Share on Facebook Share on Twitter Share on Google+ Share on Pinterest Share on Linkedin ਕੈਪਟਨ ਅਮਰਿੰਦਰ ਸਿੰਘ ਵੱਲੋਂ ਜਗਮੀਤ ਸਿੰਘ ਦੀ ਪੰਜਾਬ ਲਈ ‘ਸਵੈ-ਨਿਰਣੇ’ ਦੀ ਟਿੱਪਣੀ ਦੀ ਸਖ਼ਤ ਅਲੋਚਨਾ ਅਜਿਹੀਆਂ ਫੁੱਟਪਾਊ ਤਾਕਤਾਂ ਨੂੰ ਕੈਨੇਡਾ ਦੀ ਧਰਤੀ ਦੀ ਵਰਤੋਂ ਕਰਨ ਦੀ ਇਜਾਜ਼ਤ ਨਾ ਦੇਵੇ ਕੈਨੇਡਾ ਸਰਕਾਰ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 23 ਅਕਤੂਬਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਲਈ ‘ਸਵੈ-ਨਿਰਣੇ’ ਬਾਰੇ ਕੈਨੇਡਾ ਦੇ ਐਨ.ਡੀ.ਪੀ. ਨੇਤਾ ਜਗਮੀਤ ਸਿੰਘ ਦੀ ਟਿੱਪਣੀ ਦੀ ਨਿਖੇਧੀ ਕਰਦਿਆਂ ਆਖਿਆ ਕਿ ਉਹ ਭਾਰਤ ਦੀਆਂ ਜ਼ਮੀਨੀ ਹਕੀਕਤਾਂ ਤੋਂ ਪੂਰੀ ਤਰ੍ਹਾਂ ਅਣਭਿੱਜ ਹੈ ਜਿੱਥੇ ਸਿੱਖਾਂ ਨੇ ਹਰੇਕ ਖੇਤਰ ਵਿੱਚ ਆਪਣੀਆਂ ਸ਼ਾਨਦਾਰ ਪ੍ਰਾਪਤੀਆਂ ਸਦਕਾ ਮਾਣ-ਸਨਮਾਨ ਹਾਸਲ ਕੀਤਾ ਹੈ। ਜਗਮੀਤ ਸਿੰਘ ’ਤੇ ਗਲਤ ਅਤੇ ਟਕਰਾਅਪੂਰਨ ਟਿੱਪਣੀਆਂ ਨਾਲ ਬਿਖੇੜਾ ਖੜ੍ਹਾ ਕਰਕੇ ਪੰਜਾਬ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ ਕਰਨ ਦਾ ਦੋਸ਼ ਲਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੈਨੇਡੀਅਨ ਅਥਾਰਟੀ ਨੂੰ ਅਜਿਹੇ ਫੁੱਟਪਾਊ ਤੱਤਾਂ ਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ ਜੋ ਭਾਰਤ ਵਿੱਚ ਅਣਬਣ ਪੈਦਾ ਕਰਨ ਲਈ ਉਸ ਦੀ ਧਰਤੀ ਨੂੰ ਵਰਤ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਗਮੀਤ ਸਿੰਘ ਵੱਲੋਂ ਪੰਜਾਬ, ਕੈਟਾਲੋਨੀਆ ਜਾਂ ਕਿਊਬਕ ਵਰਗੀਆਂ ਥਾਵਾਂ ਵਿੱਚ ਸਵੈ-ਨਿਰਣੇ ਨੂੰ ‘ਬੁਨਿਆਦੀ ਹੱਕ’ ਦੱਸਣ ਬਾਰੇ ਦਿੱਤਾ ਬਿਆਨ ਸਿੱਧੇ ਤੌਰ ’ਤੇ ਪੰਜਾਬ ਵਿੱਚ ਹਿੰਸਾ ਫੈਲਾਉਣ ਦਾ ਇਰਾਦਾ ਜ਼ਾਹਰ ਕਰਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸੇ ਵੀ ਕੀਮਤ ’ਤੇ ਅਜਿਹੀ ਕਿਸੇ ਕੋਸ਼ਿਸ਼ ਨੂੰ ਸਫਲ ਨਹੀਂ ਦੇਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਵੇਲੇ ਪੰਜਾਬ ਵਿਆਪਕ ਵਿਕਾਸ ਤੇ ਮੁੜ ਪੈਰਾਂ ’ਤੇ ਖੜ੍ਹਣ ਲਈ ਸਿਰਤੋੜ ਕੋਸ਼ਿਸ਼ਾਂ ਕਰ ਰਿਹਾ ਹੈ ਤਾਂ ਜਗਮੀਤ ਸਿੰਘ ਸਿੱਖ ਭਾਈਚਾਰੇ ਨੂੰ ਨਾਂਹ-ਪੱਖੀ ਸੋਚ ਨਾਲ ਬੰਨ੍ਹਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਐਨ.ਡੀ.ਪੀ. ਦਾ ਨਵ-ਨਿਯੁਕਤ ਲੀਡਰ ਆਪਣੇ ਇਨ੍ਹਾਂ ਨਾਪਾਕ ਇਰਾਦਿਆਂ ਵਿੱਚ ਕਦੇ ਵੀ ਸਫਲ ਨਹੀਂ ਹੋਵੇਗਾ ਕਿਉਂਕਿ ਪੰਜਾਬ ਦੇ ਲੋਕ ਅਮਨ-ਸ਼ਾਂਤੀ ਅਤੇ ਸਥਿਰਤਾ ਨਾਲ ਰਹਿਣਾ ਚਾਹੁੰਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਭਾਈਚਾਰੇ ਵੱਲੋਂ ਆਲਮੀ ਪੱਧਰ ’ਤੇ ਪਾਏ ਯੋਗਦਾਨ ਉਪਰ ਫਖ਼ਰ ਕਰਦਿਆਂ ਆਖਿਆ ਕਿ ਸਿੱਖਾਂ ਨੂੰ ਉਨ੍ਹਾਂ ਦੀਆਂ ਵਿਲੱਖਣ ਪ੍ਰਾਪਤੀਆਂ ਕਰਕੇ ਜਾਣਿਆ ਜਾਂਦਾ ਹੈ ਅਤੇ ਇਨ੍ਹਾਂ ਨੇ ਨਾ ਸਿਰਫ ਭਾਰਤ ਵਿੱਚ ਸਗੋਂ ਜਿਸ ਵੀ ਮੁਲਕ ਵਿੱਚ ਵਸਦੇ ਹਨ, ਉਥੇ ਆਪਣੇ ਨਿਵੇਕਲੇ ਯੋਗਦਾਨ ਸਦਕਾ ਸ਼ਲਾਘਾ ਖੱਟੀ ਹੈ। ਉਨ੍ਹਾਂ ਕਿਹਾ ਕਿ ਕੁਝ ਮੁੱਠੀ ਭਰ ਫੁੱਟਪਾਊ ਤਾਕਤਾਂ ਸਿੱਖਾਂ ਵੱਲੋਂ ਮਾਰੀਆਂ ਮੱਲਾਂ ਦੀ ਅਹਿਮੀਅਤ ਨੂੰ ਘਟਾ ਨਹੀਂ ਸਕਦੀਆਂ। ਸਿੱਖਜ਼ ਫਾਰ ਜਸਟਿਸ ਵੱਲੋਂ ਹਾਲ ਹੀ ਵਿੱਚ ‘ਖਾਲਿਸਤਾਨ 2020 ਰੈਫਰੈਂਡਮ’ ਰਾਹੀਂ ਪੰਜਾਬ ਵਿੱਚ ਬੇਚੈਨੀ ਪੈਦਾ ਕਰਨ ਲਈ ਚੱਲੀ ਚਾਲ ’ਚ ਬੁਰੀ ਤਰ੍ਹਾਂ ਨਾਕਾਮ ਰਹਿਣ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਗਮੀਤ ਸਿੰਘ ਨੇ ਵੀ ਇਸੇ ਤਰ੍ਹਾਂ ਆਪਣੇ ਬਿਆਨ ਵਿੱਚ ‘ਸਵੈ-ਨਿਰਣੇ’ ਦੀ ਗੱਲ ਆਖੀ ਹੈ। ਮੁੱਖ ਮੰਤਰੀ ਨੇ ਕਿਾ ਕਿ ਐਨ.ਡੀ.ਪੀ. ਦੇ ਆਗੂ ਨੂੰ ਵੀ ਇਸ ਵਿੱਚ ਸਫਲਤਾ ਨਹੀਂ ਮਿਲਣ ਵਾਲੀ। ਮੁੱਖ ਮੰਤਰੀ ਨੇ ਕਿਹਾ ਕਿ ਜਗਮੀਤ ਦੀ ਪੰਜਾਬ ਵਿਰੋਧੀ ਟਿੱਪਣੀ ਭਾਰਤ ਵਿਰੋਧੀ ਸਾਜ਼ਿਸ਼ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਕੈਨੇਡੀਅਨ ਸਰਕਾਰ ਇਸ ਸਬੰਧ ਵਿੱਚ ਢੁਕਵਾਂ ਕਦਮ ਚੁੱਕੇਗੀ। ਉਨ੍ਹਾਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੂੰ ਆਪਣੇ ਮੁਲਕ ਦੀ ਸਰਜ਼ਮੀਨ ਨੂੰ ਭਾਰਤ ਦੀ ਏਕਤਾ ਤੇ ਅਖੰਡਤਾ ’ਤੇ ਅਜਿਹੇ ਕਪਟੀ ਹਮਲਿਆਂ ਲਈ ਨਾ ਵਰਤਣ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