ਸੀਨੀਅਰ ਪੱਤਰਕਾਰ ਕੇ.ਜੇ ਸਿੰਘ ਤੇ ਬਜ਼ੁਰਗ ਮਾਂ ਗੁਰਚਰਨ ਕੌਰ ਦਾ ਅੰਤਿਮ ਸਸਕਾਰ

ਮੁੱਖ ਮੰਤਰੀ ਵੱਲੋਂ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਮ੍ਰਿਤਕ ਦੇਹਾਂ ’ਤੇ ਰੀਥਾਂ ਰੱਖ ਕੇ ਭੇਟ ਕੀਤੀ ਸ਼ਰਧਾਂਜਲੀ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਸਤੰਬਰ:
ਸੀਨੀਅਰ ਪੱਤਰਕਾਰ ਕੇ.ਜੇ ਸਿੰਘ ਅਤੇ ਉਨ੍ਹਾਂ ਦੀ ਮਾਤਾ ਗੁਰਚਰਨ ਕੌਰ ਜਿਨ੍ਹਾਂ ਦੀ ਕਿ ਮੁਹਾਲੀ ਸਥਿਤ ਉਨ੍ਹਾਂ ਦੀ ਰਿਹਾਇਸ ’ਤੇ 22 ਅਤੇ 23 ਸਤੰਬਰ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਉਨ੍ਹਾਂ ਦੇ ਘਰ ਵਿੱਚ ਦਾਖ਼ਲ ਹੋ ਕੇ ਬੇਰਿਹਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕ ਦੇਹਾਂ ਦਾ ਅੱਜ ਸਰਕਾਰੀ ਸਿਵਲ ਹਸਪਤਾਲ ਮੁਹਾਲੀ ਵਿੱਚ ਪੋਸਟਮਾਟਮ ਕਰਨ ਉਪਰੰਤ ਪੁਰੀਆਂ ਧਾਰਮਿਕ ਰਹੁ ਰੀਤਾਂ ਨਾਲ ਮੁਹਾਲੀ (ਬਲੌਂਗੀ) ਸਥਿਤ ਸਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮ੍ਰਿਤਕ ਦੇਹਾਂ ਨੂੰ ਅਗਨੀ ਕੇ.ਜੇ ਸਿੰਘ ਦੇ ਵੱਡੇ ਭਰਾ ਵਿਜੇਪਾਲ ਸਿੰਘ ਨੇ ਦਿਖਾਈ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋ ਉਨ੍ਹਾਂ ਦੇ ਮੀਡੀਆ ਸਲਾਹਕਾਰ ਸ੍ਰੀ ਰਵੀਨ ਠੁਕਰਾਲ ਨੇ ਮ੍ਰਿਤਕ ਦੇਹਾਂ ਤੇ ਰੀਥਾਂ ਰੱਖ ਕੇ ਸਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਕਾਤਲ ਜਲਦੀ ਹੀ ਪੁਲੀਸ ਗ੍ਰਿਫ਼ਤ ਵਿੱਚ ਹੋਣਗੇ। ਕਾਤਲਾਂ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ। ਮੁੱਖ ਮੰਤਰੀ ਪੰਜਾਬ ਪਹਿਲਾਂ ਹੀ ਇਸ ਦੋਹਰੇ ਹੱਤਿਆ ਕਾਂਡ ਲਈ ਵਿਸ਼ੇਸ ਟੀਮ ਦਾ ਗਠਨ ਕਰ ਚੁੱਕੇ ਹਨ ਤਾਂ ਜੋ ਦੋਸ਼ੀਆਂ ਦੀ ਜਲਦੀ ਤੋਂ ਜਲਦੀ ਭਾਲ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਦੁਖਦਾਈ ਘਟਨਾ ਦੀ ਜਿੰਨੀ ਨਿਖੇਪੀ ਕੀਤੀ ਜਾਵੇ ਘੱਟ ਹੈ। ਉਨ੍ਹਾਂ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਅਤੇ ਸਮਾਜ ਨੂੰ ਨਾ ਪੁਰਿਆ ਜਾਣ ਵਾਲਾ ਘਾਟਾ ਦੱਸਿਆ ਅਤੇ ਪਰਿਵਾਰ ਨੂੰ ਹਰ ਤਰ੍ਹਾਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ।
ਅੰਤਿਮ ਸੰਸਕਾਰ ਵੇਲੇ ਸਾਬਕਾ ਰੈਜੀਡੈਂਟ ਐਡੀਟਰ ਇੰਡੀਅਨ ਐਕਸਪ੍ਰੈਸ ਸ੍ਰੀ ਵਿਪਨ ਪੱਬੀ, ਡੇਲੀ ਪੋਸਟ ਦੇ ਸਾਬਕਾ ਐਡੀਟਰ ਸਰਬਜੀਤ ਪੰਧੇਰ, ਚੰਡੀਗੜ੍ਹ ਪ੍ਰੈਸ ਕਲੱਬ ਦੇ ਪ੍ਰਧਾਨ ਜਸਵੰਤ ਸਿੰਘ ਰਾਣਾ, ਸਾਬਕਾ ਪ੍ਰਧਾਨ ਜਗਤਾਰ ਸਿੰਘ ਸਿੱਧੂ, ਬਾਬੂ ਸਾਹੀ ਡੋਟ ਕਾਮ ਦੇ ਐਡੀਟਰ ਬਲਜੀਤ ਬੱਲੀ ਸਮੇਤ ਚੰਡੀਗੜ੍ਹ ਅਤੇ ਮੁਹਾਲੀ ਦੇ ਪੱਤਰਕਾਰ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਇਸ ਤੋਂ ਇਲਾਵਾ ਕੌਂਸਲਰ ਕੁਲਜੀਤ ਸਿੰਘ ਬੇਦੀ, ਹੋਰ ਸ਼ਹਿਰੀ ਪਤਵੰਤੇ, ਕੇ.ਜੇ.ਸਿੰਘ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਵੀ ਸ਼ਾਮਲ ਹੋਏ। ਹੈਰਾਨੀ ਦੀ ਗੱਲ ਇਹ ਹੈ ਕਿ ਅੰਤਿਮ ਸਸਕਾਰ ਮੌਕੇ ਇਲਾਕੇ ਦੇ ਕੌਂਸਲਰ ਨੂੰ ਛੱਡ ਕੇ ਕਿਸੇ ਸਿਆਸੀ ਪਾਰਟੀ ਦਾ ਆਗੂ ਜਾਂ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਹਾਜ਼ਰ ਨਹੀਂ ਸੀ। ਜਿਸ ਦਾ ਮੀਡੀਆ ਕਰਮੀਆਂ ਨੇ ਕਾਫੀ ਬੂਰਾ ਮਨਾਇਆ ਹੈ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…