ਡੀਸੀ ਸ੍ਰੀਮਤੀ ਸਪਰਾ ਨੇ ਜਨਤਕ ਸੁਣਵਾਈ ਦੌਰਾਨ ਕੱਢਿਆਂ ਪਟਾਕੇ ਤੇ ਆਤਿਸ਼ਬਾਜ਼ੀ ਵੇਚਣ ਵਾਲਿਆਂ ਦਾ ਡਰਾਅ

ਬਿਨ੍ਹਾਂ ਲਾਇਸੈਂਸ ਪਟਾਕ/ਆਤਿਸ਼ਬਾਜੀ ਵੇਚਣ ਵਾਲਿਆਂ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ: ਡੀਸੀ ਸਪਰਾ

ਜ਼ਿਲ੍ਹਾ ਮੁਹਾਲੀ ਵਿੱਚ ਪਟਾਕੇ/ਆਤਿਸ਼ਬਾਜ਼ੀ ਦੀ ਵਿਕਰੀ ਲਈ ਢੁਕਵੀਆਂ ਥਾਵਾਂ ਨਿਰਧਾਰਿਤ ਕੀਤੀਆਂ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਅਕਤੂਬਰ:
ਦਿਵਾਲੀ ਦੇ ਤਿਓਹਾਰ ਦੇ ਮੱਦੇਨਜ਼ਰ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਬਿਨਾਂ ਲਾਇਸੈਂਸ ਤੋਂ ਆਤਿਸ਼ਬਾਜ਼ੀ/ਪਟਾਕੇ ਵੇਚਣ ਵਾਲਿਆਂ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ ਅਤੇ ਲਾਇਸੈਂਸ ਨਾਲ ਆਤਿਸ਼ਬਾਜੀ/ਪਟਾਕੇ ਵੇਚਣ ਲਈ ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ। ਨਿਰਧਾਰਤ ਥਾਵਾਂ ’ਤੇ ਹੀ ਪਟਾਕਿਆਂ ਦੀ ਵਿਕਰੀ ਹੋਵੇਗੀ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪੀ੍ਰਤ ਕੌਰ ਸਪਰਾ ਨੇ ਦੱਸਿਆ ਕਿ ਆਤਿਸ਼ਬਾਜ਼ੀ ਅਤੇ ਪਟਾਖੇ ਵੇਚਣ ਵਾਲੇ ਜੇਕਰ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜਾਰੀ ਕੀਤੇ ਹੁਕਮਾਂ ਅਤੇ ਪ੍ਰਦੂਸ਼ਨ ਕੰਟਰੋਲ ਬੋਰਡ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਉÑਲੰਘਣਾ ਕਰਨਗੇ ਤਾਂ ਉਨ੍ਹਾਂ ਦੇ ਲਾਇਸੰਸ ਰੱਦ ਕਰ ਦਿੱਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਲ੍ਹੇ ਵਿਚ ਪਟਾਖਿਆਂ ਦੀ ਵਿਕਰੀ ਲਈ ਸਬ ਡਵੀਜ਼ਨ ਮੁਹਾਲੀ ਵਿੱਚ ਦੁਸਹਿਰਾ ਗਰਾਉਂਡ ਫੇਜ਼-8, ਮਾਰਕੀਟ ਫੇਜ-2 ਨੇੜੇ ਬਸੀ ਸਿਨੇਮਾ ਮੁਹਾਲੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਨੂੜ ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ। ਸਬ ਡਵੀਜ਼ਨ ਡੇਰਾਬਸੀ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੇਰਾਬੱਸੀ ਦੇ ਖੇਡ ਮੈਦਾਨ ਵਿੱਚ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਲੜੂ ਦੇ ਖੇਡ ਮੈਦਾਨ ਵਿੱਚ ਅਤੇ ਦੁਸਹਿਰਾ ਗਰਾਉਂਡ ਬਲਟਾਣਾ (ਜ਼ੀਰਕਪੁਰ) ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ। ਸਬ ਡਵੀਜ਼ਨ ਖਰੜ ਵਿਚ ਪੁਰਾਣੀ ਮੋਰਿੰਡਾ-ਹਸਪਤਾਲ ਰੋਡ ਤੇ ਮਿਊਂਸਪਲ ਪਾਰਕ ਦੇ ਸਾਹਮਣੇ ਲੇਬਰ ਸ਼ੈਡ ਦੋ ਕੋਲ , ਦੁਸਾਹਿਰਾ ਗਰਾਉਂਡ ਖਰੜ, ਸ਼ਹੀਦ ਬੇਅੰਤ ਸਿੰਘ ਸਟੇਡੀਅਮ ਸਿਸਵਾਂ ਰੋਡ ਕੁਰਾਲੀ, ਅਤੇ ਹਾਕੀ ਸਟੇਡੀਅਮ ਸਿੰਘਪੁਰਾ ਰੋਡ ਕੁਰਾਲੀ, ਨਗਰ ਖੇੜਾ (ਉੱਚਾ ਖੇੜਾ) ਨਵਾਂ ਗਰਾਓ ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ।
ਸ੍ਰੀਮਤੀ ਸਪਰਾ ਨੇ ਦੱਸਿਆ ਕਿ ਪਾਬੰਦੀ ਵਾਲੇ ਪਟਾਖੇ ਨਹੀਂ ਵੇਚੇ ਜਾਣਗੇ। ਪਟਾਖੇ ਵੇਚਣ ਵਾਲੇ ਦੀ ਉਮਰ 18 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਅਤੇ ਉਹ ਦਿਮਾਗੀ ਤੋਰ ਤੇ ਤੰਦਰੁਸਤ ਹੋਵੇ ਅਤੇ ਉਸ ਨੇ ਕਿਸੇ ਕਿਸਮ ਦਾ ਨਸ਼ਾ ਬਗੈਰਾ ਨਾ ਕੀਤਾ ਹੋਵੇ। ਪਟਾਖੇ ਵੇਚਣ ਵਾਲੇ ਨੂੰ ਅੱਗ ਬੁਝਾਉ ਯੰਤਰਾਂ ਜਿਵੇਂ ਕਿ 200 ਲੀਟਰ ਪਾਣੀ, 10 ਬੋਰੀਆਂ ਰੇਤਾਂ ਅਤੇ ਕੰਬਲ ਆਦਿ ਦਾ ਪ੍ਰਬੰਧ ਕਰਨਾ ਪਵੇਗਾ। ਆਤਿਸ਼ਬਾਜ਼ੀ ਵਾਲੀ ਥਾਂ ਕੋਲ ਸਿਗਰੇਟ ਪੀਣਾ ਮਨਾ ਹੈ ਦਾ ਬੋਰਡ ਲਗਿਆ ਹੋਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਵਧੀਕ ਡਿਪਟੀ ਕਮਿਸ਼ਨਰ ਚਰਨਦੇਵ ਸਿੰਘ ਮਾਨ ਨੇ ਡਿਪਟੀ ਕਮਿਸ਼ਨਰ ਦੀ ਨਿਗਰਾਨੀ ਹੇਠ ਫਾਇਰ ਕਰੈਕਰ/ਆਤਿਸ਼ਬਾਜੀ ਵੇਚਣ ਲਈ ਆਰਜ਼ੀ ਲਾਇਸੈਂਸ ਜਾਰੀ ਕਰਨ ਲਈ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰਬਰ 256 ਵਿੱਚ ਆਰਜ਼ੀ ਲਾਇਸੈਂਸ ਲਈ ਦਰਖਾਸਤਾਂ ਦੇਣ ਵਾਲਿਆਂ ਦੀ ਮੌਜੂਦਗੀ ਵਿੱਚ ਡਰਾਅ ਕੱਢੇ ਗਏ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਸਮੂਹ ਦਰਖਾਸਤ ਕਰਤਾਵਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜਾਰੀ ਕੀਤੇ ਹੁਕਮਾਂ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਐਸ.ਏ.ਐਸ.ਨਗਰ ਸ਼ਹਿਰ ਲਈ 14, ਬਨੂੜ ਲਈ 4, ਡੇਰਾਬੱਸੀ ਲਈ 4, ਲਾਲੜੂ ਲਈ 1, ਜ਼ੀਰਕਪੁਰ ਲਈ 8, ਖਰੜ 3, ਕੁਰਾਲੀ ਲਈ 4 ਆਰਜ਼ੀ ਲਾਇਸੈਂਸ ਜਾਰੀ ਕੀਤੇ ਗਏ। ਇਸ ਮੌਕੇ ਸਹਾਇਕ ਕਮਿਸ਼ਨਰ (ਜਨਰਲ) ਜਸਬੀਰ ਸਿੰਘ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ. ਪਾਲਿਕਾ ਅਰੋੜਾ, ਐਸਡੀਐਮ ਡਾ. ਆਰ.ਪੀ ਸਿੰਘ, ਨਗਰ ਕੌਂਸਲਾਂ ਦੇ ਕਾਰਜਕਾਰੀ ਅਫ਼ਸਰ ਅਤੇ ਨਾਇਬ ਤਹਿਸੀਲਦਾਰ ਮੁਹਾਲੀ ਤੇ ਖਰੜ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 13…