ਕੈਪਟਨ ਅਮਰਿੰਦਰ ਸਿੰਘ ਕੇਂਦਰ ਸਰਕਾਰ ਤੋਂ ਪੰਜਾਬ ਦਾ ਹੱਕ ਮੰਗਦੇ ਹਨ ਖ਼ੈਰਾਤ ਨਹੀਂ: ਸੁਨੀਲ ਜਾਖੜ

ਸਿੱਖਿਆ ਮੰਤਰੀ ਦੇ ਹਲਕੇ ਵਿੱਚ ਕੀਤੀਆਂ ਲੜੀਵਾਰ ਚੋਣ ਮੀਟਿੰਗਾਂ, ਅੌਰਤਾਂ ਤੇ ਗੁੱਜਰ ਸਮਾਜ ਵੱਲੋਂ ਭਰਵਾ ਹੁਗਾਰਾ

ਨਬਜ਼-ਏ-ਪੰਜਾਬ ਬਿਊਰੋ, ਦੀਨਾਨਗਰ, 4 ਅਕਤੂਬਰ:
ਕੈਪਟਨ ਅਮਰਿੰਦਰ ਸਿੰਘ ਦੀ ਆਲੋਚਨਾ ਕਰਨ ’ਤੇ ਅਕਾਲੀਆਂ ਉੱਤੇ ਤਿੱਖਾ ਹਮਲਾ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਨੇ ਆਖਿਆ ਕਿ ਮੁੱਖ ਮੰਤਰੀ ਵੱਲੋਂ ਕੇਂਦਰ ਸਰਕਾਰ ਪਾਸੋਂ ਵਿੱਤੀ ਸਹਾਇਤਾ ਦੀ ਮੰਗ ਕਰਨਾ ਖ਼ੈਰਾਤ ਨਹੀਂ ਸਗੋਂ ਪੰਜਾਬ ਲਈ ਆਪਣਾ ਬਣਦਾ ਹੱਕ ਲੈਣਾ ਹੈ। ਅੱਜ ਇੱਥੇ ਵਰਕਰਾਂ ਨਾਲ ਲੜੀਵਾਰ ਮੀਟਿੰਗਾਂ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਬਾਦਲਾਂ ਦੀਆਂ ਮਾਰੂ ਨੀਤੀਆਂ ਅਤੇ ਮੁੱਖ ਮੰਤਰੀ ਦੀ ਬੇਲੋੜੀ ਆਲੋਚਨਾ ਕਰਨ ਲਈ ਬਾਦਲਾਂ ਨੂੰ ਨਿਸ਼ਾਨਾ ਬਣਾਉਂਦਿਆਂ ਆਖਿਆ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਸਰਕਾਰੀ ਖਜ਼ਾਨੇ ਨੂੰ ਪੂਰੀ ਤਰ੍ਹਾਂ ਚੱਟ ਲਏ ਜਾਣ ਦੇ ਬਾਵਜੂਦ ਕੈਪਟਨ ਸਰਕਾਰ ਨੇ ਸਿਰਫ ਛੇ ਮਹੀਨਿਆਂ ’ਚ ਹੀ ਸੂਬੇ ਦੇ ਲੋਕਾਂ ਲਈ ਭਲਾਈ ਪ੍ਰੋਗਰਾਮ ਆਰੰਭੇ ਹਨ।
ਕਾਂਗਰਸੀ ਉਮੀਦਵਾਰ ਨੂੰ ਹਲਕੇ ਦੀਆਂ ਅੌਰਤਾਂ ਸਮੇਤ ਲੋਕਾਂ ਪਾਸੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ। ਸ੍ਰੀ ਜਾਖੜ ਨੇ ਸਵਰਨ ਸਲਾਰੀਆ ਤੇ ਉਸਦੀ ਪਾਰਟੀ ਵੱਲੋਂ ਉਨ੍ਹਾਂ ਉੱਪਰ ਕੀਤੇ ਨਿੱਜੀ ਹਮਲਿਆਂ ਦੀ ਵੀ ਸਖ਼ਤ ਆਲੋਚਨਾ ਕੀਤੀ। ਸ੍ਰੀ ਜਾਖੜ ਨੇ ਉਨ੍ਹਾਂ ਨੂੰ ਬਾਹਰੀ ਦੱਸਣ ਵਾਲੇ ਵਿਰੋਧੀਆਂ ’ਤੇ ਚੁਟਕੀ ਲੈਂਦਿਆਂ ਆਖਿਆ ਕਿ ਹਲਕੇ ਦੇ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਉਹ ਲੋਕ ਸਭਾ ਵਿੱਚ ਸਾਡੀ ਆਵਾਜ਼ ਬੁਲੰਦ ਕਰਨਗੇ ਅਤੇ ਲੋਕ ਉਨ੍ਹਾਂ ਨੂੰ ‘ਸਾਡਾ ਜਾਖੜ’ ਕਹਿਣ ਲੱਗ ਪਏ ਹਨ ਅਤੇ ਉਨ੍ਹਾਂ ਨੇ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾ ਲਈ ਹੈ। ਬਾਦਲਾਂ ’ਤੇ ਨਿਸ਼ਾਨਾ ਵਿੰਨ੍ਹਦਿਆਂ ਸ੍ਰੀ ਜਾਖੜ ਨੇ ਆਖਿਆ ਕਿ ਸੁਖਬੀਰ ਨੂੰ ਤਾਂ ਲੋਕ ਗੰਭੀਰ ਆਗੂ ਸਮਝਦੇ ਹੀ ਨਹੀਂ ਜਦਕਿ ਪ੍ਰਕਾਸ਼ ਸਿੰਘ ਬਾਦਲ ਨੇ ਬੇਸਮਝੀ ਵਾਲੀ ਬਿਆਨਬਾਜ਼ੀ ਨਾਲ ਆਪਣੀ ਭਰੋਸੇਯੋਗਤਾ ਪੂਰੀ ਤਰ੍ਹਾਂ ਗੁਆ ਲਈ ਹੈ।
ਉਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਮੁੱਖ ਮੰਤਰੀ ਦੀ ਇਸ ਗੱਲੋਂ ਕੀਤੀ ਆਲੋਚਨਾ ਦਾ ਜ਼ਿਕਰ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਕਰਜ਼ੇ ਨੂੰ ਮੁਆਫ ਕਰਨ ਦਾ ਵਾਅਦਾ ਨਹੀਂ ਪੁਗਾ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਮੁੱਦੇ ’ਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਬੇਤੁੱਕੀ ਆਲੋਚਨਾ ਨੂੰ ਰੱਦ ਕਰਦਿਆਂ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਇਤਿਹਾਸਕ ਫੈਸਲਾ ਲਿਆ ਜਿਸ ਤੋਂ ਬਾਅਦ ਉੱਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਸਮੇਤ ਹੋਰ ਸੂਬਿਆਂ ਨੇ ਵੀ ਪੰਜਾਬ ਤੋਂ ਸੇਧ ਲੈਂਦਿਆਂ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ। ਬਾਦਲ ਵੱਲੋਂ ਮੁੱਖ ਮੰਤਰੀ ਹੁੰਦਿਆਂ ਦਸ ਵਰ੍ਹਿਆਂ ਦੇ ਸ਼ਾਸਨਕਾਲ ਦੇ ਅਖੀਰਲੇ ਛੇ ਮਹੀਨਿਆਂ ਵਿੱਚ ਪੈਨਸ਼ਨ ਵਧਾਉਣ ਦੀ ਗੱਲ ਕਰਨ ਬਾਰੇ ਸ੍ਰੀ ਜਾਖੜ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦੇ ਪਹਿਲੇ ਛੇ ਮਹੀਨਿਆਂ ਵਿੱਚ ਹੀ ਪੈਨਸ਼ਨ ਰਾਸ਼ੀ ਵਿੱਚ ਵਾਧਾ ਕੀਤਾ ਹੈ।
ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਇਸ ਗੱਲੋਂ ਵੀ ਸ਼ਲਾਘਾ ਕੀਤੀ ਕਿ ਉਹ ਸਿਆਸੀ ਬਦਲਾਖੋਰੀ ਤੋਂ ਬਿਨਾਂ ਲੋਕਾਂ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਕਾਂਗਰਸ ਸਰਕਾਰ ਵੱਲੋਂ ਗੁਰਦਾਸਪੁਰ ਲੋਕ ਸਭਾ ਹਲਕੇ ਵਿੱਚ ਪੈਂਦੇ ਦੀਨਾਨਗਰ ਤੇ ਹੋਰ ਹਿੱਸਿਆਂ ਵਿੱਚ ਆਰੰਭੇ ਕਈ ਵਿਕਾਸ ਪ੍ਰੋਜੈਕਟਾਂ ਬਾਰੇ ਚੇਤੇ ਕਰਵਾਇਆ ਜਿਨ੍ਹਾਂ ਨੂੰ ਪੂਰਾ ਕਰਨ ਲਈ ਫੰਡ ਅੜਿੱਕਾ ਨਹੀਂ ਬਣਨਗੇ। ਸੁਖਬੀਰ ਬਾਦਲ ਤੇ ਸਲਾਰੀਆਂ ਵੱਲੋਂ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਖਿਲਾਫ਼ ਦਰਜ ਬਲਾਤਕਾਰ ਦੇ ਕੇਸ ’ਤੇ ਅਜੇ ਤੱਕ ਚੁੱਪ ਨਾ ਤੋੜਣ ਸਬੰਧੀ ਸ੍ਰੀ ਜਾਖੜ ਨੇ ਦੋਵਾਂ ਆਗੂਆਂ ਨੂੰ ਕਿਸੇ ਵੀ ਮੁੱਦੇ ’ਤੇ ਉਨ੍ਹਾਂ ਨਾਲ ਬਹਿਸ ਕਰਨ ਦੀ ਚੁਣੌਤੀ ਦਿੱਤੀ। ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਆਰਥਿਕ ਨੀਤੀਆਂ ਦੀ ਆਲੋਚਨਾ ਕਰਦਿਆਂ ਆਖਿਆ ਕਿ ਇਸ ਦੇ ਨਾਲ ਹੀ ਨੋਟਬੰਦੀ ਤੇ ਜੀ.ਐਸ.ਟੀ. ਦੇ ਪ੍ਰਭਾਵ ਅਤੇ ਜ਼ਰੂਰੀ ਵਸਤਾਂ ਦੀਆਂ ਵਧੀਆਂ ਕੀਮਤਾਂ ਦਾ ਬੋਝ ਲੋਕਾਂ ਨੂੰ ਸਹਿਣਾ ਪੈ ਰਿਹਾ ਹੈ।
ਉਨ੍ਹਾਂ ਨੇ ਪੁੱਛਿਆ, ‘‘ਮੋਦੀ ਦੇ ਵਾਅਦਿਆਂ ਵਾਲੇ ‘ਅੱਛੇ ਦਿਨ’ ਕਿੱਥੇ ਹਨ।’’ ਉਨ੍ਹਾਂ ਆਖਿਆ ਕਿ ਮੋਦੀ ਸਰਕਾਰ ਦੇ ਮਾਰੂ ਫੈਸਲਿਆਂ ਨਾਲ ਪੈਦਾ ਹੋਈਆਂ ਵਿੱਤੀ ਮੁਸ਼ਕਲਾਂ ਅਤੇ ਵਧੀਆਂ ਕੀਮਤਾਂ ਕਾਰਨ ਲੋਕ ਇਸ ਵਾਰ ਦਿਵਾਲੀ ਮਨਾਉਣ ਜੋਗੇ ਵੀ ਨਹੀਂ ਰਹੇ। ਗੁੱਜਰ ਸਮਾਜ ਨਾਲ ਇਕ ਮੀਟਿੰਗ ਦੌਰਾਨ ਸ੍ਰੀ ਜਾਖੜ ਨੇ ਗਊ ਰੱਖਿਆ ਅਤੇ ਹੋਰ ਮਾਮਲਿਆਂ ਦੇ ਨਾਂ ਹੇਠ ਮੁਲਕ ਵਿੱਚ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਲਈ ਕੇਂਦਰ ਦੀ ਐਨ.ਡੀ.ਏ. ਸਰਕਾਰ ਨੂੰ ਕਰੜੇ ਹੱਥੀਂ ਲਿਆ। ਇਲਾਕੇ ਵਿੱਚ ਕਬਰਿਸਤਾਨ ਲਈ ਲੋਕਾਂ ਦੀ ਮੰਗ ਬਾਰੇ ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਵੱਲੋਂ ਇਸ ਲਈ ਪਹਿਲਾਂ ਹੀ ਬਜਟ ਦਾ ਐਲਾਨ ਕੀਤਾ ਜਾ ਚੁੱਕਾ ਹੈ। ਸ੍ਰੀ ਜਾਖੜ ਨਾਲ ਸਿੱਖਿਆ ਮੰਤਰੀ ਅਰੁਣਾ ਚੌਧਰੀ, ਜ਼ਿਲ੍ਹਾ ਪ੍ਰਧਾਨ ਅਸ਼ੋਕ ਚੌਧਰੀ ਅਤੇ ਕਈ ਕਾਂਗਰਸੀ ਵਿਧਾਇਕ, ਲੀਡਰ, ਸਰਪੰਚ ਅਤੇ ਇਲਾਕੇ ਦੇ ਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…