸਾਰੀ ਵਿਚ ਇਨ੍ਹਾਂ ਦੇ ਇਸਤੇਮਾਲ ਬਾਰੇ ਜਾਣਕਾਰੀ ਦਿੱਤੀ ਜਾ ਚੁੱਕੀ ਹੈ। ਇਸ ਮੌਕੇ ਮੁੱਖ ਨਕਸ਼ਾ ਨਵੀਸ ਪੰਜਾਬ ਸਪਨਾ, ਟੀ ਈ ਆਰ ਆਈ ਦੀ ਫੈਲੋ ਸ਼ਬਨਮ ਬੱਸੀ, ਪੀ ਜੀ ਆਈ ਦੇ ਨਿਗਰਾਨ ਹਸਪਤਾਲ ਇੰਜੀਨੀਅਰ ਪੀ ਐਸ ਸੈਣੀ, ਆਈ ਆਈ ਏ ਤੋਂ ਸੁਰਿੰਦਰ ਬਾਘਾ, ਆਈ ਜੀ ਬੀ ਸੀ ਦੇ ਚੰਡੀਗੜ੍ਹ ਚੈਪਟਰ ਦੇ ਚੇਅਰਮੈਨ ਜੀਤ ਗੁਪਤਾ ਅਤੇ ਪੇਡਾ ਦੇ ਕਾਰਜਕਾਰੀ ਡਾਇਰੈਕਟਰ ਨੇ ਵੀ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …