ਜਿਸ ਬਾਪ ਕੋਲ ਧੀ ਨਹੀਂ ਉਹ ਦੁਨੀਆਂ ਦਾ ਸਭ ਤੋਂ ਵੱਡਾ ਗਰੀਬ: ਡਾ. ਸੁਭਾਸ਼ ਗੋਇਲ

ਗਰਭਵਤੀ ਅੌਰਤਾਂ ਲਈ ਜ਼ਰੂਰੀ ਹੈ ਸੰਤੁਲਿਤ ਖੁਰਾਕ: ਡਾ: ਰਿੰਮੀ ਸਿੰਗਲਾ

ਧੀ ਸਹੁਰੇ ਘਰ ਜਾ ਕੇ ਵੀ ਨਿਭਾਵੇ ਧੀਆਂ ਵਾਲਾ ਰੋਲ: ਜਗਜੀਤ ਕੌਰ ਕਾਹਲੋਂ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਕਤੂਬਰ:
ਜਿਸ ਘਰ ਧੀ ਨਹੀਂ ਉਹ ਵਿਅਕਤੀ ਦੁਨੀਆ ਦਾ ਸਭ ਤੋਂ ਗਰੀਬ ਵਿਅਕਤੀ ਹੈ ਅਤੇ ਮਹਿਲਾਵਾਂ ਹਰ ਖੇਤਰ ਵਿੱਚ ਮੋਹਰੀ ਹਨ ਕਿਉਂ ਕਿ ਇੱਕ ਬਿਹਤਰ ਸਮਾਜ ਦੀ ਉਸਾਰੀ ਲਈ ਜਿੰਨਾ ਯੋਗਦਾਨ ਅੌਰਤ ਕਰ ਸਕਦੀ ਹੈ ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਵਿਚਾਰ ਅੱਜ ਦਿਸ਼ਾ ਵੂਮੈਨ ਵੈੱਲਫੇਅਰ ਟਰੱਸਟ (ਰਜਿ:) ਵੱਲੋਂ ਸੰਸਥਾ ਦੇ ਪ੍ਰਧਾਨ ਹਰਦੀਪ ਕੌਰ ਵਿਰਕ ਦੀ ਅਗਵਾਈ ਹੇਠ ਅੌਰਤਾਂ ਦੀ ਸਮਾਜ ਨੂੰ ਦੇਣ ਵਿਸ਼ੇ ’ਤੇ ਕਰਵਾਏ ਗਏ ਸੂਬਾ ਪੱਧਰੀ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ. ਸੁਭਾਸ਼ ਗੋਇਲ ਉੱਘੇ ਸਮਾਜ ਸੇਵੀ ਅਤੇ ਪ੍ਰਧਾਨ ਜੀਵਨ ਸੰਚਾਰ ਵੈੱਲਫੇਅਰ ਐਂਡ ਚੈਰੀਟੇਬਲ ਸੁਸਾਇਟੀ ਨੇ ਕਹੀ। ਸੈਮੀਨਾਰ ਦੀ ਸ਼ੁਰੂਆਤ ਰਤਨ ਪ੍ਰੋਫੈਸ਼ਨਲ ਕਾਲਜ ਦੇ ਵਿਦਿਆਰਥੀਆਂ ਵੱਲੋਂ ਸਰਸਵਤੀ ਵੰਦਨਾ ਗਾ ਕੇ ਕੀਤੀ ਗਈ।
ਵਿਸ਼ੇਸ਼ ਮਹਿਮਾਨ ਡਾ: ਰਿੰਮੀ ਸਿੰਗਲਾ ਨੇ ਕਿਹਾ ਕਿ ਸਿਹਤ ਸਬੰਧੀ ਜਾਗਰੂਕਤਾ ਗਰਭਵਤੀ ਮਹਿਲਾਵਾਂ ਦੇ ਲਈ ਸੰਤੁਲਿਤ ਖੁਰਾਕ ਅਤਿ ਲੋੜੀਂਦੀ ਹੈ ਅਤੇ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਵੀ ਗਰਭਵਤੀ ਮਹਿਲਾ ਦਾ ਧਿਆਨ ਰੱਖਣਾ ਚਾਹੀਦਾ ਹੈ। ਇਸ ਦੌਰਾਨ ਕਾਲਜ ਦੇ ਵਿਦਿਆਰਥੀਆਂ ਵੱਲੋਂ ਧੀ ਦੀ ਮਹੱਤਤਾ ਬਾਰੇ ਅਤੇ ਸਿਹਤ ਜਾਗਰੂਕਤਾ ਸਬੰਧੀ ਦੋ ਲਘੁ ਨਾਟਕ ਵੀ ਖੇਡੇ ਗਏ। ਜਿਸ ਨੂੰ ਹਾਜ਼ਰੀਨ ਵੱਲੋਂ ਬੇਹੱਦ ਪਸੰਦ ਕੀਤਾ ਗਿਆ। ਸੈਮੀਨਾਰ ਦੌਰਾਨ ਆਪਣੇ ਸੰਬੋਧਨ ਵਿੱਚ ਹਰੀ ਸਿੰਘ ਮੈਮੋਰੀਅਲ ਟਰੱਸਟ ਦੀ ਚੇਅਰਪਰਸਨ ਸ੍ਰੀਮਤੀ ਜਗਜੀਤ ਕੌਰ ਕਾਹਲੋਂ ਨੇ ਕਿਹਾ ਕਿ ਜੇ ਅੱਜ ਅੌਰਤਾਂ ਆਪਣੇ ਹੱਕਾਂ ਦੀ ਮੰਗ ਕਰਦੀਆਂ ਹਨ ਤਾਂ ਉਹਨਾਂ ਨੂੰ ਆਪਣੇ ਕਰਤੱਵਾਂ ਪ੍ਰਤੀ ਵੀ ਜਾਗਰੂਕ ਹੋਣਾ ਚਾਹੀਦਾ ਹੈ। ਜਦੋਂ ਇੱਕ ਲੜਕੀ ਵਿਆਹ ਕਰਵਾ ਕੇ ਸਹੁਰੇ ਘਰ ਜਾਂਦੀ ਹੈ ਤਾਂ ਉਹ ਸਹੁਰੇ ਘਰ ਵਿੱਚ ਨੂੰਹ ਬਣਕੇ ਨਹੀਂ ਸਗੋਂ ਇੱਕ ਧੀ ਬਣਕੇ ਆਪਣੇ ਫਰਜ਼ ਅਦਾ ਕਰੇ।
