ਸਿਹਤ ਵਿਭਾਗ ਪੰਜਾਬ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ: ਬ੍ਰਹਮ ਮਹਿੰਦਰਾ

ਰਾਜ ਵਿੱਚ ਸਿਹਤ ਸੰਸਥਾਵਾਂ ਵਿੱਚ ਡਾਕਟਰਾਂ ਤੇ ਹੋਰ ਅਮਲੇ ਦੀ ਘਾਟ ਨੂੰ ਪੂਰਾ ਕਰਨ ਲਈ ਨਵੀਂ ਭਰਤੀ ਕੀਤੀ ਜਾਵੇਗੀ:

ਸਿਹਤ ਮੰਤਰੀ ਵੱਲੋਂ ਗੁਰਦੁਆਰਾ ਬੀਬੀ ਭਾਨੀ ਵਿੱਚ ਕੈਂਸਰ ਜਾਂਚ ਕੈਂਪ ਦਾ ਉਦਘਾਟਨ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਅਕਤੂਬਰ:
ਸਿਹਤ ਵਿਭਾਗ ਪੰਜਾਬ ਦੇ ਲੋਕਾਂ ਨੁੰ ਬਿਹਤ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ ਅਤੇ ਰਾਜ ਵਿੱਚ ਸਿਹਤ ਸੰਸਥਾਵਾਂ ਵਿਚ ਡਾਕਟਰਾਂ ਅਤੇ ਹੋਰ ਅਮਲੇ ਦੀ ਘਾਟ ਨੂੰ ਪੂਰਾ ਕਰਨ ਲਈ ਨਵੀਂ ਭਰਤੀ ਕੀਤੀ ਜਾਵੇਗੀ। ਇਸ ਗੱਲ ਦੀ ਜਾਣਕਾਰੀ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਐਸ.ਏ.ਐਸ. ਨਗਰ ਦੇ ਫੇਜ਼-7 ਵਿੱਚ ਸਥਿਤ ਗੁਰਦੁਆਰਾ ਬੀਬੀ ਭਾਨੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ। ਉਹ ਅੱਜ ਇੱਥੇ ਅੰਮ੍ਰਿਤ ਕੈਂਸਰ ਫਾਊਂਡੇਸ਼ਨ ਚੰਡੀਗੜ੍ਹ ਵੱਲੋਂ ਵਰਲਡ ਕੈਂਸਰ ਕੇਅਰ ਸੁਸਾਇਟੀ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਆਯੋਜਿਤ ਇੱਕ ਕੈਂਸਰ ਜਾਂਚ ਕੈਂਪ ਦਾ ਰਸਮੀ ਉਦਘਾਟਨ ਕਰਨ ਲਈ ਪੁੱਜੇ ਹੋਏ ਸਨ।
ਸਿਹਤ ਮੰਤਰੀ ਨੇ ਇਸ ਮੌਕੇ ਕੈਂਸਰ ਜਾਂਚ ਕੈਂਪ ਦੇ ਪ੍ਰਬੰਧਕਾਂ ਦੀ ਤਾਰੀਫ ਕਰਦਿਆਂ ਕਿਹਾ ਕਿ ਇਹ ਇੱਕ ਵਧੀਆ ਉਪਰਾਲਾ ਹੈ ਅਤੇ ਸਰਕਾਰ ਵੱਲੋਂ ਕੈਂਸਰ ਜਾਗਰੂਕਤਾ ਅਤੇ ਜਾਂਚ ਦੇ ਕੰਮ ਵਿੱਚ ਸਹਿਯੋਗ ਦੇਣ ਵਾਲੀਆਂ ਸੰਸਥਾਵਾਂ ਦੀ ਬਣਦੀ ਮਦਦ ਕੀਤੀ ਜਾਵੇਗ ਅਤੇ ਕੈਂਸਰ ਨੁੰ ਕਾਬੂ ਕਰਨ ਲਈ ਅਜਿਹੇ ਕੈਂਪ ਕਾਫੀ ਹੱਦ ਤੱਕ ਸਹਾਈ ਸਾਬਿਤ ਹੋ ਸਕਦੇ ਹਨ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਪੰਜਾਬ ਵਿੱਚ ਬਠਿੰਡਾ ਵਿਖੇ ਅਡਵਾਂਸ ਕੈਂਸਰ ਕੇਅਰ ਸੈਂਟਰ ਵੀ ਸਥਾਪਿਤ ਕੀਤਾ ਗਿਆ ਹੈ ਅਤੇ ਇਹਨਾਂ ਸੰਸਥਾਵਾਂ ਨੂੰ ਵੀ ਚਾਹੀਦਾ ਹੈ ਕਿ ਉਹ ਸ਼ਹਿਰਾਂ ਦੇ ਨਾਲ ਨਾਲ ਅੰਦਰੂਨੀ ਖੇਤਰਾਂ (ਖਾਸ ਕਰ ਮਾਲਵਾ ਪੱਟੀ ਜਿੱਥੇ ਇਸ ਬਿਮਾਰੀ ਦਾ ਕਰੋਪ ਵੱਧ ਹੈ) ਵਿੱਚ ਅਜਿਹੇ ਵੱਧ ਤੋਂ ਵੱਧ ਕੈਂਪ ਆਯੋਜਿਤ ਕਰਨੇ ਚਾਹੀਦੇ ਹਨ।
