ਪਰਾਲੀ ਨੂੰ ਅੱਗ ਨਾ ਲਗਾਉਣ ਲਈ ਬਦਲਵੇਂ ਪ੍ਰਬੰਧਾਂ ਲਈ ਪੰਜਾਬ ਦੇ ਕਿਸਾਨਾਂ ਨੂੰ ਬੋਨਸ ਦੇਣ ਦੀ ਲੋੜ: ਸਿੱਧੂ

ਕੇਂਦਰ ਦੀ ਭਾਜਪਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਿਸਾਨ ਖ਼ੁਦਕੁਸ਼ੀਆਂ ਦੇ ਰਾਹ ਤੇ ਤੁਰੇ: ਸਿੱਧੂ

ਮਹਿੰਦਰਾ ਐਂਡ ਮਹਿੰਦਰਾ ਸਵਰਾਜ ਲਿਮਟਿਡ ਨੇ ਮੁਹਾਲੀ ਦੇ 5 ਪਿੰਡਾਂ ਨੂੰ ਅਪਣਾਇਆ: ਡੀਸੀ ਸਪਰਾ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਕਤੂਬਰ:
ਨੈਸ਼ਨਲ ਗਰੀਨ ਟ੍ਰਿਬਿਊਨਲ ਨਵੀਂ ਦਿੱਲੀ ਵੱਲੋਂ ਝੋਨੇ ਦੀ ਪਰਾਲੀ ਅਤੇ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਸਬੰਧੀ ਹੁਕਮਾਂ ਦੀ ਇੰਨ ਬਿੰਨ ਪਾਲਣਾ ਕਰਨ ਲਈ ਰਾਜ ਦੇ ਕਿਸਾਨਾਂ ਨੂੰ ਕੇਂਦਰ ਸਰਕਾਰ ਨੂੰ ਬਦਲਵੇਂ ਪ੍ਰਬੰਧਾਂ ਲਈ ਬੌਨਸ ਦੇਣ ਦੀ ਮੰਗ ਕਰਦਿਆਂ ਸਥਾਨਕ ਵਿਧਾਇਕ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਰਾਜ ਦੇ ਕਿਸਾਨ ਪਹਿਲਾਂ ਹੀ ਆਰਥਿਕ ਮੰਦਹਾਲੀ ਵਿਚੋਂ ਗੁਜ਼ਰ ਰਹੇ ਹਨ ਅਤੇ ਉਹ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਾਂ ਲਈ ਮਹਿੰਗੇ ਭਾਅ ਦੀ ਆਧੁਨਿਕ ਮਸ਼ੀਨਰੀ ਖਰੀਦਣ ਤੋਂ ਅਸਮਰਥ ਹਨ। ਇਸ ਲਈ ਇਸ ਖਰਚੇ ਦੀ ਭਰਪਾਈ ਲਈ ਕੇਂਦਰ ਸਰਕਾਰ ਨੂੰ ਪਹਿਲ ਕਰਨੀ ਚਾਹੀਦੀ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਥਾਨਕ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਨੇੜਲੇ ਪਿੰਡ ਕੁਰੜਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਸ੍ਰੀ ਸਿੱਧੂ ਅੱਜ ਇੱਥੇ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਅਤੇ ਮਹਿੰਦਰਾ ਐਂਡ ਮਹਿੰਦਰਾ ਸਵਰਾਜ ਲਿਮਟਿਡ ਦੇ ਅਧਿਕਾਰੀਆਂ ਦੇ ਨਾਲ- ਨਾਲ ਪਿੰਡ ਦੇ ਕਿਸਾਨਾ ਦੀ ਝੋਨੇ ਦੀ ਰਹਿੰਦ ਖੂੰਹਦ ਨੂੰ ਆਧੂਨਿਕ ਮਸ਼ੀਨਾਂ ਰਾਂਹੀ ਖਾਦ ਦੇ ਤੌਰ ਤੇ ਵਰਤੋਂ ਵਿਚ ਲਿਆਉਣ ਦੀ ਸ਼ੁਰੂਆਤ ਕਰਨ ਮੌਕੇ ਵਿਸੇਸ਼ ਤੌਰ ਤੇ ਪੁੱਜੇ ਹੋਏ ਸਨ। ਸ੍ਰੀ ਸਿੱਧੂ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਰਾਜ ਦੇ ਕਿਸਾਨਾਂ ਨੇ ਆਪਣੀ ਹੱਡਭੰਨਵੀ ਕਮਾਈ ਕਰਕੇ ਨੈਸਨਲ ਫੂਡ ਸਕਿਉਰਟੀ ਵਿਚ ਕਣਕ ਝੋਨੇ ਦਾ ਵੱਡਾ ਯੋਗਦਾਨ ਪਾਇਆ ਪ੍ਰੰਤੂ ਪੰਜਾਬ ਦੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਜਿਨਸਾਂ ਦੇ ਸਹੀ ਭਾਅ ਨਹੀਂ ਮਿਲੇ ਤੇ ਰਾਜ ਦੇ ਕਿਸਾਨ ਕੇਂਦਰ ਸਰਕਾਰ ਦੀਆ ਮਾੜੀਆਂ ਨੀਤੀਆਂ ਕਾਰਨ ਹੀ ਖ਼ੁਦਕੁਸ਼ੀਆਂ ਦੇ ਰਾਹ ਤੇ ਤੁਰੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਰਾਜ ਦੇ ਕਿਸਾਨਾਂ ਨੂੰ ਝੋਨੇ ਦੀ ਰਹਿੰਦ ਖੂੰਹਦ ਦੇ ਸੁਚੱਜੇ ਪ੍ਰਬੰਧਾਂ ਲਈ ਕਿਸਾਨਾਂ ਦੀ ਮੱਦਦ ਵਾਸਤੇ 1109 ਕਰੋੜ ਰੁਪਏ ਦਾ ਵਿਸੇਸ਼ ਪ੍ਰੋਜੈਕਟ ਬਣਾ ਕੇ ਭੇਜਿਆ ਸੀ। ਜਿਸ ਵਿਚੋਂ ਕੇਂਦਰ ਸਰਕਾਰ ਨੇ 48 ਕਰੋੜ ਰੁਪਏ ਹੀ ਜਾਰੀ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਇੱਕ ਏਕੜ ਝੋਨੇ ਦੀ ਪਰਾਲੀ ਅਤੇ ਰਹਿੰਦ ਖੂੰਹਦ ਦੀ ਸੁਚੱਜੀ ਸਾਂਭ ਸੰਭਾਲ ਤੇ ਤਿੰਨ-ਚਾਰ ਹਜਾਰ ਰੁਪਏ ਖਰਚ ਆਉਦਾ ਹੈ ਅਤੇ ਇਹ ਖਰਚਾ ਕਿਸਾਨ ਆਪਣੀ ਜੇਬ ’ਚੋ ਕਰਨ ਤੋਂ ਬਿਲਕੁਲ ਅਸਮਰੱਥ ਹਨ ਤੇ ਰਾਜ ਦੇ ਕਿਸਾਨ ਇਹ ਖਰਚਾ ਨਹੀ ਝੱਲ ਸਕਦੇ ਇਸ ਲਈ ਕਿਸਾਨਾਂ ਦੀ ਕੇਂਦਰ ਸਰਕਾਰ ਨੂੰ ਮੱਦਦ ਕਰਨੀ ਚਾਹੀਦੀ ਹੈ ਅਤੇ ਕਿਸਾਨਾਂ ਨੂੰ ਇਸ ਮੰਤਵ ਲਈ ਗਰਾਂਟ-ਇੰਨ ਏਡ ਦੀ ਲੋੜ ਹੈ। ਪੱਤਰਕਾਰਾਂ ਵੱਲੋਂ ਝੋਨੇ ਦੀ ਖਰੀਦ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਸ੍ਰੀ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਿਸਾਨ ਹਿਤੈਸੀ ਸੋਚ ਸਦਕਾ ਰਾਜ ਦੀਆਂ ਮੰਡੀਆਂ ਵਿਚ ਝੋਨੇ ਦੀ ਖਰੀਦ ਦਾ ਕੰਮ ਤਸੱਲੀਬਖਸ਼ ਹੋ ਰਿਹਾ ਹੈ ਅਤੇ ਕਿਸਾਨਾਂ ਨੂੰ ਝੋਨੇ ਦੀ ਅਦਾਇਗੀ 24 ਘੰਟੇ ਦੇ ਅੰਦਰ ਅੰਦਰ ਕੀਤੀ ਜਾ ਰਹੀ ਹੈ। ਉਨ੍ਹਾਂ ਹੋਰ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿਚ ਐਲਾਨੀ ਨਵੀਂ ਉਦਯੋਗਿਕ ਨੀਤੀ ਰਾਜ ਵਿਚ ਉਦਯੋਗਿਕ ਖੇਤਰ ਨੂੰ ਵੱਡਾ ਹੁਲਾਰਾ ਦੇਵੇਗੀ ਅਤੇ ਰਾਜ ਵਿਚ ਰੋਜਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।
ਉਨ੍ਹਾਂ ਇਸ ਮੌਕੇ ਮਹਿੰਦਰਾ ਐਂਡ ਮਹਿੰਦਰਾ ਸਵਰਾਜ ਲਿਮ: ਵੱਲੋਂ ਅਪਣਾਏ 5 ਪਿੰਡਾਂ ਦੇ ਕਿਸਾਨਾਂ ਨੂੰ ਝੋਨੇ ਦੀ ਰਹਿੰਦ ਖੂੰਹਦ ਨੂੰ ਖਾਦ ਦੇ ਤੋਰ ਤੇ ਵਰਤੋਂ ਵਿਚ ਲਿਆਉਣ ਲਈ ਮੁਫਤ ਆਧੁਨਿਕ ਮਸ਼ੀਨਰੀ ਉਪਲਬਧ ਕਰਾਉਣ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਖੇਤੀਬਾੜ੍ਹੀ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਬੀਰ ਸਿੰਘ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿਚ ਝੋਨੇ ਦੀ ਪਰਾਲੀ ਦੀ ਵੱਡੀ ਸਮੱਸਿਆ ਹੈ। ਜਿਸ ਲਈ ਜ਼ਿਲ੍ਹਾ ਪੱਧਰ, ਬਲਾਕ ਪੱਧਰ ਅਤੇ ਪਿੰਡ ਪੱਧਰ ਤੇ ਕੈਂਪ ਲਗਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ ਹੈ ਤਾਂ ਕਿ ਝੋਨੇ ਦੀ ਪਰਾਲੀ ਅਤੇ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਈ ਜਾਵੇ ਜਿਸ ਨਾਲ ਵਾਤਾਵਰਣ ਪ੍ਰਦੁੂਸਿਤ ਹੋਣ ਦੇ ਨਾਲ ਨਾਲ ਜਮੀਨੀ ਉਪਜਾਊ ਸ਼ਕਤੀ ਵੀ ਖਤਮ ਹੁੰਦੀ ਹੈ। ਉਨ੍ਹਾਂ ਹੋਰ ਦੱਸਿਆ ਕਿ ਖੇਤੀਬਾੜ੍ਹੀ ਵਿਭਾਗ ਨੇ ਵੱਡੀਆਂ ਵੱਡੀਆਂ ਕੰਪਨੀਆਂ ਜਿੰਨ੍ਹਾਂ ਕੋਲ ਕਾਰਪੋਰੇਟ ਫੰਡ ਹੁੰਦੇ ਹਨ ਨੂੰ ਸਮਾਜਿਕ ਜਿੰਮੇਵਾਰੀ ਤਹਿਤ ਵੱਖ ਵੱਖ ਜਿਲ੍ਹਿਆਂ ਵਿਚ ਪਿੰਡ ਅਪਣਾਉਣ ਲਈ ਆਖਿਆ ਗਿਆ ਹੈ ਤਾਂ ਜੋ ਉਨ੍ਹਾਂ ਪਿੰਡਾਂ ਵਿਚ ਵੀ ਪਰਾਲੀ ਅਤੇ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਈ ਜਾਵੇ ਅਤੇ ਇੰਨ੍ਹਾਂ ਪਿੰਡਾਂ ਵਿਚ ਵੱਡੀਆਂ ਕੰਪਨੀਆਂ ਵੱਲੋਂ ਕਿਸਾਨਾਂ ਨੁੰ ਪਰਾਲੀ ਅਤੇ ਝੋਨੇ ਦੀ ਰਹਿੰਦ ਖੂੰਹਦ ਦੀ ਸੁਚੱਜੀ ਸੰਭਾਲ ਲਈ ਆਧੂਨਿਕ ਮਸ਼ੀਨਰੀ ਮੁਫਤ ਮੁਹੱਈਆ ਕਰਵਾਈ ਜਾ ਰਹੀ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਮਹਿੰਦਰਾ ਐਂਡ ਮਹਿੰਦਰਾ ਸਵਰਾਜ ਲਿਮ: ਵੱਲੋਂ ਇਸ ਇਲਾਕੇ ਦੇ 05 ਪਿੰਡ ਕੁਰੜਾ, ਕੁਰੜੀ, ਸੇਖਣਮਾਜਰਾ, ਮੀਡੇਮਾਜਰਾ ਅਤੇ ਮਣਕਪੁਰ ਕੱਲਰ ਅਪਣਾਏ ਗਏ ਹਨ ਜਿੱਥੇ ਕਿ ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਲਈ ਆਧੁਨਿਕ ਮਸ਼ੀਨਰੀ ਮੁਫਤ ਮੁਹੱਈਆਂ ਕਰਵਾਈ ਜਾਵੇਗੀ। ਉਨ੍ਹਾਂ ਇਸ ਮੌਕੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਅਤੇ ਰਹਿੰਦ ਖੂੰਹਦ ਨੂੰ ਅੱਗ ਲਗਾ ਕੇ ਵਾਤਾਵਰਣ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਨਸ਼ਟ ਨਾ ਕਰਨ ਸਗੋਂ ਆਧੂਨਿਕ ਮਸ਼ੀਨਾਂ ਦੀ ਵਰਤੋਂ ਨਾਲ ਉਸਨੂੰ ਖਾਦ ਦੇ ਤੌਰ ਤੇ ਵਰਤੋਂ ਵਿਚ ਲਿਆਉਣ। ਉਨ੍ਹਾਂ ਮੌਕੇ ਦੇ ਮੌਜੂਦ ਕਿਸਾਨਾਂ ਨੂੰ ਵੀ ਪਰਾਲੀ ਦੀ ਸਾਂਭ ਸੰਭਾਲ ਲਈ ਹੋਰ ਨਵੇਂ ਸੁਝਾਅ ਦੇਣ ਦੀ ਮੰਗ ਕੀਤੀ ਤਾਂ ਜੋ ਇੰਨ੍ਹਾਂ ਦੀ ਘੱਟ ਖਰਚੇ ਤੇ ਸੁਚੱਜੇ ਪ੍ਰਬੰਧ ਹੋ ਸਕਣ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਕਿਸਾਨਾਂ ਨੂੰ ਪਿੰਡ ਪੱਧਰ ਤੇ ਝੋਨੇ ਦੀ ਪਰਾਲੀ ਅਤੇ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਆਧੂਨਿਕ ਮਸ਼ੀਨਰੀ ਜਿਸ ਵਿਚ ਰੋਟਾਵੇਟਰ, ਚੌਪਰ ਕਮ ਸਰੈਡਰ, ਬੇਲਰ, ਦੀ ਵਰਤੋਂ ਨਾਲ ਝੋਨੇ ਦੀ ਪਰਾਲੀ ਅਤੇ ਰਹਿੰਦ ਖੂੰਹਦ ਜਮੀਨ ਵਿਚ ਮਿਲਾ ਕੇ ਖਾਦ ਦਾ ਕੰਮ ਲਿਆ ਜਾ ਸਕਦਾ ਹੈ।
ਇਸ ਮੌਕੇ ਡਿਪਟੀ ਪ੍ਰੋਜੈਕਟ ਡਾਇਰੈਕਟਰ ਆਤਮਾ ਪ੍ਰਭਮਨਿੰਦਰ ਕੌਰ, ਐਕਸ਼ੀਅਨ ਪੰਜਾਬ ਪ੍ਰਦੂਸਣ ਕੰਟਰੋਲ ਬੋਰਡ ਲਵਲੀਨ ਦੂਬੇ, ਖੇਤੀਬਾੜੀ ਅਫਸਰ ਖਰੜ ਪਰਦੀਪ ਸ਼ਰਮਾ, ਸੰਦੀਪ ਬਹਿਲ, ਮਹਿੰਦਰਾ ਐਂਡ ਮਹਿੰਦਰਾ ਦੇ ਸੀ.ਈ.ਓ. ਵੀਰੇਨ ਪੋਪਲੀ, ਵਾਇਸ ਪਰੈਜੀਡੈਂਟ ਪਰਮੋਦ ਲਾਂਬਾ ਅਤੇ ਬਲਬੀਰ ਸਿੰਘ ਸਿੱਧੂ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲ ੀਕਲਾਂ, ਸਰਪੰਚ ਕੁਰੜੀ ਸ. ਛੱਜਾ ਸਿੰਘ, ਸਾਬਕਾ ਸਰਪੰਚ ਕੁਰੜਾ ਸ. ਦਵਿੰਦਰ ਸਿੰਘ, ਸ੍ਰੀ ਮੋਹਣ ਸਿੰਘ ਬਠਲਾਣਾ, ਸ੍ਰੀ ਜਰਨੈਲ ਸਿੰਘ ਕੁਰੜਾ, ਸ੍ਰੀ ਪਰਮਜੀਤ ਸਿੰਘ ਕੁਰੜਾ, ਸ੍ਰੀ ਗੁਰਦੇਵ ਸਿੰਘ, ਸ੍ਰੀ ਭਜਨ ਸਿੰਘ, ਸਰਪੰਚ ਮਾਣਕਪੁਰ ਕਲੱਰ ਸ. ਕਰਮ ਸਿੰਘ, ਸਰਪੰਚ ਸੇਖਨਮਾਜਰਾ ਜਸਬੀਰ ਸਿੰਘ, ਸ. ਪ੍ਰੀਤਮ ਸਿੰਘ ਸੇਖਨਮਾਜਰਾ, ਸ. ਜਤਿੰਦਜ ਸਿੰਘ, ਸ. ਲਾਭ ਸਿੰਘ , ਕੈਪਟਨ ਪਰੇਮ ਸਿੰਘ, ਚੌਧਰੀ ਹਰੀਪਾਲ ਸਿੰਘ ਚੌਲਟਾਕਲਾਂ, ਰਣਜੀਤ ਸਿੰਘ ਜਗਤਪੁਰਾ, ਸ੍ਰੀ ਪਾਲੀ ਸੇਖਨਮਾਜਰਾ, ਸਵਰਨ ਸਿੰਘ ਸਮੇਤ ਪਿੰਡ ਦੇ ਵਸਨੀਕ ਅਤੇ ਇਲਾਕੇ ਦੇ ਹੋਰ ਪੱਤਵੰਤੇ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…