nabaz-e-punjab.com

ਮਨਪ੍ਰੀਤ ਬਾਦਲ 17 ਲੱਖ ਦੀ ਬਿਜਲੀ ਸਬਸਿਡੀ ਵਸੂਲੀ ਮਾਮਲੇ ਵਿੱਚ ਆਪਣੀ ਸਥਿਤੀ ਸਪੱਸ਼ਟ ਕਰਨ: ਬੀਰਦਵਿੰਦਰ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਕਤੂਬਰ:
ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਸ੍ਰ. ਬੀਰ ਦਵਿੰਦਰ ਸਿੰਘ ਨੇ ਕਿਹਾ ਹੈ ਕਿ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੁੱਝ ਦਿਨ ਪਹਿਲਾਂ ਪੀਟੀਸੀ ਨਿਊਜ਼ ਚੈਨਲ ਉੱਤੇ ਪੰਜਾਬ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਮੁੜ ਤੋਂ ਅਦਾਇਗੀ ਸ਼ੁਰੂ ਕਰਨ ਦੇ ਪੰਜਾਬ ਸਰਕਾਰ ਦੇ ਫੈਸਲੇ ਨੂੰ ਉਚਿੱਤ ਠਹਿਰਾਉਂਦਿਆਂ ਇਹ ਬੜੇ ਸਾਫ਼ ਸ਼ਬਦਾਂ ਵਿੱਚ ਕਿਹਾ ਸੀ ਕਿ ਪਿੰਡ ਬਾਦਲ ਵਿੱਚ ਮੇਰੀ ਸਾਰੀ ਜ਼ਮੀਨ ਦੀ ਸਿੰਚਾਈ ਕੇਵਲ ਨਹਿਰੀ ਪਾਣੀ ਨਾਲ ਹੀ ਹੁੰਦੀ ਹੈ ਤੇ ਮੇਰੀ ਜ਼ਮੀਨ ਵਿੱਚ ਇੱਕ ਵੀ ਬਿਜਲੀ ਵਾਲਾ ਟਿਊਬਵੈੱਲ ਨਹੀਂ।
ਅੱਜ ਮੀਡੀਆ ਦੇ ਕੁੱਝ ਹਿੱਸੇ ਵਿੱਚ ਇਹ ਖ਼ਬਰ ਵੇਰਵਿਆਂ ਸਾਹਿਤ ਛਾਪੀ ਗਈ ਹੈ ਕਿ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਾਮ ’ਤੇ, ਉਨ੍ਹਾਂ ਦੇ ਜੱਦੀ ਪਿੰਡ ਬਾਦਲ ਜ਼ਿਲ੍ਹਾ ਮੁਕਤਸਰ ਵਿੱਚ ਦੋ ਟਿਊਬਵੈੱਲ ਚਲਦੇ ਹਨ ਅਤੇ ਪੰਜਾਬ ਦੀ ਆਰਥਿਕ ਮੰਦਹਾਲੀ ਦੀ ਦੁਹਾਈ ਦੇਣ ਵਾਲੇ ਅਤੇ ਕਿਸਾਨਾਂ ਨੂੰ ਇੱਕ ਡੰਗ ਰੋਟੀ ਖਾਣ ਦੀ ਨਸੀਹਤ ਕਰਨ ਵਾਲੇ, ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਖੁਦ, ਬੀਤੇ ਸਮੇਂ ਦੌਰਾਨ ਬਿਜਲੀ ਸਬਸਿਡੀ ਦੇ ਨਾਮ ’ਤੇ 17 ਲੱਖ ਰੁਪਏ ਦੀ ਮੁਆਫ਼ੀ ਲੈ ਚੁੱਕੇ ਹਨ। ਜ਼ਿਕਰਯੋਗ ਹੈ ਕਿ ਮਨਪ੍ਰੀਤ ਸਿੰਘ ਬਾਦਲ ਅਕਸਰ ਹੀ ਸਟੇਜਾਂ ਤੇ ਬੋਲਦਿਆਂ ਪੰਜਾਬ ਦੀ ਆਰਥਿਕ ਦਸ਼ਾ ਸੁਧਾਰਨ ਲਈ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਬਸਿਡੀਆਂ ਦਾ ਸਦਾ ਹੀ ਵਿਰੋਧ ਕਰਦੇ ਰਹੇ ਹਨ।
