nabaz-e-punjab.com

ਜ਼ਿਲ੍ਹਾ ਪੱਧਰੀ ਪਸ਼ੂ ਧਨ ਮੇਲਾ ਤੇ ਦੁੱਧ ਚੁਆਈ ਮੁਕਾਬਲੇ 25-26 ਅਕਤੂਬਰ ਨੂੰ ਚੱਪੜਚਿੜੀ ਵਿੱਚ: ਡਾ. ਪਰਮਾਤਮਾ ਸਰੂਪ

ਪਸ਼ੂਆਂ ਲਈ ਚਾਰਾ, ਪਾਣੀ ਅਤੇ ਰਿਹਾਇਸ਼ ਵਿਭਾਗ ਵੱਲੋਂ ਮੁਫ਼ਤ ਉਪਲਬਧ ਕਰਵਾਇਆ ਜਾਵੇਗਾ:

ਵੈਟਰਨਰੀ ਅਫ਼ਸਰ/ਇੰਸਪੈਕਟਰ ਨਾਲ ਤਾਲਮੇਲ ਕਰਕੇ ਕਰਵਾਈ ਜਾ ਸਕਦੀ ਮੇਲੇ ’ਚ ਭਾਗ ਲੈਣ ਦੇ ਯੋਗ ਪਸ਼ੁੂਆਂ ਦੀ ਰਜਿਸਟ੍ਰੇਸ਼ਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਕਤੂਬਰ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਇਤਿਹਾਸਕ ਪਿੰਡ ਚੱਪੜਚਿੜੀ ਵਿਖੇ 25 ਅਤੇ 26 ਅਕਤੂਬਰ ਨੂੰ ਜ਼ਿਲ੍ਹਾ ਪੱਧਰੀ ਪਸ਼ੂ ਧਨ ਮੇਲਾ ਅਤੇ ਦੁੱਧ ਚੁਆਈ ਮੁਕਾਬਲੇ ਕਰਵਾਏ ਜਾਣਗੇ। ਮੇਲੇ ਦੀ ਤਿਆਰੀਆਂ ਸਬੰਧੀ ਜ਼ਿਲ੍ਹੇ ਦੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਪਰਮਾਤਮਾ ਸਰੂਪ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਸ਼ੂ ਪਾਲਣ ਦੇ ਕਿੱਤੇ ਨੂੰ ਹੁੰਗਾਰਾ ਦੇਣ ਲਈ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹਰ ਸਾਲ ਪਸੂ-ਧਨ ਮੇਲੇ ਅਤੇ ਦੁੱਧ ਚੁਆਈ ਮੁਕਾਬਲੇ ਕਰਵਾਏ ਜਾਂਦੇ ਹਨ ਜਿਸ ਤਹਿਤ ਪੰਜਾਬ ਦੇ ਕਿਸਾਨਾਂ ਦਾ ਆਰਥਿਕ ਪੱਧਰ ਉੱਚਾ ਚੁੱਕਣ ਲਈ ਅਤੇ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਲਈ ਇਹ ਮੇਲਾ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਕਰਵਾਇਆ ਜਾ ਰਿਹਾ ਹੈ।
ਸ੍ਰੀ ਸਰੂਪ ਨੇ ਦੱਸਿਆ ਇਸ ਮੇਲੇ ਵਿਚ ਮੱਝਾਂ, ਗਾਵਾਂ ਅਤੇ ਬੱਕਰੀਆਂ ਦੇ ਦੁੱਧ ਚੁਆਈ ਮੁਕਾਬਲੇ ਹੋਣਗੇ ਇਸ ਤੋਂ ਇਲਾਵਾ ਘੋੜਿਆਂ, ਮੱਝਾਂ, ਗਾਵਾਂ, ਭੇਡਾਂ, ਬੱਕਰੀਆਂ, ਸੂਰਾਂ, ਕੁੱਤਿਆਂ, ਮੁਰਗੀਆਂ ਦੇ ਨਸਲ ਮੁਕਾਬਲੇ ਵੀ ਕਰਵਾਏ ਜਾਣਗੇ। ਦੁੱਧ ਚੁਆਈ ਮੁਕਾਬਲਿਆਂ ਵਿੱਚ ਸਭ ਤੋਂ ਵੱਧ ਦੁੱਧ ਦੇਣ ਵਾਲੀਆਂ ਮੱਝਾਂ, ਗਾਵਾਂ , ਬੱਕਰੀਆਂ ਆਦਿ ਦੇ ਪਸ਼ੂ ਪਾਲਕ ਮਾਲਕ ਨੂੰ ਇਨਾਮ ਅਤੇ ਸਰਟੀਫਿਕੇਟ ਦਿੱਤੇ ਜਾਣਗੇ। ਇਸੇ ਤਰ੍ਹਾਂ ਨਸਲ ਮੁਕਾਬਲਿਆਂ ਵਿੱਚ ਜੇਤੂ ਮੱਝਾਂ, ਗਾਵਾਂ, ਭੇਡਾਂ, ਬੱਕਰੀਆਂ, ਕੁੱਤਿਆਂ, ਮੁਰਗੀਆਂ ਦੇ ਮਾਲਕਾਂ ਨੂੰ ਵੀ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਜਾਵੇਗਾ। ਪਸ਼ੂ ਪਾਲਣ ਵਿਭਾਗ, ਡੇਅਰੀ ਵਿਕਾਸ ਵਿਭਾਗ, ਖੇਤੀਬਾੜੀ ਵਿਭਾਗ ਅਤੇ ਪਸ਼ੂ ਪਾਲਣ ਨਾਲ ਸਬੰਧਤ ਹੋਰ ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਵੱਲੋਂ ਵੀ ਪਸ਼ੂ ਪਾਲਕਾਂ ਦੀ ਜਾਣਕਾਰੀ ਵਿੱਚ ਵਾਧਾ ਕਰਨ ਲਈ ਵੱਖ-ਵੱਖ ਸਟਾਲਾਂ ਵਿੱਚ ਪ੍ਰਦਰਸ਼ਨੀ ਲਗਾਈ ਜਾਵੇਗੀ।
ਸ੍ਰੀ ਸਰੂਪ ਨੇ ਇਹ ਵੀ ਦੱਸਿਆ ਕਿ ਮੇਲੇ ਤੇ ਪਸ਼ੂ ਲੈ ਕੇ ਆਉਣ ਵਾਲੇ ਪਸ਼ੂ ਪਾਲਕਾਂ ਦੀ ਸਹੂਲਤ ਲਈ ਜਰੂਰੀ ਇੰਤਜ਼ਾਮ ਕੀਤੇ ਜਾਣਗੇ। ਪਸ਼ੁਆਂ ਲਈ ਚਾਰਾ, ਪਾਣੀ ਅਤੇ ਰਿਹਾਇਸ਼ ਵਿਭਾਗ ਵੱਲੋਂ ਮੁਫ਼ਤ ਉਪਲਬੱਧ ਕਰਵਾਇਆ ਜਾਵੇਗਾ। ਪਸ਼ੂ ਪਾਲਕਾਂ ਦੇ ਰਹਿਣ ਅਤੇ ਖਾਣੇ ਦਾ ਪ੍ਰਬੰਧ ਵਿਭਾਗ ਵੱਲੋਂ ਕੀਤਾ ਜਾਵੇਗਾ। ਮੇਲੇ ਦੌਰਾਨ ਪਸ਼ੁੂਆਂ ਦੇ ਇਲਾਜ ਲਈ ਵੈਟਰਨਰੀ ਡਾਕਟਰਾਂ ਦੀ ਟੀਮ ਹਰ ਵੇਲੇ ਉਪਲਬੱਧ ਹੋਵੇਗੀ। ਉਹਨਾਂ ਨੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਇਸ ਮੇਲੇ ਵਿੱਚ ਪਹੁੰਚ ਕੇ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਮੇਲੇ ਵਿੱਚ ਭਾਗ ਲੈਣ ਦੇ ਯੋਗ ਪਸ਼ੁੂਆਂ ਦੀ ਰਜਿਸਟ੍ਰੇਸ਼ਨ ਆਪਣੇ ਇਲਾਕੇ ਦੇ ਵੈਟਰਨਰੀ ਅਫਸਰ/ਇੰਸਪੈਕਟਰ ਨਾਲ ਤਾਲਮੇਲ ਕਰ ਕੇ ਅਗਾਊਂ ਕਰਵਾ ਲਈ ਜਾਵੇ। ਮੀਟਿੰਗ ਵਿੱਚ ਡਾ. ਨਿਤਿਨ ਕੁਮਾਰ ਅਸਿਸਟੈਂਟ ਡਾਇਰੈਕਟਰ ਅਤੇ ਡਾ. ਨਿਰਮਲਜੀਤ ਸਿੰਘ ਸੀਨੀਅਰ ਵੈਟਰਨਰੀ ਅਫ਼ਸਰ ਡੇਰਾਬੱਸੀ ਨੇ ਵੀ ਲੋੜੀਂਦੇ ਦਿਸ਼ਾ ਨਿਰਦੇਸ਼ ਦਿੱਤੇ। ਵੈਟਰਨਰੀ ਅਫ਼ਸਰ ਐਸੋਸੀਏਸਨ ਦੇ ਆਗੂ ਡਾ. ਪਰਮਿੰਦਰ ਸਿੰਘ ਨੰਦਾ ਅਤੇ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਆਗੂ ਨਿਰਮਲ ਸੈਣੀ ਨੇ ਮੇਲੇ ਵਿੱਚ ਪੁੂਰਾ ਸਹਿਯੋਗ ਕਰਨ ਅਤੇ ਮੇਲੇ ਨੂੰ ਸਫ਼ਲ ਬਣਾਉਣ ਲਈ ਤਨਦੇਹੀ ਨਾਲ ਕੰਮ ਕਰਨ ਦਾ ਭਰੋਸਾ ਦਿਵਾਇਆ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…