nabaz-e-punjab.com

ਸਰਕਾਰ ਨੇ ਚਿੰਤਪੁਰਨੀ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਨੂੰ ਸ਼ਿਫ਼ਟ ਕਰਨ ਦਾ ਮਸਲਾ ਭਾਰਤੀ ਮੈਡੀਕਲ ਕੌਂਸਲ ਕੋਲ ਚੁੱਕਿਆ

ਕੌਂਸਲ ਵੱਲੋਂ ਹਾਂ-ਪੱਖੀ ਹੁੰਗਾਰਾ, ਪ੍ਰਕਿਰਿਆ ਛੇਤੀ ਸ਼ੁਰੂ ਹੋਣ ਦੀ ਉਮੀਦ: ਬ੍ਰਹਮ ਮਹਿੰਦਰਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 4 ਅਕਤੂਬਰ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ’ਤੇ ਕਾਰਵਾਈਆਂ ਕਰਦਿਆਂ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੇ ਮੈਡੀਕਲ ਕੌਂਸਲ ਆਫ ਇੰਡੀਆ (ਐਮ.ਸੀ.ਆਈ.) ਦੇ ਅਧਿਕਾਰੀਆਂ ਨੂੰ ਮਿਲ ਕੇ ਚਿੰਤਪੁਰਨੀ ਮੈਡੀਕਲ ਕਾਲਜ, ਪਠਾਨਕੋਟ ਦੇ ਵਿਦਿਆਰਥੀਆਂ ਨੂੰ ਦੂਜੇ ਮੈਡੀਕਲ ਕਾਲਜਾਂ ਵਿੱਚ ਸ਼ਿਫਟ ਕਰਨ ਲਈ ਢੰਗ-ਤਰੀਕਾ ਤਲਾਸ਼ਣ ਦਾ ਮਾਮਲਾ ਉਠਾਇਆ। ਇਸ ਮੀਟਿੰਗ ਦੌਰਾਨ ਮੈਡੀਕਲ ਸਿੱਖਿਆ ਤੇ ਖੋਜ ਦੇ ਸਕੱਤਰ ਵਿਕਾਸ ਪ੍ਰਤਾਪ ਅਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਉਪ ਕੁਲਪਤੀ ਡਾਕਟਰ ਰਾਜ ਬਹਾਦਰ ਨੇ ਪੰਜਾਬ ਸਰਕਾਰ ਦੀ ਨੁਮਾਇੰਦਗੀ ਕੀਤੀ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਕ ਉੱਚ ਪੱਧਰੀ ਮੀਟਿੰਗ ਬੁੱਧਵਾਰ ਨੂੰ ਭਾਰਤ ਸਰਕਾਰ ਦੇ ਮੈਡੀਕਲ ਸਿੱਖਿਆ ਦੇ ਸੰਯੁਕਤ ਸਕੱਤਰ ਨਾਲ ਵੀ ਹੋਈ। ਇਨ੍ਹਾਂ ਮੀਟਿੰਗਾਂ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਮੈਡੀਕਲ ਕੌਂਸਲ ਆਫ ਇੰਡੀਆ ਨੇ ਹਾਂ-ਪੱਖੀ ਹੁੰਗਾਰਾ ਭਰਿਆ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਚਿੰਤਪੁਰਨੀ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਨੂੰ ਦੂਜੇ ਮੈਡੀਕਲ ਕਾਲਜਾਂ ਵਿੱਚ ਸ਼ਿਫਟ ਕਰਨ ਦੀ ਪ੍ਰਕਿਰਿਆ ਛੇਤੀ ਹੀ ਸ਼ੁਰੂ ਹੋ ਜਾਵੇਗੀ। ਮੁੱਖ ਮੰਤਰੀ ਵੱਲੋਂ ਚਿੰਤਪੁਰਨੀ ਕਾਲਜ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮਸਲਿਆਂ ਦੇ ਹੱਲ ਲਈ ਸਰਕਾਰ ਵੱਲੋਂ ਪੂਰੀ ਮਦਦ ਕਰਨ ਅਤੇ ਦੂਜੇ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਭੇਜਣ ਦਾ ਮਾਮਲਾ ਐਮ.