ਅੱਜ ਇੱਥੇ ਸ੍ਰੀ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਮਾਲ ਵਿਭਾਗ ਦੇ ਰਿਕਾਰਡ ਅਨੁਸਾਰ ਖਜਾਨਾ ਮੰਤਰੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਦੇ ਨਾਮ ਤੇ ਪਿੰਡ ਬਾਦਲ ਵਿੱਚ 27 ਏਕੜ ਜ਼ਮੀਨ ਹੈ ਤੇ ਇਸ ਜ਼ਮੀਨ ਵਿੱਚ ਦੋ ਟਿਊਬਵੈੱਲ ਕੁਨੈਕਸ਼ਨ ਏ.ਪੀ-01/0011 ਅਤੇ ਏ.ਪੀ-01/0036 ਦੇ ਨੰਬਰਾਂ ਅਧੀਨ ਚੱਲ ਰਹੇ ਹਨ। ਜੇ ਇਹ ਤੱਥ ਸਹੀ ਹਨ ਤਾਂ ਖਜਾਨਾ ਮੰਤਰੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੂੰ ਪੀਟੀ ਸੀ ਨਿਊਜ਼ ਚੈਨਲ ਉੱਤੇ, ਏਡਾ ਵੱਡਾ ਝੂਠ ਮਾਰਨ ਦੀ ਕੀ ਲੋੜ ਸੀ ਕਿ ਮੇਰੀ ਜ਼ਮੀਨ ਵਿੱਚ ਇੱਕ ਵੀ ਬਿਜਲੀ ਦਾ ਟਿਊਬਵੈੱਲ ਨਹੀਂ।
ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ ਆਖਰ ਮਨਪ੍ਰੀਤ ਬਾਦਲ ਦੀ ਇਖ਼ਲਾਕੀ ਸਾਫ਼ਗੋਈ ਅੱਜ ਕਿੱਧਰ ਗਵਾਚ ਗਈ, ਜਿਸ ਦਾ ਉਹ ਢੰਡੋਰਾ ਪਿੱਟਦੇ ਨਹੀਂ ਸਨ ਥੱਕਦੇ। ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਵਿੱਚ ਵੀ, ਜੋ ਰਾਜਨੀਤਕ ਠੱਗੀ ਪੰਜਾਬ ਦੇ ਲੋਕਾਂ ਨਾਲ ਮਾਰੀ ਗਈ ਹੈ। ਉਸ ਲਈ ਵੀ ਮਨਪ੍ਰੀਤ ਸਿੰਘ ਬਾਦਲ ਅਤੇ ਬੀਬੀ ਰਾਜਿੰਦਰ ਕੌਰ ਭੱਠਲ, ਕੈਪਟਨ ਅਮਰਿੰਦਰ ਸਿੰਘ ਦੇ ਨਾਲ-ਨਾਲ ਬਰਾਬਰ ਦੇ ਜ਼ਿੰਮੇਵਾਰ ਹਨ। ਬੜੇ ਦੁੱਖ ਦੀ ਗੱਲ ਹੈ ਕਿ ਕਾਂਗਰਸ ਦੇ ਮੰਤਰੀ ਅਤੇ ਵੱਡੇ ਲੀਡਰ ਆਪ ਤਾਂ ਆਪਣੇ ਸਾਆਰਥੀ ਹਿੱਤਾਂ ਲਈ ਪੰਜਾਬ ਦੇ ਖਜਾਨੇ ਨੂੰ ਘੁਣ ਵਾਂਗ ਖਾ ਰਹੇ ਹਨ ਪਰ ਪੰਜਾਬ ਦੇ ਮੁਲਾਜ਼ਮਾਂ, ਕਿਸਾਨਾਂ ਅਤੇ ਗਰੀਬ ਵਰਗਾਂ ਨੂੰ ਖਾਲੀ ਖਜਾਨੇ ਦੀ ਗੁਹਾਰ ਲਾ ਕੇ ਹਰ ਪਾਸਿਓਂ ਟਰਕਾਈਂ ਜਾ ਰਹੇ ਹਨ।
ਸ੍ਰੀ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਮੈਂ ਪੰਜਾਬ ਦੇ ਖਜਾਨਾ ਮੰਤਰੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਤੋਂ ਚਾਹਾਂਗਾ ਕਿ ਉਹ ਇਸ ਮਾਮਲੇ ਵਿੱਚ ਆਪਣੀ ਸਥਿੱਤੀ ਸਪੱਸ਼ਟ ਕਰਨ ਕਿ ਉਨ੍ਹਾਂ ਨੇ ਹੁਣ ਤੱਕ ਸਰਕਾਰੀ ਖਜਾਨੇ ਵਿੱਚੋਂ ਕੁੱਲ ਕਿੰਨੀ ਸਬਸਿਡੀ ਵਸੂਲ ਕੀਤੀ ਹੈ ਤੇ ਇਹ ਵੀ ਸਪੱਸ਼ਟ ਕਰਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਇਸ ਐਲਾਨ ਤੇ ਕਿ ਵੱਡੇ ਜ਼ਿਮੀਂਦਾਰਾਂ ਨੂੰ ਸਰਕਾਰੀ ਸਬਸਿੱਡੀਆਂ ਆਪਣੇ ਆਪ ਛੱਡ ਦੇਣੀਆਂ ਚਾਹੀਦੀਆਂ ਹਨ, ਇਸ ਐਲਾਨ ਤੇ ਉਹ ਖੁਦ ਖਰੇ ਕਿਉਂ ਨਹੀਂ ਉੱਤਰੇ? ਤੇ ਇਸ ਹਮਾਮ ਵਿੱਚ ਉਹ ਦੂਸਰੇ ਬਾਦਲਾਂ ਨਾਲੋਂ ਵੱਖਰੇ ਕਿਵੇਂ ਹਨ?

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…