ਕੈਪਟਨ ਸਰਕਾਰ ਦੇ ਘਰ-ਘਰ ਰੁਜ਼ਗਾਰ ਦੇਣ ਦੇ ਵਾਅਦਿਆਂ ਦੀ ਨਿਕਲੀ ਫੂਕ

ਪਾਵਰਕੌਮ ਕਾਰਪੋਰੇਸ਼ਨ ਵੱਲੋਂ ਦੋ ਸਾਲ ਪਹਿਲਾਂ ਭਰਤੀ ਕੀਤੇ ਟੈਕਨੀਸ਼ੀਅਨ ਛਾਣ ਰਹੇ ਸੜਕਾਂ ਦੀ ਖ਼ਾਕ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਸਤੰਬਰ:
ਪੰਜਾਬ ਸਰਕਾਰ ਬੜੇ ਜ਼ੋਰ-ਸ਼ੋਰ ਨਾਲ ਚੋਣ ਮੁਹਿੰਮ ਵਿੱਚ ਕੀਤੇ ਵਾਅਦੇ ਘਰ-ਘਰ ਨੌਕਰੀ ਦੀ ਮੁਹਿੰਮ ਆਰੰਭ ਕੀਤੀ ਗਈ ਹੈ। ਦੂਜੇ ਪਾਸੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਨਿਯੁਕਤ ਕੀਤੇ ਟੈਕਨੀਸ਼ੀਅਨ ਗਰੇਡ-1 (ਇੰਸਟਰੂਮੈਂਟੇਸ਼ਨ, ਮਕੈਨੀਕਲ) ਪਿਛਲੇ ਦੋ ਸਾਲਾਂ ਤੋਂ ਸੜਕਾਂ ਦੀ ਖ਼ਾਕ ਛਾਣ ਰਹੇ ਹਨ। ਨਿਯੁਕਤ ਕੀਤੇ ਕਰਮਚਾਰੀਆਂ ਵੱਲੋਂ ਕਈ ਵਾਰ ਪੰਜਾਬ ਦੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਨੂੰ ਮੰਗ ਪੱਤਰ ਦੇ ਕੇ ਕਰਮਚਾਰੀਆਂ ਨੂੰ ਨੌਕਰੀ ’ਤੇ ਹਾਜ਼ਰ ਕਰਾਉਣ ਲਈ ਗੁਹਾਰ ਲਾਈ ਜਾ ਚੁੱਕੀ ਹੈ, ਪਰ ਉਨ੍ਹਾਂ ਦੇ ਪੱਲੇ ਨਿਰਾਸ਼ਾ ਹੀ ਪਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਟੇਟ ਪਾਵਰਕੌਮ ਕਾਰਪੋਰੇਸ਼ਨ ਵੱਲੋਂ 17 ਜੂਨ 2015 ਨੂੰ ਟੈਕਨੀਸ਼ੀਅਨ ਗਰੇਡ-1 ਦੀਆਂ ਕੁੱਲ 50 ਅਸਾਮੀਆਂ ਲਈ ਪ੍ਰਤੀ ਬੇਨਤੀ ਮੰਗੀ ਗਈ ਸੀ। ਪਾਵਰਕੌਮ ਕਾਰਪੋਰੇਸ਼ਨ ਵੱਲੋਂ 21 ਫਰਵਰੀ 2016 ਨੂੰ ਲਿਖਤੀ ਟੈਸਟ ਲਿਆ ਗਿਆ, ਜਿਸ ਦਾ ਨਤੀਜਾ 23 ਮਈ 2016 ਨੂੰ ਘੋਸ਼ਿਤ ਕੀਤਾ ਗਿਆ ਸੀ। ਪਾਵਰ ਕਾਰਪੋਰੇਸ਼ਨ ਵੱਲੋਂ ਪਾਸ ਉਮੀਦਵਾਰਾਂ ਦੀ ਮੈਰਿਟ ਸੂਚੀ ਜਾਰੀ ਕੀਤੀ ਗਈ ਅਤੇ ਮੈਰਿਟ ਵਿਚ ਸ਼ਾਮਲ ਉਮੀਦਵਾਰਾਂ ਦੇ ਦਸਤਾਵੇਜ਼ 14 ਜੂਨ 2016 ਨੂੰ ਚੈਕ ਕੀਤੇ ਗਏ। ਪਿਛਲੇ ਇਕ ਸਾਲ ਤੋਂ ਟੈਕਨੀਸ਼ੀਅਨ ਗਰੇਡ-1 ਆਪਣੀ ਨਿਯੁਕਤੀ ਲਈ ਸੜਕਾਂ ਦੀ ਖ਼ਾਕ ਅਤੇ ਬਿਜਲੀ ਬੋਰਡ ਦਫ਼ਤਰਾਂ ਦੇ ਚੱਕਰ ਲਗਾ ਰਹੇ ਹਨ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਮਰਜੀਤ ਸਿੰਘ, ਵਿਕਰਮ ਕੁਮਾਰ, ਵਿਕਾਸ ਕੁਮਾਰ, ਰਾਕੇਸ਼ ਕੁਮਾਰ, ਬਲਵਿੰਦਰ ਸਿੰਘ, ਮਿਥਲੇਸ਼ ਸ਼ਰਮਾ, ਪ੍ਰਭਜੋਤ ਸਿੰਘ, ਵਿਕਰਮਪ੍ਰੀਤ ਸਿੰਘ, ਸਚਿਨ, ਚਮਕੌਰ ਸਿੰਘ ਆਦਿ ਨੇ ਦੱਸਿਆ ਕਿ ਅਸੀਂ ਨਿਯੁਕਤੀ ਪੱਤਰ ਲੈਣ ਲਈ ਕਈ ਵਾਰ ਪਾਵਰਕੌਮ ਕਾਰਪੋਰੇਸ਼ਨ ਦੇ ਦਫ਼ਤਰ ਦੇ ਉਚ ਅਧਿਕਾਰੀਆਂ ਨੂੰ ਮਿਲੇ ਹਾਂ। ਪ੍ਰੰਤੂ ਉਨ੍ਹਾਂ ਦਾ ਜਵਾਬ ਇਹ ਹੁੰਦਾ ਹੈ ਕਿ ਮਾਮਲਾ ਵਿਚਾਰ ਅਧੀਨ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਾਡੇ ਵੱਲੋਂ ਆਰਟੀਆਈ ਰਾਹੀਂ ਸੂਚਨਾ ਪ੍ਰਾਪਤ ਕੀਤੀ ਤਾਂ ਉਸ ਵਿਚ ਵੀ ਇਹੋ ਜਵਾਬ ਦਿੱਤਾ ਗਿਆ ਕਿ ਮਾਮਲਾ ਹਾਲੇ ਵਿਚਾਰਿਆ ਜਾ ਰਿਹਾ ਹੈ।
ਉਮੀਦਵਾਰਾਂ ਦਾ ਕਹਿਣਾ ਹੈ ਕਿ ਇਸ ਨੋਟੀਫਿਕੇਸ਼ਨ ਰਾਹੀਂ ਵੱਖ-ਵੱਖ 14 ਕੈਟਾਗਰੀਆਂ ਦੀਆਂ ਤਕਰੀਬਨ 2300 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਸਨ। ਟੈਕਨੀਸ਼ੀਅਨ ਗਰੇਡ-1 ਨੂੰ ਛੱਡ ਕੇ ਪਾਵਰ ਕਾਰਪੋਰੇਸ਼ਨ ਵੱਲੋਂ ਬਾਕੀ ਸਾਰੀਆਂ ਕੈਟਾਗਰੀਆਂ ਦੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇ ਕੇ ਦਫ਼ਤਰ ਹਾਜ਼ਰ ਵੀ ਕਰਵਾ ਲਏ ਗਏ ਹਨ। ਪ੍ਰੰਤੂ ਟੈਕਨੀਸ਼ੀਅਨ ਗਰੇਡ-1 ਦੇ 50 ਅਸਾਮੀਆਂ ਦੇ ਉਮੀਦਵਾਰ ਅੱਜ ਵੀ ਆਸ ਲਗਾਈ ਬੈਠੇ ਹਨ। ਉਮੀਦਵਾਰਾਂ ਦਾ ਕਹਿਣਾ ਹੈ ਕਿ ਇਸ ਕੈਟਾਗਰੀ ਵਿਚ ਕਈ ਅਜਿਹੇ ਉਮੀਦਵਾਰ ਹਨ, ਜਿਨ੍ਹਾਂ ਦੀ ਉਮਰ ਦੀ ਹੱਦ ਪਾਰ ਕਰਨ ਵਾਲੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅਸੀਂ ਕਈ ਵਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਦੋ ਵਾਰ ਮਿਲ ਚੁੱਕੇ ਹਾਂ। ਉਨ੍ਹਾਂ ਵੱਲੋਂ ਵੀ ਕੇਵਲ ਭਰੋਸਾ ਹੀ ਦਿੱਤਾ ਗਿਆ ਹੈ।
ਉਮੀਦਵਾਰਾਂ ਦਾ ਕਹਿਣਾ ਹੈ ਕਿ ਉਹ ਸਾਰੀ ਪ੍ਰਕਿਰਿਆ ਪੂਰੀ ਕਰਨ ਉਪਰੰਤ ਵੀ ਅੱਜ ਸਾਨੂੰ ਨੌਕਰੀ ’ਤੇ ਹਾਜ਼ਰ ਨਹੀਂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਿਚ ਵੱਖ-ਵੱਖ ਕੈਟਾਗਰੀ ਦੀਆਂ 50 ਫ਼ੀਸਦੀ ਅਸਾਮੀਆਂ ਖਾਲੀ ਪਈਆਂ ਹਨ। ਬਿਜਲੀ ਮੁਲਾਜ਼ਮਾਂ ਦਾ ਸਾਂਝਾ ਫਰੰਟ ਨਵੀਂ ਭਰਤੀ ਕਰਾਉਣ ਲਈ ਧਰਨੇ, ਮੁਜ਼ਾਹਰੇ ਕਰ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਟੈਕਨੀਸ਼ੀਅਨ ਗਰੇਡ-1 ਦੇ ਉਮੀਦਵਾਰਾਂ ਨੂੰ ਵੀ ਬਾਕੀ ਕੈਟਾਗਰੀਆਂ ਦੇ ਉਮੀਦਵਾਰਾਂ ਵਾਂਗ ਨਿਯੁਕਤੀ ਪੱਤਰ ਜਾਰੀ ਕਰਕੇ ਦਫ਼ਤਰ ਹਾਜ਼ਰ ਕਰਵਾਇਆ ਜਾਵੇ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…