ਸੀ.ਆਈ. ਕੋਲ ਉਠਾਉਣ ਦਾ ਭਰੋਸਾ ਦਿੱਤਾ ਸੀ ਜਿਸ ਤੋਂ ਬਾਅਦ ਇਹ ਮੀਟਿੰਗਾਂ ਹੋਈਆਂ ਹਨ। ਇਸ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਨੇ ਪਿਛਲੇ ਹਫ਼ਤੇ ਮੁੱਖ ਮੰਤਰੀ ਨੂੰ ਮਿਲ ਕੇ ਇਸ ਮਸਲੇ ਵਿੱਚ ਉਨ੍ਹਾਂ ਦੇ ਨਿੱਜੀ ਦਖ਼ਲ ਦੀ ਮੰਗ ਕੀਤੀ ਸੀ।
ਇਹ ਕਾਬਲੇਗੌਰ ਹੈ ਕਿ ਮੈਡੀਕਲ ਕੌਂਸਲ ਵੱਲੋਂ ਚਿੰਤਪੁਰਨੀ ਮੈਡੀਕਲ ਕਾਲਜ ਦੀ ਮਾਨਤਾ ਰੱਦ ਕਰ ਦੇਣ ਨਾਲ ਇਸ ਕਾਲਜ ਵਿੱਚ ਤਾਲੀਮ ਹਾਸਲ ਕਰ ਰਹੇ ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿੱਚ ਪਾ ਦਿੱਤਾ। ਉਸ ਵੇਲੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੈਡੀਕਲ ਸਿੱਖਿਆ ਮੰਤਰੀ ਬ੍ਰਹਮ ਮਹਿੰਦਰਾ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਸੀ ਕਿ ਸਰਕਾਰ ਉਨ੍ਹਾਂ ਦੇ ਹਿੱਤਾਂ ਦੀ ਸੁਰੱਖਿਆ ਲਈ ਸਾਰੇ ਲੋੜੀਂਦੇ ਕਦਮ ਚੁੱਕੇਗੀ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਪਹਿਲਾਂ ਹੀ ਸਪੱਸ਼ਟ ਕਰ ਚੁੱਕੀ ਹੈ ਕਿ ਸੂਬੇ ਵਿੱਚ ਮੈਡੀਕਲ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਚੁੱਕੇ ਜਾਣਗੇ।
ਸੱਤਾ ਵਿੱਚ ਆਉਣ ਤੋਂ ਤੁਰੰਤ ਬਾਅਦ ਕਾਂਗਰਸ ਸਰਕਾਰ ਨੇ ਗਿਆਨ ਸਾਗਰ ਗਰੁੱਪ ਆਫ ਕਾਲਜਿਜ਼ ਦੇ ਵਿਦਿਆਰਥੀਆਂ ਨੂੰ ਦੂਜੇ ਕਾਲਜਾਂ ਵਿੱਚ ਭੇਜ ਕੇ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਬਣਾਇਆ ਸੀ। ਮੁੱਖ ਮੰਤਰੀ ਨੇ ਚਿੰਤਪੁਰਨੀ ਕਾਲਜ ਦੇ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਹਰ ਹਾਲ ਵਿੱਚ ਉਨ੍ਹਾਂ ਦੇ ਭਵਿੱਖ ਦੀ ਰਾਖੀ ਕਰੇਗੀ ਅਤੇ ਇਸ ਲਈ ਅਜਿਹੇ ਹੀ ਕਦਮ ਚੁੱਕੇ ਜਾਣਗੇ। ਭਾਜਪਾ ਲੀਡਰ ਸਵਰਨ ਸਲਾਰੀਆ ਚਿੰਤਪੁਰਨੀ ਮੈਡੀਕਲ ਕਾਲਜ ਦੇ ਕਰਤਾ-ਧਰਤਾ ਹਨ ਜੋ ਇਸ ਵੇਲੇ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਭਾਜਪਾ ਦੇ ਉਮੀਦਵਾਰ ਹਨ।

Load More Related Articles
Load More By Nabaz-e-Punjab
Load More In Government

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …