Share on Facebook Share on Twitter Share on Google+ Share on Pinterest Share on Linkedin ਮੁੱਢਲੀ ਸਿੱਖਿਆ ਸਾਡੀ ਨੀਂਹ ਤੇ ਅਧਿਆਪਕ ਇਸ ਦਾ ਧੁਰਾ ਹਨ: ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਸਤੰਬਰ: ਪ੍ਰਾਇਮਰੀ ਸਿੱਖਿਆ ਸਾਡੀ ਸਿੱਖਿਆ ਦੀ ਬੁਨਿਆਦ ਹੈ। ਸਿੱਖਿਆ ਵਿਭਾਗ, ਅਧਿਆਪਕ, ਮਾਪੇ, ਸਿੱਖਿਆ ਅਧਿਕਾਰੀ, ਸਮਾਜ ਅਤੇ ਇਸ ਨਾਲ ਸਬੰਧਤ ਹਰ ਤਬਕਾ ਕਹਿਣ ਤੋਂ ਭਾਵ ਅਸੀਂ ਸਾਰੇ ਰਲ ਮਿਲ ਕੇ ਜਿੰਨਾ ਮੁੱਢਲੀ ਸਿੱਖਿਆ ਨੂੰ ਮਜ਼ਬੂਤ ਬਣਾਵਾਂਗੇ। ਓਨਾ ਹੀ ਸਾਡਾ ਬਾਅਦ ਦੀ ਸਿੱਖਿਆ ਦਾ ਪੱਧਰ ਉੱਚਾ ਹੋਵੇਗਾ। ਇਹ ਵਿਚਾਰ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਐਜੂਸੈੱਟ ਰਾਹੀਂ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਪ੍ਰੋਜੈਕਟ ਅਧੀਨ ਰਾਜ ਦੇ ਲਗਭਗ 60 ਹਜ਼ਾਰ ਪ੍ਰਾਇਮਰੀ ਸਿੱਖਿਆ ਅਧਿਆਪਕਾ, ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਅ) ਸਿੱਖਿਆ ਅਧਿਕਾਰੀਆਂ, ਸਕੂਲ ਮੁਖੀਆਂ, ਪ੍ਰਾਇਮਰੀ ਸਿੱਖਿਆ ਨਾਲ ਸਬੰਧਤਾਂ ਅਤੇ ਇਸ ਪ੍ਰੋਜੈਕਟ ਨਾਲ ਜੁੜੀ ਟੀਮ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ ਹਨ। ਉਨ੍ਹਾਂ ਕਿਹਾ ਪਹਿਲੀ ਤੋਂ ਪੰਜਵੀਂ ਜਮਾਤ ਲਈ ਸ਼ੁਰੂ ਕੀਤੇ ਗਏ ਇਸ ਪ੍ਰੋਜੈਕਟ ਵਿੱਚ ਬੱਚਿਆਂ ਨੂੰ ਪੜਾਅ ਵਾਰ, ਵਰਗ-ਵੰਡ ਅਨੁਸਾਰ ਮਿਥੇ ਗਏ ਟੀਚਿਆਂ ਦੀ ਪ੍ਰਾਪਤੀ ਲਈ ਵੱਡੇ ਹੰਭਲੇ ਦੀ ਲੋੜ ਹੈ। ਪਹਿਲਾਂ ਅਸੀਂ ਬੱਚੇ ਦਾ ਪੜ੍ਹਨ ਪੱਧਰ ਜਾਚਣਾ, ਪਰਖਣਾ ਹੈ ਤੇ ਫਿਰ ਉਸ ਦੀ ਸਮਰੱਥਾ ਤੇ ਸੂਝ ਨੂੰ ਪ੍ਰੇਰਨਾ ਅਤੇ ਪਿਆਰ ਨਾਲ ਮਿਆਰੀ ਬਣਾਉਣਾ ਹੈ। ਸਿੱਖਿਆ ਸਕੱਤਰ ਨੇ ਆਪਣੇ ਭਾਸ਼ਨ ਵਿੱਚ ਦੱਸਿਆ ਕਿ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਪੰਜਾਬ ਸਰਕਾਰ ਦਾ ਖਾਸ ਪ੍ਰੋਜੈਕਟ ਹੈ। ਜਿਸ ਵਿੱਚ ਪ੍ਰਾਇਮਰੀ ਜਮਾਤਾਂ ਦੇ ਪੜ੍ਹਨ ਪੱਧਰ ਨੂੰ ਸੁਧਾਰਨਾ ਅਤੇ ਨਿਖਾਰਨਾ ਹੈ। ਉਨ੍ਹਾਂ ਕਿਹਾ ਪ੍ਰਾਇਮਰੀ ਸਿੱਖਿਆ ਨੂੰ ਉੱਚਾ ਚੁੱਕਣਾ ਸਾਡੇ ਸਾਰਿਆਂ ਲਈ ਇੱਕ ਵੰਗਾਰ ਹੈ। ਜਿਸ ਨੂੰ ਕਬੂਲ ਕਰਦੇ ਹੋਏ ਅਸੀਂ ਇਸ ਵਿੱਚ ਨਵੀਂ ਰੂਹ ਭਰਨੀ ਹੈ। ਸ੍ਰੀ ਕ੍ਰਿਸ਼ਨ ਕੁਮਾਰ ਨੇ ਪੰਜਾਬੀ, ਗਣਿਤ ਅਤੇ ਅੰਗਰੇਜ਼ੀ ਵਿਸ਼ਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਵੇਂ ਅੱਜ ਰਾਜ ਦੇ ਪ੍ਰਾਇਮਰੀ ਬੱਚਿਆਂ ਦਾ ਪੜ੍ਹਨ ਪੱਧਰ ਹੋਰ ਗੰਭੀਰਤਾ ਅਤੇ ਧਿਆਨ ਦੀ ਮੰਗ ਕਰਦਾ ਹੈ ਪਰ ਅਸੀਂ ਸਾਰੇ ਇੱਕ ਟੀਮ ਵਾਂਗ ਕੰਮ ਕਰਦੇ ਹੋਏ ਸਮਾਂ ਸੀਮਾ ਵਿੱਚ ਇਸ ਦੇ ਟੀਚੇ ਪ੍ਰਾਪਤ ਕਰ ਲਵਾਂਗੇ। ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦਾ ਅਸਲੀ ਧੁਰਾ ਅਧਿਆਪਕ ਹਨ। ਉਨ੍ਹਾਂ ਆਪਣੇ ਭਾਸ਼ਨ ਵਿੱਚ ਜਮਾਤਾਂ ਵਿੱਚ ਮੋਬਾਇਲ ਦੀ ਮਨਾਹੀ, ਬੱਚਿਆਂ ਲਈ ਪ੍ਰੇਰਨਾ, ਮਾਪਿਆਂ ਦੀ ਭਾਗੀਦਾਰੀ, ਅਧਿਆਪਕ ਦੀ ਵਚਨਬੱਧਤਾ, ਸਵੇਰ ਦੀ ਸਭਾ ਦਾ ਪ੍ਰਭਾਵ ਤੇ ਰੌਚਕਤਾ, ਟੀਚਰ ਦਾ ਰੋਲ ਮਾਡਲ ਬਣਨਾ, ਬਾਲ ਸਭਾਵਾਂ ਕਰਨੀਆਂ, ਟੀਚਿਆਂ ਬਾਰੇ ਸਪੱਸ਼ਟਤਾ, ਰੀਡਿੰਗ ਸੈੱਲ ਮਜ਼ਬੂਤ ਕਰਨੇ, ਕੰਮ ਦੀ ਯੋਜਨਾਬੰਦੀ, ਸਕੂਲ ਦੀ ਸਫ਼ਾਈ, ਖੇਡਾਂ ਵਿੱਚ ਦਿਲਚਸਪੀ, ਨਮੂਨੇ ਦਾ ਸਕੂਲ ਬਣਾਉਣਾ, ਦਰਖਤਾਂ ਤੇ ਵਾਤਾਵਰਨ ਦੀ ਸੰਭਾਲ, ਸੀਮਤ ਵਿਤੀ ਸਾਧਨਾ ’ਚੋਂ ਵਧੀਆ ਕੰਮ ਚਲਾਉਣਾ ਆਦਿ ਨੁਕਤਿਆਂ ਬਾਰੇ ਵੇਰਵੇ ਸਹਿਤ ਜ਼ਿਕਰ ਕਰਦਿਆਂ ਉਨ੍ਹਾਂ ਨੇ ਅਧਿਆਪਕਾਂ ਨੂੰ ਅਧਿਆਪਨ ਦਾ ਪਾਠ ਪੜ੍ਹਾਇਆ। ਇਸ ਐਜੂਸੈੱਟ ਮੀਟਿੰਗ ਦੌਰਾਨ ਪੰਜਾਬ ਦੇ ਦੋ ਨਮੂਨੇਦਾਰ ਪ੍ਰਾਇਮਰੀ ਸਕੂਲਾਂ ਸਰਕਾਰੀ ਪ੍ਰਾਇਮਰੀ ਸਕੂਲ ਨਿਧਾਂ ਵਾਲਾ (ਮੋਗਾ) ਅਤੇ ਸਰਕਾਰੀ ਪ੍ਰਾਇਮਰੀ ਸਕੂਲ ਰੱਤੋਕੇ (ਸੰਗਰੂਰ) ’ਚ ਚੱਲ ਰਹੀਆਂ ਉਮਦਾ ਕਿਸਮ ਦੀਆਂ ਸਿੱਖਿਆ ਗਤੀਵਿਧੀਆਂ ਤੋੱ ਵੀ ਦਰਸ਼ਕਾਂ ਨੂੰ ਜਾਣੁੂ ਕਰਵਾਇਆ ਗਿਆ। ਸਿੱਖਿਆ ਸਕੱਤਰ ਨੇ ਮੌਕੇ ’ਤੇ ਫੋਨ ਕਾਲਾਂ ਅਟੈਂਡ ਕਰਦਿਆਂ ਅਧਿਆਪਕਾਂ ਦੇ ਸੁਝਾਵਾਂ ਤੇ ਵੀ ਗੌਰ ਕੀਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