ਪ੍ਰੋਗਰਾਮ ਦੇ ਦੌਰਾਨ ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਨਿਆਮੀਆਂ ਨੇ ਗੁਰਬਾਣੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅੌਰਤ ਨੂੰ ਜਗ-ਜਗਣੀ ਦਾ ਦਰਜਾ ਸਾਡੇ ਗੁਰੂਆਂ ਪੀਰਾਂ ਨੇ ਦਿੱਤਾ ਹੈ ਸੋ ਗੁਰੂਆਂ ਪੀਰਾਂ ਦੇ ਦਰਸਾਏ ਰਸਤੇ ਤੇ ਚੱਲਣਾ ਅਤੇ ਅੌਰਤ ਦਾ ਸਤਿਕਾਰ ਕਰਨਾ ਸਾਡਿਆਂ ਸਾਰਿਆਂ ਦਾ ਫਰਜ਼ ਹੈ। ਇਸ ਸਮੁੱਚੇ ਪ੍ਰੋਗਰਾਮ ਨੂੰ ਰਤਨ ਗਰੁੱਪ ਆਫ ਇੰਸਟੀਚਿਊਟ, ਸੋਹਾਣਾ ਦੇ ਚੇਅਰਮੈਨ ਸੁੰਦਰ ਲਾਲ ਅੱਗਰਵਾਲ ਵੱਲੋਂ ਵੱਡਮੁੱਲਾ ਸਹਿਯੋਗ ਦਿੱਤਾ ਗਿਆ। ਸੰਸਥਾ ਦੀ ਪ੍ਰਧਾਨ ਹਰਦੀਪ ਕੌਰ ਵਿਰਕ, ਦੀਪ ਪ੍ਰੋਡੈਕਸ਼ਨ ਮੁਹਾਲੀ ਦੇ ਡਾਇਰੈਕਟਰ ਗਗਨਦੀਪ ਸਿੰਘ ਵਿਰਕ ਅਤੇ ਮੁੱਖ ਮਹਿਮਾਨ ਡਾ. ਸੁਭਾਸ਼ ਗੋਇਲ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਅੌਰਤਾਂ ਨੂੰ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਵਿੱਚ ਮੈਡਮ ਜਗਜੀਤ ਕੌਰ ਕਾਹਲੋਂ, ਡਾ: ਰਿੰਮੀ ਸਿੰਗਲਾ, ਉੱਘੀ ਗਾਇਕਾ ਅਤੇ ਸਟੇਜ਼ ਸੰਚਾਲਿਕਾ ਆਰਦੀਪ ਰਮਨ ਨੂੰ ਫੁੱਲਕਾਰੀ ਅਤੇ ਮੈਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਵਿੱਚ ਰੋਜ਼ਾਨਾ ਅਜੀਤ ਅਖ਼ਬਾਰ ਦੇ ਜ਼ਿਲ੍ਹਾ ਇੰਚਾਰਜ ਕੇਵਲ ਸਿੰਘ ਰਾਣਾ, ਜ਼ਿਲ੍ਹਾ ਇੰਚਾਰਜ ਸੁਖਦੀਪ ਸਿੰਘ ਸੋਈ ਸਪੋਕਸਮੈਨ, ਰਣਜੀਤ ਰਾਣਾ, ਕਿਰਨਦੀਪ ਕੌਰ ਅੌਲਖ ਦੋਵੇਂ ਪੰਜਾਬੀ ਜਾਗਰਣ ਸਮੇਤ ਸ਼ਹਿਰ ਦੇ ਪਤਵੰਤੇ ਸੱਜਣ ਹਾਜ਼ਰ ਸਨ।
ਸੰਸਥਾ ਦੀ ਪ੍ਰਧਾਨ ਹਰਦੀਪ ਕੌਰ ਵਿਰਕ ਵੱਲੋਂ ਅਖੀਰ ਵਿੱਚ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਵਾਲੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਆਪਣੀ ਲਿਖੀ ਹੋਈ ਇੱਕ ਖੁੱਲ੍ਹੀ ਕਵਿਤਾ ‘ਦੁਰਦਸ਼ਾ ਤੋਂ ਦਿਸ਼ਾ ਤੱਕ ਦਾ ਸਫ਼ਰ’ ਵੀ ਪੜ੍ਹ ਕੇ ਸੁਣਾਈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਅੌਰਤਾਂ ਨੂੰ ਜਾਗਰੂਕਤਾ ਕਰਨ ਲਈ ਆਉਣ ਵਾਲੇ ਸਮੇਂ ਵਿੱਚ ਵੀ ਇਹੋ ਜਿਹੇ ਸੈਮੀਨਾਰ ਉਲੀਕੇ ਜਾਂਦੇ ਰਹਿਣਗੇ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…