ਦੀਵਾਲੀ ਮੌਕੇ ਮੁਹਾਲੀ ਦੀਆਂ ਮਾਰਕੀਟਾਂ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾਣ: ਜਤਿੰਦਰਪਾਲ ਸਿੰਘ

ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼-3ਬੀ2 ਦੀ ਮੀਟਿੰਗ ਵਿੱਚ ਦੁਕਾਨਦਾਰਾਂ ਨੇ ਵੱਖ-ਵੱਖ ਮੁੱਦਿਆਂ ਉੱਤੇ ਵਿਚਾਰ ਚਰਚਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਅਕਤੂਬਰ:
ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼-3ਬੀ2 ਦੇ ਪ੍ਰਧਾਨ ਜਤਿੰਦਰਪਾਲ ਸਿੰਘ ਜੇਪੀ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਵੱਖ ਵੱਖ ਮੁੱਦਿਆਂ ਉੱਪਰ ਚਰਚਾ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਜਤਿੰਦਰਪਾਲ ਸਿੰਘ ਜੇਪੀ ਨੇ ਕਿਹਾ ਕਿ ਦਿਵਾਲੀ ਨੂੰ ਮੁੱਖ ਰੱਖਦਿਆਂ ਸ਼ਹਿਰ ਦੀਆਂ ਸਾਰੀਆਂ ਮਾਰਕੀਟਾਂ ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਵੱਧ ਜਾਂਦੀ ਹੈ, ਇਸਦੇ ਨਾਲ ਹੀ ਮਾਰਕੀਟਾਂ ਦੇ ਵਿੱਚ ਦੁਕਾਨਾਂ ਉਪਰ ਵੀ ਗਾਹਕਾਂ ਦੀ ਕਾਫੀ ਭੀੜ ਰਹਿੰਦੀ ਹੈ। ਲੋਕ ਤਿਉਹਾਰਾਂ ਮੌਕੇ ਆਪਣੇ ਪਰਿਵਾਰ ਸਮੇਤ ਮਾਰਕੀਟਾਂ ਵਿੱਚ ਖਰੀਦਦਾਰੀ ਕਰਨ ਆਉੱਦੇ ਹਨ। ਇਸ ਦੌਰਾਨ ਕਈ ਸ਼ਰਾਰਤੀ ਅਨਸਰ ਵੀ ਆ ਕੇ ਖੋਰੂ ਪਾਉਣ ਲੱਗ ਜਾਂਦੇ ਹਨ, ਜਿਸ ਕਾਰਨ ਮਾਹੌਲ ਖਰਾਬ ਹੁੰਦਾ ਹੈ ਅਤੇ ਲੋਕਾਂ ਵਿੱਚ ਡਰ ਪੈਦਾ ਹੋ ਜਾਂਦਾ ਹੈ। ਇਸ ਲਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸ਼ਹਿਰ ਦੀਆਂ ਸਾਰੀਆਂ ਹੀ ਮਾਰਕੀਟਾਂ ਵਿੱਚ ਦਿਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਸੁਰਖਿਆ ਦੇ ਪੂਰੇ ਪ੍ਰਬੰਧ ਕੀਤੇ ਜਾਣ ਤਾਂ ਕਿ ਸਰਾਰਤੀ ਅਨਸਰ ਕਿਸੇ ਵਾਰਦਾਤ ਨੂੰ ਅੰਜਾਮ ਨਾ ਦੇ ਸਕਣ।
ਉਹਨਾਂ ਕਿਹਾ ਕਿ ਦਿਵਾਲੀ ਦੇ ਤਿਉਹਾਰ ਮੌਕੇ ਇਸ ਮਾਰਕੀਟ ਵਿਚ ਆਉਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਵੱਧ ਗਈ ਹੈ, ਜ਼ਿਆਦਾਤਰ ਲੋਕ ਆਪਣੇ ਵਾਹਨਾਂ ਉਪਰ ਹੀ ਆਉੱਦੇ ਹਨ। ਇਸ ਮਾਰਕੀਟ ਦੀ ਪਾਰਕਿੰਗ ਵਿੱਚ ਵਾਹਨ ਖੜੇ ਕਰਨ ਲਈ ਦਿਸ਼ਾ ਸੂਚਕ ਲਾਈਨਾਂ ਹੀ ਨਹੀਂ ਹਨ। ਕਈ ਵਾਰ ਪ੍ਰਸ਼ਾਸ਼ਨ ਨੂੰ ਇਹ ਲਾਈਨਾਂ ਬਣਾਉਣ ਲਈ ਕਿਹਾ ਗਿਆ ਹੈ ਪਰ ਪ੍ਰਸ਼ਾਸ਼ਨ ਵਲੋੱ ਇਸ ਪਾਸੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਜਿਸ ਕਾਰਨ ਇਸ ਪਾਰਕਿੰਗ ਵਿੱਚ ਹਰ ਸਮੇਂ ਵਾਹਨਾਂ ਦਾ ਘੜਮੱਸ ਜਿਹਾ ਹੀ ਪਿਆ ਰਹਿੰਦਾ ਹੈ। ਲੋਕ ਆਪਣੀ ਮਰਜੀ ਨਾਲ ਹੀ ਆਪਣੇ ਵਾਹਨਾਂ ਨੂੰ ਇੱਧਰ ਉੱਧਰ ਖੜਾ ਕਰ ਦਿੰਦੇ ਹਨ। ਜਿਸ ਕਾਰਨ ਟਰੈਫਿਕ ਵਿੱਚ ਵਿਘਨ ਪੈ ਜਾਂਦਾ ਹੈ। ਪ੍ਰਸ਼ਾਸਨ ਨੂੰ ਇੱਥੇ ਲਾਈਨਾਂ ਲਗਾਉਣ ਦੇ ਨਾਲ ਹੀ ਨੋ ਪਾਰਕਿੰਗ ਦੇ ਬੋਰਡ ਵੀ ਲਗਾਉਣੇ ਚਾਹੀਦੇ ਹਨ।
ਇਸ ਮੌਕੇ ਹਾਜ਼ਰ ਮੈਂਬਰਾਂ ਨੇ ਕਿਹਾ ਕਿ ਮਾਰਕੀਟ ਵਿੱਚ ਕਈ ਥਾਵਾਂ ਉਪਰ ਰਾਤ ਸਮੇਂ ਹਨੇਰਾ ਹੀ ਛਾਇਆ ਰਹਿੰਦਾ ਹੈ ਅਤੇ ਪ੍ਰਸ਼ਾਸ਼ਨ ਨੂੰ ਲੋੜੀਂਦੀਆਂ ਲਾਈਟਾਂ ਲਗਾਉਣੀਆਂ ਚਾਹੀਦੀਆਂ ਹਨ ਤਾਂ ਕਿ ਹਨੇਰੇ ਦਾ ਲਾਭ ਉਠਾ ਕਦੇ ਸਰਾਰਤੀ ਅਨਸਰ ਕੋਈ ਵਾਰਦਾਤ ਨਾ ਕਰ ਸਕਣ। ਉਹਨਾਂ ਕਿਹਾ ਕਿ ਗੁਰਦੁਆਰਾ ਸਾਚਾ ਧੰਨ ਸਾਹਿਬ ਤੋਂ ਮਾਰਕੀਟ ਨੂੰ ਆਉਣ ਵਾਲੇ ਰਸਤੇ ਉਪਰ ਅਨੇਕਾਂ ਵਾਰ ਹਾਦਸੇ ਵਾਪਰ ਚੁੱਕੇ ਹਨ, ਇਸ ਲਈ ਗੁਰਦੁਆਰਾ ਸਾਚਾ ਧਨ ਸਾਹਿਬ ਨੇੜੇ ਟਰੈਫਿਕ ਲਾਈਟਾਂ ਲਗਾਈਆਂ ਜਾਣੀਆਂ ਚਾਹੀਦੀਆਂ ਹਨ ਤਾਂ ਕਿ ਹਾਦਸਿਆਂ ਤੋਂ ਬਚਾਓ ਹੋ ਸਕੇ। ਮਾਰਕੀਟ ਦੇ ਫੁੱਟਪਾਥਾਂ ਦਾ ਵੀ ਬੁਰਾ ਹਾਲ ਹੈ ਅਤੇ ਰੇਲਿੰਗ ਵੀ ਕਈ ਥਾਵਾਂ ਉਪਰ ਟੁੱਟ ਚੁਕੀ ਹੈ। ਟੁੱਟੇ ਹੋਏ ਫੁਟਪਾਥਾਂ ਕਾਰਨ ਰਾਹਗੀਰਾਂ ਨੂੰ ਬਹੁਤ ਪ੍ਰੇਸ਼ਾਨੀ ਆਉੱਦੀ ਹੈ।
ਦੁਕਾਨਦਾਰਾਂ ਨੇ ਮੰਗ ਕੀਤੀ ਕਿ ਮਾਰਕੀਟ ਦੇ ਫੁੱਟਪਾਥਾਂ ਦੀ ਹਾਲਤ ਸੁਧਾਰੀ ਜਾਵੇ, ਗੁਰਦੁਆਰਾ ਸਾਚਾ ਧੰਨ ਸਾਹਿਬ ਨੇੜੇ ਟ੍ਰੈਫਿਕ ਲਾਈਟਾਂ ਲਗਾਈਆਂ ਜਾਣ, ਪਾਰਕਿੰਗ ਵਿਚ ਵਾਹਨ ਖੜੇ ਕਰਨ ਲਈ ਲਾਈਨਾਂ ਲਗਾਈਆਂ ਜਾਣ। ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਉਪਰੋਕਤ ਸਮੱਸਿਆਵਾਂ ਦੇ ਹੱਲ ਲਈ ਸਬੰਧਿਤ ਵਿਭਾਗਾਂ ਨਾਲ ਤਾਲਮੇਲ ਕੀਤਾ ਜਾਵੇਗਾ ਤਾਂ ਜੋ ਇਹਨਾਂ ਸਮਸਿਆਵਾਂ ਨੂੰ ਜਲਦੀ ਹਲ ਕੀਤਾ ਜਾ ਸਕੇ। ਇਸ ਮੌਕੇ ਐਸੋਸੀਏਸ਼ਨ ਦੇ ਅਹੁਦੇਦਾਰ ਅਸ਼ੋਕ ਬਾਂਸਲ, ਵਰੁਣ ਗੁਪਤਾ, ਹਰਨੇਕ ਸਿੰਘ ਕਟਾਣੀ, ਆਤਮਾ ਰਾਮ ਅਗਰਵਾਲ, ਜੇ.ਐਸ. ਸੇਠੀ, ਸੁਰਿੰਦਰ ਸਿੰਘ, ਗੁਰਿੰਦਰ ਸਿੰਘ ਰਿੰਕੂ, ਰਾਜੀਵ ਮੱਕੜ, ਤਰਸੇਮ ਲਾਲ ਸ਼ਰਮਾ, ਦਿਨੇਸ਼ ਸਿੰਗਲਾ, ਜਤਿੰਦਰ ਸਿੰਘ, ਵਿਵੇਕ ਸੂਦ, ਸਿਮਰਨਜੀਤ ਸਿੰਘ, ਨੀਰਜ ਭਾਟੀਆ, ਨਰੇਸ਼ ਕੁਮਾਰ, ਗੁਰਪ੍ਰੀਤ ਸਿੰਘ ਅਤੇ ਹੋਰ ਮੈਂਬਰ ਮੌਜੁੂਦ ਸਨ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…