ਪੰਜਾਬ ਯੂਨੀਵਰਸਿਟੀ ਵਿੱਚ ‘ਸੰਵਾਦ’ ਪ੍ਰੋਗਰਾਮ ਦੌਰਾਨ ਨਵਜੋਤ ਸਿੱਧੂ ਨੇ ਕੀਤੀਆਂ ਖੁੱਲ੍ਹ ਕੇ ਦਿਲ ਦੀਆਂ ਗੱਲਾਂ

ਪੰਜਾਬ ਦਾ ਰੌਸ਼ਨ ਭਵਿੱਖ ਨੌਜਵਾਨਾਂ ਦੇ ਜਜ਼ਬੇ ਨੂੰ ਸਲਾਮ: ਨਵਜੋਤ ਸਿੱਧੂ

ਕ੍ਰਿਕਟ ਜੀਵਨ ਨਾਲ ਜੁੜੀਆਂ ਕੌੜੀਆਂ ਮਿੱਠੀਆਂ ਯਾਦਾਂ ਸਾਂਝੀਆਂ ਕਰਦਿਆਂ ਹੌਸਲਾ ਵਧਾਊ ਉਦਹਾਰਨਾਂ ਦਿੱਤੀਆਂ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 26 ਸਤੰਬਰ:
ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਵਿਦਿਆਰਥੀਆਂ ਨਾਲ ‘ਸੰਵਾਦ’ ਪ੍ਰੋਗਰਾਮ ਦੌਰਾਨ ਨੌਜਵਾਨਾਂ ਨਾਲ ਕਈ ਘੰਟੇ ਖੁੱਲ੍ਹ ਕੇ ਦਿਲ ਦੀਆਂ ਗੱਲਾਂ ਕੀਤੀਆਂ। ਸ. ਸਿੱਧੂ ਨੇ ਨੌਜਵਾਨਾਂ ਨੂੰ ਪੰਜਾਬ ਅਤੇ ਦੇਸ਼ ਦਾ ਰੌਸ਼ਨ ਭਵਿੱਖ ਦੱਸਦਿਆਂ ਉਨ੍ਹਾਂ ਵੱਲੋਂ ਸਵਾਲ-ਜਵਾਬ ਸੈਸ਼ਨ ਵਿੱਚ ਪੁੱਛੇ ਅਗਾਂਹਵਧੂ ਸਵਾਲਾਂ ਕਾਰਨ ਉਨ੍ਹਾਂ ਦੇ ਜਜ਼ਬੇ ਨੂੰ ਸਲਾਮ ਕੀਤਾ। ਆਪਣੇ ਕ੍ਰਿਕਟ ਜੀਵਨ ਤੋਂ ਰਾਜਸੀ ਜੀਵਨ ਦੇ ਹਰ ਪਹਿਲੂ ਬਾਰੇ ਖੱੁਲ੍ਹ ਕੇ ਕੀਤੀਆਂ ਗੱਲਾਂ ਵਿੱਚ ਉਨ੍ਹਾਂ ਨੌਜਵਾਨਾਂ ਨੂੰ ਹੌਸਲਾ ਵਧਾਊ ਉਦਹਾਰਨਾਂ ਦਿੱਤੀਆਂ ਅਤੇ ਨੌਜਵਾਨਾਂ ਨੂੰ ਇਹ ਸੁਨੇਹਾ ਵੀ ਦਿੱਤਾ ਕਿ ਉਹ ਆਪਣੇ ਆਪ ਵਿੱਚ ਯਕੀਨ ਰੱਖਣ ਅਤੇ ਸਵੈ ਵਿਸ਼ਵਾਸ ਨੂੰ ਡੋਲਣ ਨਾ ਦੇਣ। ਸਟੂਡੈਂਟਸ ਵੈਲਫੇਅਰ ਐਸੋਸੀਏਸ਼ਨ ਵੱਲੋਂ ਰੱਖੇ ਸੰਵਾਦ ਪ੍ਰੋਗਰਾਮ ‘ਨਵਜੋਤ ਸਿੰਘ ਸਿੱਧੂ-ਕ੍ਰਿਕਟਰ ਤੋਂ ਰਾਜਸੀ ਜੀਵਨ’ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਸਿੱਧੂ ਨੇ ਕ੍ਰਿਕਟਰ ਵਜੋਂ ਹਾਸਲ ਚੰਗੇ-ਮਾੜੇ ਤਜਰਬਿਆਂ ਨੂੰ ਸਾਂਝਾ ਕੀਤਾ।
ਉਨ੍ਹਾਂ ਸਚਿਨ ਤੇਂਦੁਲਕਰ, ਕਪਿਲ ਦੇਵ, ਰਵੀ ਸਾਸ਼ਤਰੀ, ਕੇ.ਸ੍ਰੀਕਾਂਤ, ਮੁਹੰਮਦ ਅਜ਼ਹਰੂਦੀਨ ਨਾਲ ਜੁੜੀਆਂ ਭਾਰਤੀ ਕ੍ਰਿਕਟ ਟੀਮ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਸਚਿਨ ਤੇਂਦੁਲਕਰ ਦੇ ਸੰਘਰਸ਼ ਦੀ ਕਹਾਣੀ ਨੂੰ ਉਦਾਹਰਨਾ ਸਹਿਤ ਦੱਸਿਆ। ਉਨ੍ਹਾਂ ਕਿਹਾ ਕਿ ਸਖਤ ਮਿਹਨਤ ਹੀ ਸਫਲਤਾ ਦਿਵਾਉਂਦੀ ਹੈ। ਉਨ੍ਹਾਂ ਆਪਣੇ ਸਮੇਂ ਦੇ ਦਿੱਗਜ਼ ਤੇਜ ਗੇਂਦਬਾਜ਼ਾਂ ਵਸੀਮ ਅਕਰਮ, ਵੱਕਾਰ ਯੂਨਿਸ, ਇਮਰਾਨ ਖਾਨ, ਕਰਟਲੀ ਐਬਰੋਜ਼, ਇਅਨ ਬਿਸ਼ਪ ਸਣੇ ਆਸਟਰੇਲੀਆ ਤੇ ਕੈਰੇਬਿਆਈ ਹੋਰਨਾਂ ਗੇਂਦਬਾਜ਼ਾਂ ਦੇ ਖੌਫ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਸਾਹਮਣੇ ਖੇਡਦਿਆਂ ਜ਼ਿੰਦਗੀ ਦੇ ਕਈ ਸਬਕ ਸਿੱਖੇ। ਕੁਮੈਂਟਰੀ ਜੀਵਨ ਵਿੱਚ ਜੈਫਰੀ ਬਾਇਕਾਟ ਨਾਲ ਜੁੜੀ ਗੱਲ ਵੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਅਸਲ ਚੈਂਪੀਅਨ ਉਹ ਹੀ ਹੁੰਦਾ ਹੈ ਜਿਹੜਾ ਮੁਸ਼ਕਲ ਅਤੇ ਵਿਰੋਧੀ ਹਾਲਤਾਂ ਵਿੱਚ ਵੀ ਅਡੋਲ ਰਹਿ ਕੇ ਨਿਸ਼ਾਨੇ ਦੀ ਪ੍ਰਾਪਤੀ ਕਰਦਾ ਹੈ। ਜਵਾਨੀ ਮਨੱੁਖ ਦੇ ਜੀਵਨ ਦਾ ਅਹਿਮ ਪੜਾਅ ਹੁੰਦਾ ਹੈ ਜਿੱਥੇ ਹਰ ਨੌਜਵਾਨ ਨੂੰ ਆਪਣੀ ਸ਼ਕਤੀ ਅਤੇ ਬੁੱਧੀ ਸਹੀ ਦਿਸ਼ਾ ਵਿੱਚ ਲਾ ਕੇ ਕਿਸੇ ਵੀ ਖੇਤਰ ਵਿੱਚ ਕੁਝ ਕਰ ਗੁਜ਼ਰਨ ਦਾ ਨਿਸ਼ਾਨਾ ਮਿੱਥਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਦਿਆਰਥੀ ਅਸਫਲਤਾ ਦੇ ਡਰ ਨੂੰ ਆਪਣੇ ਦਿਲੋਂ ਬਾਹਰ ਕੱਢ ਕੇ ਨਿਸ਼ਾਨੇ ਦੀ ਪ੍ਰਾਪਤੀ ਵੱਲ ਲੱਗੇ ਅਤੇ ਇਕ ਦਿਨ ਉਹ ਸਫਲਤਾ ਜ਼ਰੂਰ ਹਾਸਲ ਕਰੇਗਾ।
ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੱਦਾ ਦਿੰਦਿਆਂ ਖੇਡਾਂ ਵੱਲ ਆਉਣ ਲਈ ਵੀ ਪ੍ਰੇਰਿਆ। ਉਨ੍ਹਾਂ ਕਿਹਾ ਕਿ ਹਰ ਨੌਜਵਾਨ ਵਿੱਚ ਇਕ ਵੱਖਰੀ ਕਲਾ ਹੁੰਦੀ ਹੈ ਅਤੇ ਉਹ ਇਸੇ ਦਮ ’ਤੇ ਜ਼ਿੰਦਗੀ ਵਿੱਚ ਇਕ ਮੁਕਾਮ ਹਾਸਲ ਕਰ ਸਕਦਾ ਹੈ। ਸਿੱਖਿਆ ਨੂੰ ਨੌਜਵਾਨਾਂ ਲਈ ਸਵੈ ਨਿਰਭਰ ਹੋਣ ਦਾ ਜ਼ਰੀਆ ਦੱਸਦਿਆਂ ਉਨ੍ਹਾਂ ਕਿਹਾ ਕਿ ਕੋਈ ਵੀ ਹੁਨਰ ਨੌਜਵਾਨ ਨੂੰ ਬਾਕੀਆਂ ਨਾਲੋਂ ਵੱਖਰਾ ਬਣਾਉਂਦਾ ਹੈ। ਆਪਣੇ ਸੰਬਧੋਨ ਤੋਂ ਬਾਅਦ ਸ. ਸਿੱਧੂ ਨੇ ਇਕ ਘੰਟਾ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤਾ ਜਿਨ੍ਹਾਂ ਵਿੱਚ ਰਾਜਸੀ ਜੀਵਨ ਨਾਲ ਜੁੜੀਆਂ ਕਈ ਗੱਲਾਂ ਅਤੇ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਦਾ ਜ਼ਿਕਰ ਕੀਤਾ। ਸ੍ਰੀ ਸਿੱਧੂ ਨੇ ਸਮਾਜਿਕ ਅਲਾਮਤਾਂ ਅਤੇ ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ, ‘‘ ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਤੁਹਾਡੇ ਵਰਗੇ ਨੌਜਵਾਨਾਂ ਲਈ ਇਕ ਖੁਸ਼ਹਾਲ ਸੂਬਾ ਛੱਡ ਕੇ ਜਾਈਏ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਯਾਦ ਰੱਖ ਸਕਣ।’’ ਇਸ ਮੌਕੇ ਡੀਨ ਵਿਦਿਆਰਥੀ ਭਲਾਈ ਪ੍ਰੋ. ਈਮੈਨੂਅਲ ਨਾਹਰ, ਸਟੂਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਨੀਤ ਇੰਦਰ ਸਿੰਘ ਤੇ ਪੰਜਾਬ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਜਸ਼ਨ ਕੰਬੋਜ ਵੀ ਹਾਜ਼ਰ ਸਨ। ਵਿਦਿਆਰਥਣ ਕੋਮਲਪ੍ਰੀਤ ਕੌਰ ਨੇ ਸਟੇਜ ਦੀ ਕਾਰਵਾਈ ਚਲਾਈ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…