ਗਰੀਨ-ਦੀਵਾਲੀ: ਸਿੱਖਿਆ ਸਕੱਤਰ ਵੱਲੋਂ ਵਿਦਿਆਰਥੀਆਂ ਨੂੰ ਮਿੱਟੀ ਦੇ ਦੀਵੇ ਬਾਲਣ ਲਈ ਪ੍ਰੇਰਿਤ ਕਰਨ ਦੇ ਆਦੇਸ਼

ਬਿਜਲੀ ਦੀ ਬਜਾਏ ਮਿੱਟੀ ਦੇ ਦੀਵੇ ਬਾਲਣਾ ਵਾਤਾਵਰਣ ਹਿਤੈਸ਼ੀ ਕਿਵੇਂ? ਤਰਕਸ਼ੀਲ ਆਗੂ ਸੁਰਜੀਤ ਸਿੰਘ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਕਤੂਬਰ:
ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਬੀਤੀ 4 ਅਕਤੂਬਰ ਨੂੰ ਸੂਬੇ ਭਰ ਦੇ ਸਕੂਲ ਮੁਖੀਆਂ ਦੇ ਨਾਂਅ ਜਾਰੀ ਪੱਤਰ ਵਿੱਚ ਸਕੂਲੀ ਬੱਚਿਆਂ ਨੂੰ ਗਰੀਨ ਦੀਵਾਲੀ ਮਨਾਉਣ ਦੇ ਮੰਤਵ ਅਧੀਨ ਬਿਜਲੀ ਦੇ ਬਲਬਾਂ\ਲੜੀਆਂ ਦੀ ਥਾਂ ਮਿੱਟੀ ਦੇ ਦੀਵੇ ਬਾਲਣ ਲਈ ਉਤਸਾਹਿਤ ਕਰਨ ਦੇ ਹੁਕਮਾਂ ਨੂੰ ਤੁਗ਼ਲਕੀ ਗਰਦਾਨਦਿਆਂ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਮੁਹਾਲੀ ਇਕਾਈਦੇ ਮੁਖੀ ਸੁਰਜੀਤ ਸਿੰਘ ਮੁਹਾਲੀ ਨੇ ਪ੍ਰਸ਼ਨ ਕੀਤਾ ਹੈ ਕਿ ਮਿੱਟੀ ਦੇ ਦੀਵੇ ਬਾਲਣਾ ਵਾਤਾਵਰਣ ਹਿਤੈਸ਼ੀ ਕਿਵੇਂ ਹੈ?
ਸੁਰਜੀਤ ਸਿੰਘ ਅਨੁਸਾਰ ਮਿੱਟੀ ਦੇ ਦੀਵੇ ਸਰ੍ਹੋਂ ਦੇ ਤੇਲ ਅਤੇ ਬੱਤੀਆਂ ਲਈ ਵਰਤੀ ਜਾਂਦੀ ਕਪਾਹ ਦੇ ਸੜਨ ਨਾਲ਼ ਤਾਪ ਅਤੇ ਧੂੰਆਂ ਉਤਸਰਜਿਤ ਕਰਦੇ ਹਨ, ਜੋ ਵਾਯੂ ਪ੍ਰਦੂਸ਼ਣ ਦਾ ਕਾਰਕ ਬਣਦਾ ਹੈ, ਇਸ ਦੇ ਉਲਟ ਆਧੂਨਿਕ ਤਕਨੀਕ ਵਾਲ਼ੇ ਬਿਜਲੀ ਦੀਆਂ ਲੜੀਆਂ ਅਤੇ ਬਲੱਬ ਨਾ-ਮਾਤਰ ਬਿਜਲਈ ਊਰਜਾ ਦੀ ਖਪਤ ਨਾਲ਼ ਬਿਨਾਂ ਵਾਯੂ ਪ੍ਰਦੂਸ਼ਣ ਦੇ ਦੀਵਾਲੀ ਅਤੇ ਹੋਰ ਧਾਰਮਿਕ ਪਰੰਪਰਾਵਾਂ ਦਾ ਹਿਤ ਪੂਰਦੇ ਹਨ। ਬਿਜਲਈ ਉਪਕਰਨ ਜਿੱਥੇ ਇੱਕ ਤੋਂ ਵੱਧ ਵਾਰ ਵਰਤੇ ਜਾ ਸਕਦੇ ਹਨ, ਉੱਥੇ ਮਿੱਟੀ ਦੇ ਦੀਵੇ ਸਿਰਫ਼ ਇੱਕ ਹੀ ਵਾਰ ਵਰਤੋਂ ਵਿੱਚ ਆਉਣ ਉਪਰੰਤ ਇਹਨਾਂ ਦਾ ਨਿਪਟਾਰਾ ਵੀ ਭੂਮੀ-ਪ੍ਰਦੂਸ਼ਣ ਦਾ ਕਾਰਨ ਬਣਦਾ ਹੈ। ਉਹਨਾਂ ਕਿਹਾ ਕਿ ਪੰਜਾਬ ਦੀ 3 ਕਰੋੜ ਆਬਾਦੀ ਵਾਲੇ ਲਗਪਗ 75 ਲੱਖ ਪਰਿਵਾਰ ਜੇ ਸਰਕਾਰ ਦਾ ਇਹ ਨਾਦਰਸ਼ਾਹੀ ਫ਼ਰਮਾਣ ਮੰਨਦਿਆਂ ਦੀਵਾਲੀ ਦੌਰਾਨ ਘਰਾਂ ਅਤੇ ਧਾਰਮਿਕ ਅਸਥਾਨਾਂ ਨੂੰ ਰੋਸ਼ਨ ਕਰਨ ਲਈ ਬਿਜਲੀ ਦੀ ਥਾਂ ਸਿਰਫ਼ ਮਿੱਟੀ ਦੇ ਦੀਵਿਆਂ ਦੀ ਵਰਤੋਂ ਕਰਨ ਤਾਂ ਪ੍ਰਤੀ ਪਰਿਵਾਰ ਅੌਸਤ ਇੱਕ ਲਿਟਰ ਸਰ੍ਹੋਂ ਦੇ ਤੇਲ਼ ਦੇ ਹਿਸਾਬ ਨਾਲ ਸਿਰਫ਼ ਇੱਕ ਰਾਤ ਵਿੱਚ ਹੀ 75 ਲੱਖ ਲਿਟਰ ਸਰ੍ਹੋਂ ਦੇ ਤੇਲ ਦੇ ਸੜਨ ਦਾ ਅਨੁਮਾਨ ਹੈ।
ਉਹਨਾਂ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਵਾਤਾਵਾਣ ਪ੍ਰਦੂਸ਼ਣ ਰੋਕਣ ਲਈ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਦੇ ਉਪਰਾਲੇ ਕਰ ਰਹੀ ਹੈ, ਦੂਜੇ ਪਾਸੇ ਸਰਕਾਰ ਖ਼ੁਦ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਵਾਲੇ ਮਿੱਟੀ ਦੇ ਦੀਵੇ ਬਾਲਣ ਦੇ ਆਦੇਸ਼ ਜਾਰੀ ਕਰ ਰਹੀ ਹੈ। ਸੁਰਜੀਤ ਸਿੰਘ ਅਨੁਸਾਰ ਤੇਲ, ਇਹਨਾਂ ਦੀਵਿਆਂ ਦੀਆਂ ਬੱਤੀਆਂ ਲਈ ਵਰਤੀ ਜਾਣ ਵਾਲ਼ੀ ਕਪਾਹ ਅਤੇ ਵਰਤੇ ਗਏ ਕਰੋੜਾਂ ਦੀਵਿਆਂ ਤੋਂ ਪੈਦਾ ਹੋਣ ਵਾਲੇ ਵਾਯੂ ਅਤੇ ਭੂ-ਪ੍ਰਦੂਸ਼ਣ ਦਾ ਆਕਲਣ ਵਾਤਾਵਰਣ ਮਾਹਿਰਾਂ ਲਈ ਖੋਜ ਦਾ ਵਿਸ਼ਾ ਹੋ ਸਕਦਾ ਹੈ। ਉਹਨਾਂ ਕਿਹਾ ਚੰਗਾ ਹੁੰਦਾ ਜੇ ਸਿੱਖਿਆ ਵਿਭਾਗ ਬਿਜਲੀ ਅਤੇ ਮਿੱਟੀ ਦੇ ਦੀਵਿਆਂ ਦੇ ਆਰਥਿਕ ਅਤੇ ਵਾਤਾਵਰਣ ਨਾਲ ਸੰਬੰਧਿਤ ਪਹਿਲੂਆਂ ਤੇ ਖੋਜ-ਬੀਨ ਉਪਰੰਤ ਤੁਲਣਾਤਮਿਕ ਅਧਿਐਨ ’ਤੇ ਆਧਾਰਿਤ ਸੇਧ ਜਾਰੀ ਕਰਦਾ, ਤਾਂ ਜੋ ਬੱਚਿਆਂ ਨੂੰ ਤਰਕ ਦੇ ਆਧਾਰ ’ਤੇ ਅਜਿਹੇ ਬਦਲਾਅ ਅਪਣਾਉਣ ਲਈ ਸਹਿਮਤ ਕੀਤਾ ਜਾ ਸਕਦਾ ਹੈ।

Load More Related Articles
Load More By Nabaz-e-Punjab
Load More In Environment

Check Also

ਦੁਸਹਿਰਾ: ਰਾਵਣ ਦੇ ਨਾਲ ਨਸ਼ਿਆਂ ਦਾ ਪੁਤਲਾ ਫੂਕਿਆ

ਦੁਸਹਿਰਾ: ਰਾਵਣ ਦੇ ਨਾਲ ਨਸ਼ਿਆਂ ਦਾ ਪੁਤਲਾ ਫੂਕਿਆ ਡੀਸੀ ਆਸ਼ਿਕਾ ਜੈਨ ਨੇ ਲੋਕਾਂ ਨੂੰ ਪੰਜਾਬ ਦੀ ਧਰਤੀ ਤੋਂ …