ਮਾਨਸਿਕ ਰੋਗੀਆਂ ਨੂੰ ਸਰਕਾਰੀ ਮਾਨਸਿਕ ਸਿਹਤ ਕੇਂਦਰਾਂ ਵਿੱਚ ਸੇਵਾਵਾਂ ਪ੍ਰਾਪਤ ਕਰਨ ਦਾ ਪੂਰਾ ਅਧਿਕਾਰ: ਜਸਟਿਸ ਮਾਨ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਕਤੂਬਰ:
ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਅਤੇ ਪੰਜਾਬ ਸਟੇਟ ਲੀਗਲ ਸਰਵਿਸਿਜ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਜਸਟਿਸ ਟੀ. ਮਾਨ ਨੇ ਦੱਸਿਆ ਕਿ ਨਵੇਂ ਬਣੇ ਕਾਨੂੰਨ ਦੇ ਹੇਠ ਮਾਨਸਿਕ ਤੌਰ ’ਤੇ ਬੀਮਾਰ ਅਤੇ ਮਾਨਸਿਕ ਤੌਰ ’ਤੇ ਅਪਾਹਜ ਵਿਅਕਤੀਆਂ ਲਈ ਸਰਕਾਰ ਦੁਆਰਾ ਚਲਾਏ ਜਾਂਦੇ ਮਾਨਸਿਕ ਸਿਹਤ ਕੇਂਦਰਾਂ ਵਿਚ ਸੇਵਾਵਾਂ ਪ੍ਰਾਪਤ ਕਰਨ ਦਾ ਪੂਰਾ ਅਧਿਕਾਰ ਹੈ। ਗਰੀਬੀ ਰੇਖਾ ਤੋਂ ਹੇਠਾਂ ਰਹਿ ਰਿਹਾ ਜਾਂ ਬੇਸਹਾਰਾ ਜਾਂ ਬੇਘਰ ਕੋਈ ਵੀ ਵਿਅਕਤੀ ਮਾਨਸਿਕ ਸਿਹਤ ਇਲਾਜ ਅਤੇ ਸੇਵਾਵਾਂ ਪ੍ਰਾਪਤ ਕਰਨ ਦਾ ਪੂਰਾ ਹੱਕਦਾਰ ਹੈ। ਮਾਨਸਿਕ ਤੌਰ ’ਤੇ ਬੀਮਾਰ ਵਿਅਕਤੀ ਦੀ ਮੀਡੀਆ ਵਿਚ ਤਸਵੀਰ ਜਾਂ ਜਾਣਕਾਰੀ ਦੇਣ ’ਤੇ ਪੂਰੀ ਤਰ੍ਹਾਂ ਰੋਕ ਹੈ। ਜਸਟਿਸ ਮਾਨ ਨੇ ਅੱਗੇ ਦੱਸਿਆ ਕਿ ਮਾਨਸਿਕ ਸਿਹਤ ਸੰਭਾਲ ਕਾਨੂੰਨ, 2017 ਨੂੰ 7.4.2017 ਤੋਂ ਲਾਗੂ ਕੀਤਾ ਗਿਆ ਹੈ। ਪੰਜਾਬ ਸਟੇਟ ਲੀਗਲ ਸਰਵਿਸਿਜ ਅਥਾਰਟੀ ਇਸ ਐਕਟ ਨੂੰ ਲਾਗੂ ਕਰਨ ਅਤੇ ਸਾਰੇ ਦਾਅਵੇਦਾਰਾਂ ਨੂੰ ਇਸ ਸਬੰਧੀ ਜਾਗਰੁਕ ਕਰਨ ਲਈ ਕਦਮ ਚੁੱਕ ਰਹੀ ਹੈ।
ਅੱਜ ਵਿਸਵ ਮਾਨਸਿਕ ਸਿਹਤ ਦਿਵਸ ’ਤੇ ਜਸਟਿਸ ਮਾਨ ਨੇ ‘ਸਰਕਾਰੀ ਨਸ਼ਾ ਛਡਾਊ ਅਤੇ ਮੁੜ ਵਸੇਬਾ ਕੇਂਦਰ, ਸੇਕਟਰ-66, ਐਸ.ਏ.ਐਸ. ਨਗਰ, ਮੋਹਾਲੀ ਵਿਖੇ ‘‘ਲੀਗਲ ਏਡ ਕਲੀਨਿਕ’’ ਦਾ ਉਦਘਾਟਨ ਕੀਤਾ ਜੋ ਕਿ ਮੋਹਾਲੀ ਸਿਵਲ ਹਸਪਤਾਲ ਦੇ ਮਨੋਵਿਗਿਆਨਕ ਵਿੰਗ ਦਾ ਹਿੱਸਾ ਹੈ। ਇਸ ਸਮੇਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਰਾਜੀਵ ਭੱਲਾ, ਸ੍ਰੀ ਵਿਵੇਕ ਪੁਰੀ ਸਕੱਤਰ ਕਾਨੂੰਨ ਅਤੇ ਨਿਆਂ, ਸ੍ਰੀਮਤੀ ਅਰਚਨਾ ਪੁਰੀ ਜ਼ਿਲ੍ਹਾ ਤੇ ਸੈਸ਼ਨ ਜੱਜ, ਸ੍ਰੀਮਤੀ ਹਰਪ੍ਰੀਤ ਕੌਰ ਜੀਵਨ, ਮੈਂਬਰ ਸਕੱਤਰ ਗੁਰਪ੍ਰੀਤ ਕੌਰ ਸਪਰਾ, ਡਿਪਟੀ ਕਮਿਸਨਰ, ਕੁਲਦੀਪ ਸਿੰਘ ਚਾਹਲ ਐਸਐਸਪੀ, ਐਸ ਏ ਐਸ ਨਗਰ ਅਤੇ ਡਾ. ਰੀਤਾ ਭਾਰਦਵਾਜ, ਸਿਵਲ ਸਰਜਨ, ਐਸ.ਏ.ਐਸ. ਨਗਰ ਹਾਜ਼ਰ ਸਨ। ਜਸਟਿਸ ਮਾਨ ਨੇ ਇਕੱਠ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ‘ਲੀਗਲ ਏਡ ਕਲੀਨਿਕ’ ਮਾਨਸਿਕ ਤੌਰ ਤੇ ਬੀਮਾਰ/ਮਾਨਸਿਕ ਤੌਰ ਤੇ ਅਪਾਹਜ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕਰੇਗਾ। ਇੱਕ ਪੈਨਲ ਵਕੀਲ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਐਸ.ਏ.ਐਸ. ਨਗਰ ਦੇ ਪੈਰਾ ਕਾਨੂੰਨੀ ਵਲੰਟੀਅਰ ਕਾਨੂੰਨੀ ਸਹਾਇਤਾ ਕਲੀਨਿਕ ਵਿੱਚ ਬੈਠਣਗੇ ਅਤੇ ਉਹ ਉਨ੍ਹਾਂ ਦੀ ਸਾਰੀ ਮਦਦ ਮੁਹੱਈਆ ਕਰਵਾਉਣਗੇ। ਪੰਜਾਬ ਰਾਜ ਵਿੱਚ ਲੀਗਲ ਸਰਵਿਸ ਅਥਾਰਟੀਜ ਮਾਨਸਿਕ ਤੌਰ ਤੇ ਬੀਮਾਰ ਅਤੇ ਮਾਨਸਿਕ ਤੌਰ ਤੇ ਅਪਾਹਜ ਵਿਅਕਤੀਆਂ ਦੇ ਅਧਿਕਾਰਾਂ ਦੀ ਰਾਖੀ ਵਿਚ ਮਦਦ ਕਰ ਰਹੀਆਂ ਹਨ।
ਸਥਾਨਕ ਸੈਕਟਰ-67 ਵਿੱਚ ਸਥਿਤ ਨਾਈਪਰ ਵਿਖੇ ਇਕ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਡਾਕਟਰੀ ਮਾਹਰ, ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀ, ਜ਼ਿਲ੍ਹਾ ਪ੍ਰਸ਼ਾਸਨ, ਸਾਰੇ ਐਸ.ਐਚ.ਓਜ, ਕਾਨੂੰਨ ਵਿਦਿਆਰਥੀ, ਨੈਸਨਲ ਇੰਸਟੀਚਿਊਟ ਆਫ਼ ਫਾਰਮਾਸਿਊਟਿਕਲ ਐਜੂਕੇਸ਼ਨ ਐਂਡ ਰਿਸਰਚ (ਐਨ.ਈ.ਪੀ.ਆਰ) ਦੇ ਵਿਦਿਆਰਥੀ, ਲੀਗਲ ਸਰਵਿਸਿਜ ਅਥਾਰਿਟੀਜ ਦੇ ਪੈਨਲ ਦੇ ਵਕੀਲ, ਪੈਰਾ ਲੀਗਲ ਵਾਲੰਟੀਅਰਾਂ ਅਤੇ ਗੈਰ-ਸਰਕਾਰੀ ਜਥੇਬੰਦੀਆਂ ਨੇ ਹਿੱਸਾ ਲਿਆ। ਇਹ ਮੀਟ ਮਾਨਸਿਕ ਤੌਰ ’ਤੇ ਬਿਮਾਰ ਅਤੇ ਮਾਨਸਿਕ ਤੌਰ ’ਤੇ ਅਪਾਹਜ ਵਿਅਕਤੀਆਂ ਦੇ ਮਾਨਵੀ ਅਧਿਕਾਰਾਂ ਦੇ ਸਬੰਧ ਵਿਚ ਆਯੋਜਿਤ ਕਰਵਾਈ ਗਈ ਸੀ ਤਾਂ ਜੋ ਉਹ ਲੋੜੀਂਦਾ ਡਾਕਟਰੀ ਇਲਾਜ ਅਤੇ ਦੇਖਭਾਲ ਪ੍ਰਾਪਤ ਕਰ ਸਕਣ।

Load More Related Articles
Load More By Nabaz-e-Punjab
Load More In Government

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …