ਡੇਂਗੂ ਤੇ ਮਲੇਰੀਆ ਮੱਛਰ ਦੀ ਰੋਕਥਾਮ ਲਈ 32 ਪਿੰਡਾਂ ਦੇ 51 ਛੱਪੜਾਂ ਵਿੱਚ ਗੰਬੂਜੀਆਂ ਮੱਛੀਆਂ ਛੱਡੀਆਂ

ਪਿੰਡ ਬਹਿਲੋਲਪੁਰ ਵਿੱਚ ਕਰਵਾਈ ਗਈ ਸਪੈਸ਼ਲ ਫੌਗਿੰਗ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 23 ਅਕਤੂਬਰ:
ਡੇਂਗੂ ਅਤੇ ਮਲੇਰੀਆ ਦੇ ਵਧ ਰਹੇ ਕੇਸਾਂ ਨੂੰ ਠੱਲ੍ਹ ਪਾਉਣ ਲਈ ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਦੇ ਇਲਾਕੇ ਵਿੱਚ 32 ਪਿੰਡਾਂ ਦੇ 51 ਛੱਪੜਾਂ ਵਿਚ ਗੰਬੂਜੀਆਂ ਮੱਛੀਆਂ ਛੱਡੀਆਂ ਗਈਆਂ ਹਨ ਜਿਹੜੀਆਂ ਕਿ ਮੱਛਰ ਦੇ ਲਾਰਵੇ ਨੂੰ ਖਾਂਦੀਆਂ ਹਨ। ਜਿਸ ਨਾਲ ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਦਲੇਰ ਸਿੰਘ ਮੁਲਤਾਨੀ ਨੇ ਦੱਸਿਆ ਕਿ ਬੂਥਗੜ੍ਹ ਦੇ ਇਲਾਕੇ ਵਿਚ ਆਉਂਦੇ ਵੱਖ ਵੱਖ ਪਿੰਡਾਂ ਵਿਚ ਡੇਂਗੂ ਅਤੇ ਮਲੇਰੀਏ ਤੋਂ ਬਚਾਅ ਲਈ ਲੋਕਾਂ ਨੂੰ ਵਿਸੇਸ਼ ਤੌਰ ਤੇ ਸਫਾਈ ਰੱਖਣ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ।
ਡਾ. ਮੁਲਤਾਨੀ ਨੇ ਦੱਸਿਆ ਕਿ ਡੇਂਗੂ ਬੁਖਾਰ ਫੈਲਾਉਣ ਵਾਲਾ ਮੱਛਰ ਸਾਫ ਪਾਣੀ ਵਿਚ ਬੈਠਦਾ ਹੈ ਅਤੇ ਇਹ ਦਿਨ ਵੇਲੇ ਹੀ ਕੱਟਦਾ ਹੈ। ਡੇਂਗੂ ਹੋਣ ਨਾਲ ਸਿਰ ਦਰਦ, ਬੁਖਾਰ, ਉਲਟੀਆਂ ਆਦਿ ਤੋਂ ਇਲਾਵਾ ਖੂਨ ਵਿਚ ਪਲੇਟਲੈਟ ਘਟ ਜਾਂਦੇ ਹਨ ਜਿਸ ਨਾਲ ਗੰਭੀਰ ਬਿਮਾਰੀ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਤਰ੍ਹਾਂ ਦਾ ਬੁਖਾਰ ਆਉਣ ਤੇ ਨੇੜਲੇ ਸਰਕਾਰੀ ਹਸਪਤਾਲ ਵਿਚ ਖੂਨ ਦੀ ਜਾਂਚ ਜਰੂਰ ਕਰਾਉਣੀ ਚਾਹੀਦੀ ਹੈ। ਡਾ: ਮੁਲਤਾਨੀ ਨੇ ਦੱਸਿਆ ਕਿ ਪਿੰਡ ਬਹਿਲੋਲਪੁਰ ਵਿਚ ਡੇਂਗੁ ਦੇ ਪੰਜ ਕੇਸ ਸਾਹਮਣੇ ਆਏ ਹਨ ਅਤੇ ਪਿੰਡ ਵਿਚ ਡੇਂਗੁ ਅਤੇ ਮਲੇਰੀਏ ਤੋਂ ਬਚਾਅ ਲਈ ਵਿਸੇਸ਼ ਪ੍ਰਬੰਧ ਕੀਤੇ ਗਏ ਹਨ ਤੇ ਪਿੰਡ ਵਿਚ ਫੌਗਿੰਗ ਵੀ ਕਰਵਾਈ ਗਈ ਹੈ। ਉਨ੍ਰਾਂ ਦੱਸਿਆ ਕਿ ਪੋਲਟਰੀ ਫਾਰਮ ਵਾਲਿਆਂ ਵੱਲੋਂ ਫੌਗਿੰਗ ਮਸ਼ੀਨ ਦਾਨ ਵਿਚ ਦਿੱਤੀ ਗਈ ਹੈ ਜਿਸ ਨਾਲ ਪਿੰਡ ’ਚ ਫੌਗਿੰਗ ਕਰਵਾਈ ਗਈ। ਉਨ੍ਰਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕੂਲਰਾਂ ਅਤੇ ਗਮਲਿਆਂ ਵਿਚ ਜਿਆਦਾ ਦੇਰ ਪਾਣੀ ਨਾ ਖੜ੍ਹਾ ਹੋਣ ਦੇਣ ਜਿਸ ਨਾਲ ਡੇਂਗੂ ਵਾਲਾ ਮੱਛਰ ਪੈਦਾ ਹੁੰਦਾ ਹੈ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …