ਭ੍ਰਿਸ਼ਟਾਚਾਰ ਦਾ ਮਾਮਲਾ: ਮੁਬਾਰਕਪੁਰ ਪੁਲੀਸ ਚੌਂਕੀ ਦੇ ਇੰਚਾਰਜ ਦਾ ਪੁਲੀਸ ਰਿਮਾਂਡ, ਸਾਬਕਾ ਪੰਚਣੀ ਜੇਲ ਭੇਜੀ

ਨੌਜਵਾਨ ਨੂੰ ਕੁੜੀ ਨਾਲ ਕਾਰ ਵਿੱਚ ਘੁੰਮਦੇ ਹੋਏ ਚੌਂਕੀ ਇੰਚਾਰਜ ਨੇ ਲਿਆ ਸੀ ਹਿਰਾਸਤ ਵਿੱਚ

ਨੌਜਵਾਨ ਨੂੰ ਛੱਡਣ ਬਦਲੇ 10 ਹਜ਼ਾਰ ਪਹਿਲਾਂ ਵਸੂਲਣ ਦਾ ਵੀ ਲੱਗਿਆ ਦੋਸ਼

ਕਾਰ ਛੱਡਣ ਦੇ ਬਦਲੇ ਤ੍ਰਿਵੇਦੀ ਕੈਂਪ ਦੀ ਸਾਬਕਾ ਪੰਚ 10 ਹਜ਼ਾਰ ਰੁਪਏ ਲੈਂਦੀ ਰੰਗੀ ਹੱਥੀ ਕਾਬੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਕਤੂਬਰ:
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਮੁਬਾਰਕਪੁਰ ਪੁਲੀਸ ਚੌਂਕੀ ਦੇ ਇੰਚਾਰਜ ਏ.ਐਸ.ਆਈ. ਸਾਹਿਬ ਸਿੰਘ ਅਤੇ ਤ੍ਰਿਵੇਦੀ ਕੈਂਪ ਦੀ ਸਾਬਕਾ ਪੰਚ ਸਰੋਜ ਰਾਣੀ ਨੂੰ ਵੱਢੀ ਮੰਗਣ ਦੇ ਦੋਸ਼ ਹੇਠ ਕੇਸ ਦਰਜ ਕਰ ਗ੍ਰਿਫ਼ਤਾਰ ਕੀਤਾ ਹੈ। ਚੌਂਕੀ ਇੰਚਾਰਜ ਸਾਹਿਬ ਤੇ ਦੋਸ਼ ਹੈ ਕਿ ਉਸ ਨੇ ਕੂੜੀ ਨਾਲ ਘੁੰਮਦੇ ਪਿੰਡ ਭਾਂਖਰਪੁਰ ਦੇ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਕੇ ਦਸ ਹਜ਼ਾਰ ਪਹਿਲਾਂ ਵਸੂਲੇ ਤੇ ਅੱਜ ਕਾਰ ਨੂੰ ਛੱਡਣ ਬਦਲੇ ਉਸਦੇ ਘਰ ਪੈਸੇ ਲੈਣ ਭੇਜੀ ਤ੍ਰਿਵੇਦੀ ਕੈਂਪ ਦੀ ਸਾਬਕਾ ਪੰਚ ਸਰੋਜ ਰਾਣੀ ਨੂੰ ਵਿਜੀਲੈਂਸ ਨੇ ਰੰਗੇ ਹੱਥੀ ਗ੍ਰਿਫ਼ਤਾਰ ਕਰ ਲਿਆ। ਵਿਜੀਲੈਂਸ ਬਿਊਰੋ ਨੇ ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਗ੍ਰਿਫ਼ਤਾਰ ਕਰ ਲਿਆ ਜਿਨਂਾਂ ਨੂੰ ਕਲ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਇਸਦੀ ਪੁਸ਼ਟੀ ਥਾਣਾ ਮੁਖੀ ਡੇਰਾਬਸੀ ਗੁਰਪ੍ਰੀਤ ਸਿੰਘ ਬੈਂਸ ਵੱਲੋਂ ਕੀਤੀ ਗਈ ਹੈ।
ਵਿਜੀਲੈਂਸ ਦੀ ਜਾਣਕਾਰੀ ਅਨੁਸਾਰ ਪਿੰਡ ਭਾਂਖਰਪੁਰ ਦੇ ਨੌਜਵਾਨ ਸਤਪਾਲ ਸਿੰਘ ਨੇ ਲੰਘੀ 3 ਅਕਤੂਬਰ ਨੂੰ ਸ਼ਿਕਾਇਤ ਦੇ ਕੇ ਦੱਸਿਆ ਕਿ ਉਹ 25 ਤੇ 26 ਸਤੰਬਰ ਦੀ ਦਰਮਿਆਨੀ ਰਾਤ ਨੂੰ ਆਪਣੀ ਜੈਨ ਕਾਰ ਵਿੱਚ ਤ੍ਰਿਵੇਦੀ ਕੈਂਪ ਦੀ ਇਕ ਆਪਣੀ ਲੜਕੀ ਦੋਸਤ ਨਾਲ ਘੁੰਮ ਰਿਹਾ ਸੀ। ਇਸ ਦੌਰਾਨ ਉਸ ਨੂੰ ਮੁਬਾਰਕਪੁਰ ਪੁਲੀਸ ਚੌਂਕੀ ਇੰਚਾਰਜ ਨੇ ਫੜ ਲਿਆ ਤੇ ਲੜਕੀ ਨਾਲ ਜਬਰਦਸਤੀ ਕਰਨ ਦਾ ਦੋਸ਼ ਲਾਇਆ। ਜਦਕਿ ਲੜਕੀ ਤੇ ਉਸਦੇ ਪਰਿਵਾਰ ਵੱਲੋਂ ਅਜਿਹੀ ਕੋਈ ਸ਼ਿਕਾਇਤ ਨਹੀ ਕੀਤੀ ਗਈ। ਚੌਂਕੀ ਇੰਚਾਰਜ ਵੱਲੋਂ ਲੜਕੀ ਦੇ ਪਰਿਵਾਰ ਨੂੰ ਮੌਕੇ ਤੇ ਬੁਲਾਇਆ ਗਿਆ ਜਿਨ੍ਹਾਂ ਨੇ ਘੁੰਮਣ ਵਿੱਚ ਕੋਈ ਵੀ ਇਤਰਾਜ ਨਾ ਹੋਣ ਦੀ ਗੱਲ ਆਖੀ ਤੇ ਲੜਕੀ ਨੂੰ ਘਰ ਲੈ ਗਏ। ਜਦਕਿ ਸ਼ਿਕਾਇਤਕਰਤਾ ਸਤਪਾਲ ਨੂੰ ਪੁਲੀਸ ਚੌਂਕੀ ਲੈ ਜਾਇਆ ਗਿਆ। ਸ਼ਿਕਾਇਤਕਰਤਾ ਮੁਤਾਬਕ ਉਸ ਨੂੰ ਪੂਰੀ ਰਾਤ ਨਾਜਾਇਜ਼ ਤੌਰ ਤੇ ਹਿਰਾਸਤ ਵਿੱਚ ਰੱਖਿਆ ਗਿਆ। ਸਵੇਰ ਵੇਲੇ ਉਸ ਨੂੰ ਛੱਡਣ ਲਈ ਕਥਿਤ ਤੌਰ ਤੇ ਦਸ ਹਜ਼ਾਰ ਰੁਪਏ ਰਿਸ਼ਵਤ ਚੌਂਕੀ ਇੰਚਾਰਜ ਨੇ ਲਈ। ਉਸਦੀ ਜੈਨ ਕਾਰ ਚੌਂਕੀ ਵਿੱਚ ਹੀ ਸੀ ਜਿਸ ਨੂੰ ਛੱਡਣ ਦੇ ਬਦਲੇ ਚੌਂਕੀ ਇੰਚਾਰਜ ਦਸ ਹਜ਼ਾਰ ਰੁਪਏ ਦੀ ਹੋਰ ਮੰਗ ਕਰ ਰਿਹਾ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਚੌਂਕੀ ਇੰਚਾਰਜ ਵੱਲੋਂ ਦਸ ਹਜ਼ਾਰ ਰੁਪਏ ਪਿੰਡ ਤ੍ਰਿਵੇਦੀ ਕੈਂਪ ਦੀ ਸਾਬਕਾ ਪੰਚ ਸਰੋਜ ਰਾਣੀ ਨੂੰ ਦੇਣ ਲਈ ਕਿਹਾ ਜਿਸ ਨੇ ਬੀਤੇ ਦਿਨੀਂ ਘਰ ਪੈਸੇ ਲੈਣ ਲਈ ਆਉਣਾ ਸੀ।
ਉਸ ਵੱਲੋਂ ਲੰਘੀ 3 ਅਕਤੂਬਰ ਨੂੰ ਮਾਮਲੇ ਦੀ ਸ਼ਿਕਾਇਤ ਮੁਹਾਲੀ ਵਿਖੇ ਸਥਿਤ ਵਿਜੀਲੈਂਸ ਪੁਲੀਸ ਸਟੇਸ਼ਨ ਵਿੱਚ ਦਿੱਤੀ ਗਈ। ਵਿਜੀਲੈਂਸ ਦੇ ਊੱਚ ਅਧਿਕਾਰੀਆਂ ਵੱਲੋਂ ਮਾਮਲੇ ਦੀ ਪੜਤਾਲ ਕਰਨ ਤੇ ਇੰਸਪੈਕਟਰ ਲਾਲ ਸਿੰਘ ਅਤੇ ਇੰਸਪੈਕਟਰ ਸਤਵੰਤ ਸਿੰਘ ਸਿੱਧੂ ਦੀ ਅਗਵਾਈ ਵਾਲੀ ਟੀਮ ਨੇ ਅੱਜ ਸ਼ਾਮ ਸਾਢੇ ਪੰਜ ਵਜੇ ਟਰੈਪ ਲਾਇਆ। ਇਸ ਦੌਰਾਨ ਸਰੋਜ ਪਿੰਡ ਭਾਂਖਰਪੁਰ ਪੈਸੇ ਲੈਣ ਲਈ ਸ਼ਿਕਾਇਤਕਰਤਾ ਦੇ ਘਰ ਆਈ ਜਿਸ ਨੂੰ ਵਿਜੀਲੈਂਸ ਦੀ ਟੀਮ ਨੇ ਰੰਗੇ ਹੱਥੀ ਕਾਬੂ ਕਰ ਲਿਆ। ਸਰੋਜ ਵੱਲੋਂ ਬਿਆਨ ਦਿੱਤਾ ਗਿਆ ਕਿ ਉਸ ਨੂੰ ਪੈਸੇ ਲੈਣ ਲਈ ਚੌਂਕੀ ਇੰਚਾਰਜ ਨੇ ਭੇਜਿਆ ਸੀ। ਦੂਜੇ ਪਾਸੇ ਸਾਹਿਬ ਸਿੰਘ ਸਰੋਜ ਨੂੰ ਪੈਸੇ ਲੈਣ ਲਈ ਭੇਜਣ ਤੋਂ ਸਾਫ ਮਨਾ ਕਰ ਰਹੇ ਹਨ। ਇਸ ਦੀ ਪੁਸ਼ਟੀ ਡੇਰਾਬਸੀ ਥਾਣਾ ਮੁਖੀ ਗੁਰਪ੍ਰੀਤ ਸਿੰਘ ਬੈਂਸ ਨੇ ਕਰਦਿਆਂ ਕਿਹਾ ਕਿ ਵਿਜੀਲੈਂਸ ਵੱਲੋਂ ਉਨਂ੍ਹਾਂ ਨੂੰ ਸੂਚਨਾ ਦਿੱਤੀ ਸੀ ਕਿ ਉਕਤ ਮਾਮਲੇ ਵਿੱਚ ਉਹ ਚੌਂਕੀ ਇੰਚਾਰਜ ਸਾਹਿਬ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਲਿਜਾ ਰਹੇ ਹਨ।
ਵਿਜੀਲੈਂਸ ਵੱਲੋਂ ਅੱਜ ਮੁਲਜ਼ਮ ਥਾਣੇਦਾਰ ਸਾਹਿਬ ਸਿੰਘ ਅਤੇ ਦਲਾਲ ਬਣੀ ਪੰਚਣੀ ਸਰੋਜ ਰਾਣੀ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਥਾਣੇਦਾਰ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਜਦੋਂ ਕਿ ਪੰਚਣੀ ਨੂੰ ਜੇਲ ਭੇਜਣ ਦੇ ਹੁਕਮ ਸੁਣਾਏ ਗਏ। ਥਾਣੇਦਾਰ ਭਲਕੇ ਸ਼ੁੱਕਰਵਾਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਹ ਜਾਣਕਾਰੀ ਵਿਜੀਲੈਂਸ ਦੇ ਇੰਸਪੈਕਟਰ ਸਤਵੰਤ ਸਿੰਘ ਸਿੱਧੂ ਨੇ ਦਿੱਤੀ। ਇਸ ਤੋਂ ਪਹਿਲਾਂ ਅੱਜ ਵਿਜੀਲੈਂਸ ਦਫ਼ਤਰ ਮੁਹਾਲੀ ਵਿੱਚ ਵਿਜੀਲੈਂਸ ਦੇ ਐਸਪੀ ਪਰਮਜੀਤ ਸਿੰਘ ਨੇ ਉਕਤ ਕਾਰਵਾਈ ਬਾਰੇ ਮੀਡੀਆ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ।

Load More Related Articles
Load More By Nabaz-e-Punjab
Load More In Crime

Check Also

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ ਬਹੁ-ਕ…