Share on Facebook Share on Twitter Share on Google+ Share on Pinterest Share on Linkedin ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਨੂੰ ਲਾਹੇਵੰਦ ਭਾਅ ਯਕੀਨੀ ਬਣਾਉਣ ਲਈ ਨਰਮੇ ਦੀ ਖਰੀਦ ਦਾ ਜਾਇਜ਼ਾ ਨਰਮੇ ਦੀ ਬਿਨਾਂ ਅੜਚਣ ਖਰੀਦ ਨੂੰ ਯਕੀਨੀ ਬਣਾਉਣ ਲਈ ਖੇਤੀਬਾੜੀ ਵਿਭਾਗ ਤੇ ਮੰਡੀ ਬੋਰਡ ਦੇ ਅਫ਼ਸਰਾਂ ਨੂੰ ਆਦੇਸ਼ ਅਮਰਜੀਤ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 2 ਅਕਤੂਬਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਨਰਮੇ ਦੀ ਚੱਲ ਰਹੀ ਖਰੀਦ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਨਰਮਾ ਉੱਤਪਾਦਕਾਂ ਦੀ ਸੰਤੁਸ਼ਟੀ ਵਾਸਤੇ ਨਰਮੇ ਦੀ ਫਸਲ ਦੀ ਘੱਟੋਂ-ਘੱਟ ਸਮਰਥਨ ਮੁੱਲ ’ਤੇ ਖਰੀਦ ਨੂੰ ਯਕੀਨੀ ਬਣਾਉਣ ਵਾਸਤੇ ਵਚਨਬੱਧ ਹੈ। ਅੱਜ ਸਵੇਰੇ ਆਪਣੇ ਸਰਕਾਰੀ ਨਿਵਾਸ ’ਤੇ ਇਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਸੂਬਾ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਖੇਤੀਬਾੜੀ ਵਿਭਾਗ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਨਰਮੇ ਦੀ ਸਮੁੱਚੀ ਖਰੀਦ ਪ੍ਰਕਿਰਿਆ ਬਾਰੇ ਜਾਣਕਾਰੀ ਹਾਸਲ ਕੀਤੀ। ਮੀਟਿੰਗ ਦੌਰਾਨ ਮੰਡੀ ਬੋਰਡ ਦੇ ਸਕੱਤਰ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸੂਬੇ ਦੀਆਂ ਵੱਖ-ਵੱਖ ਨਰਮਾ ਮੰਡੀਆਂ ਵਿੱਚ ਹੁਣ ਤੱਕ ਅੰਦਾਜ਼ਨ 3.19 ਲੱਖ ਕੁਇੰਟਲ ਨਰਮਾ ਆਇਆ ਹੈ ਅਤੇ ਨਰਮੇ ਦਾ ਘੱਟੋ-ਘੱਟ ਸਮਰਥਨ ਮੁੱਖ 4220 ਰੁਪਏ ਪ੍ਰਤੀ ਕੁਇੰਟਲ ਹੈ। ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਇਸ ਸਮੇਂ ਨਰਮੇ ਦੀ ਖਰੀਦ ਬਿਨਾ ਕਿਸੇ ਅੜਚਣ ਤੋਂ ਚੱਲ ਰਹੀ ਹੈ ਅਤੇ ਬਹੁਤ ਥੋੜੇ ਮਾਮਲੇ ਮਿਆਰ ਨਾਲ ਸਬੰਧਤ ਸਾਹਮਣੇ ਆਏ ਹਨ। ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਇਹ ਵੀ ਦੱਸਿਆ ਕਿ ਨਰਮੇ ਦੀ ਖਰੀਦ ਘੱਟੋ-ਘੱਟ ਸਮਰਥਨ ਮੁੱਲ ਤੋਂ ਵੱਧ ਭਾਅ ’ਤੇ ਹੋ ਰਹੀ ਹੈ ਜਦਕਿ ਬਹੁਤ ਥੋੜੀ ਮਾਤਰਾ ਵਿੱਚ ਨਰਮੇ ਦੇ ਮਿਆਰ ਸਬੰਧੀ ਮੁੱਦੇ ਉੱਠੇ ਹਨ। ਮੰਡੀਆਂ ਵਿੱਚ ਵੱਡੀ ਪੱਧਰ ’ਤੇ ਨਰਮਾ ਆ ਰਿਹਾ ਹੈ ਅਤੇ ਇਹ ਮਾਤਰਾ ਪਿਛਲੇ ਸਾਲ ਨਾਲੋਂ ਲਗ ਪਗ ਦੁੱਗਣੀ ਹੈ। ਨਰਮੇ ਦਾ ਉੱਤਪਾਦਨ ਵੀ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਹੋਇਆ ਹੈ। ਮੰਡੀ ਬੋਰਡ ਦੇ ਸਕੱਤਰ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸੂਬੇ ਭਰ ਵਿੱਚ ਨਰਮੇ ਦੀ ਖਰੀਦ 4220 ਰੁਪਏ ਤੋਂ 4350 ਰੁਪਏ ਪ੍ਰਤੀ ਕੁਇੰਟਲ ਚੱਲ ਰਹੀ ਹੈ। ਇਸੇ ਦੌਰਾਨ ਮੁੱਖ ਮੰਤਰੀ ਨੇ ਨਰਮੇ ਦਾ ਉੱਤਪਾਦਨ ਕਰਨ ਵਾਲੇ ਜ਼ਿਲ੍ਹਿਆਂ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਕਿਸਾਨਾਂ ਨੂੰ ਨਰਮੇ ਦਾ ਲਾਹੇਵੰਦ ਭਾਅ ਯਕੀਨੀ ਬਣਾਉਣ। ਕੈਪਟਨ ਅਮਰਿੰਦਰ ਸਿੰਘ ਨੇ ਡਿਪਟੀ ਕਮਿਸ਼ਨਰਾਂ ਨੂੰ ਖੁਦ ਨਰਮਾ ਮੰਡੀਆਂ ਦਾ ਦੌਰਾ ਕਰਨ ਲਈ ਆਖਿਆ ਹੈ ਤਾਂ ਜੋ ਕਿਸਾਨ ਢੁਕਵਾਂ ਭਾਅ ਪ੍ਰਾਪਤ ਕਰ ਸਕਣ। ਉਨ੍ਹਾਂ ਨੇ ਸੂਬਾ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੂੰ ਵੀ ਨਰਮੇ ਦੀ ਚੱਲ ਰਹੀ ਖਰੀਦ ’ਤੇ ਨੇੜੀਓਂ ਨਜ਼ਰ ਰੱਖਣ ਲਈ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਨਰਮੇ ਦਾ ਭਾਅ ਉਸ ਦੇ ਮਿਆਰ ਅਤੇ ਪੱਧਰ ਮੁਤਾਬਕ ਯਕੀਨੀ ਬਣਾਉਣ। ਸੂਬੇ ਭਰ ਵਿੱਚ ਨਰਮੇ ਦੀ ਖਰੀਦ ਦੀ ਗਤੀ ਨੂੰ ਹੋਰ ਹੁਲਾਰਾ ਦੇਣ ਲਈ ਮੁੱਖ ਮੰਤਰੀ ਨੇ ਭਲਕੇ ਚੰਡੀਗੜ੍ਹ ਵਿਖੇ ਵਿਸ਼ੇਸ਼ ਸੰਯੁਕਤ ਮੀਟਿੰਗ ਸੱਦੇ ਜਾਣ ਦੇ ਨਿਰਦੇਸ਼ ਦਿੱਤੇ ਹਨ ਜਿਸ ਵਿੱਚ ਭਾਰਤੀ ਨਰਮਾ ਕਾਰਪੋਰੇਸ਼ਨ ਦੇ ਅਧਿਕਾਰੀਆਂ, ਖੇਤੀਬਾੜੀ ਵਿਭਾਗ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਤੋਂ ਇਲਾਵਾ ਸੂਬਾ ਸਰਕਾਰ ਦੇ ਸੀਨੀਅਰ ਅਧਿਕਾਰੀ ਹਿੱਸਾ ਲੈਣਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