ਸਿਹਤ ਵਿਭਾਗ ਵਿੱਚ ਚਲ ਰਹੀ ਡਾਕਟਰਾਂ ਦੀ ਘਾਟ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਡਾਕਟਰਾਂ ਦੀ ਭਰਤੀ ਨਾ ਕੀਤੇ ਜਾਣ ਕਾਰਨ ਇਹ ਸਮੱਸਿਆ ਆਈ ਹੈ ਅਤੇ ਹੁਣ ਕਾਂਗਰਸ ਸਰਕਾਰ ਵੱਲੋਂ ਡਾਕਟਰਾਂ ਅਤੇ ਹੋਰ ਸਟਾਫ ਦੀ ਭਰਤੀ ਲਈ ਕਾਰਵਾਈ ਆਰੰਭ ਕੀਤੀ ਗਈ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਪੇਂਡੂ ਖੇਤਰਾਂ ਦੇ ਡਾਕਟਰਾਂ ਦਾ ਸਿਹਤ ਵਿਭਾਗ ਵਿੱਚ ਮਰਜਰ ਕੀਤਾ ਜਾਵੇ ਅਤੇ ਅਜਿਹਾ ਕਰਨ ਨਾਲ ਸਿਹਤ ਵਿਭਾਗ ਕੋਲ 800 ਹੋਰ ਡਾਕਟਰ ਉਪਲਬਧ ਹੋ ਜਾਣਗੇ। ਜਿਹਨਾਂ ਨੂੰ ਵੱਖ ਵੱਖ ਡਿਸਪੈਂਸਰੀਆਂ ਵਿੱਚ ਤੈਨਾਤ ਕੀਤਾ ਜਾ ਸਕੇਗਾ। ਪੰਜਾਬ ਵਿੱਚ ਡੇਂਗੂ ਦੇ ਵੱਧਦੇ ਕਰੋਪ ਅਤੇ ਇਸ ਤੇ ਕਾਬੂ ਕਰਨ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਮੰਤਰੀ ਨੇ ਕਿਹਾ ਕਿ ਡੇਂਗੂ ਤੇ ਰੋਕਥਾਮ ਲਈ ਸਿਹਤ ਵਿਭਾਗ ਹੀ ਕਾਰਵਾਈ ਨਹੀਂ ਕਰਦਾ ਸਗੋ ਇਸ ਕੰਮ ਲਈ ਵੱਖ ਵੱਖ ਵਿਭਾਗਾਂ ਰਾਂਹੀ ਆਪਸੀ ਤਾਲਮੇਲ ਨਾਲ ਕੰਮ ਕੀਤਾ ਜਾਦਾਂ ਹੈ।
ਉਹਨਾਂ ਕਿਹਾ ਕਿ ਮੱਛਰਾਂ ਤੇ ਕਾਬੂ ਕਰਨਾ ਹੀ ਇਸਦਾ ਇੱਕੋ ਇੱਕ ਉਪਾਅ ਹੈ ਅਤੇ ਇਸ ਵਿੱਚ ਸਿਹਤ ਵਿਭਾਗ ਨਾਲੋਂ ਹੋਰਨਾਂ ਵਿਭਾਗਾਂ ਦੀ ਭੂਮਿਕਾ ਵੱਧ ਹੈ। ਉਹਨਾਂ ਕਿਹਾ ਕਿ ਭਾਵੇਂ ਇਸ ਵਾਰ ਅਸੀਂ ਡੇਂਗੂ ਦੀ ਬਿਮਾਰੀ ਤੇ ਕਾਬੂ ਕਰਨ ਵਿੱਚ ਪੂਰੀ ਤਰ੍ਹਾਂ ਕਾਮਯਾਬ ਨਹੀਂ ਰਹੇ ਪ੍ਰੰਤੂ ਸਿਹਤ ਵਿਭਾਗ ਵੱਲੋਂ ਡੇਂਗੂ ਦੇ ਮਰੀਜਾਂ ਦੇ ਇਲਾਜ ਵਿੱਚ ਕੋਈ ਕਸਰ ਨਹੀਂ ਰਹਿਣ ਦਿੱਤੀ ਗਈ ਅਤੇ ਬਿਮਾਰੀ ਦੇ ਅਸਰ ਨੂੰ ਕਾਬੂ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਸਪਤਾਲਾਂ ਵਿੱਚ ਦਵਾਈਆ ਸਬੰਧੀ ਪੁੱਛੇ ਸਵਾਲ ਦੇ ਜਾਵਬ ਵਿੱਚ ਉਨ੍ਹਾਂ ਕਿਹਾ ਕਿ ਹਸਪਤਾਲਾਂ ਅਤੇ ਸਿਹਤ ਸੰਸਥਾਵਾਂ ਵਿਚ ਦਵਾਈਆਂ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਡੇਂਗੂ ਦੇ ਟੈਸਟ ਲਈ 07 ਹੋਰ ਨਵੀਂਆਂ ਲੈਬੋਰਾਟਰੀਆਂ ਖੋਲੀਆਂ ਗਈਆਂ ਹਨ।
ਇਸ ਮੌਕੇ ਬੋਲਦਿਆਂ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸ਼ਹਿਰਾਂ ਦੇ ਨਾਲ ਨਾਲ ਅਜਿਹੇ ਕੈਂਪ ਅੰਦਰੂਨੀ ਖੇਤਰਾਂ ਵਿੱਚ ਵੱਧ ਲਗਾਏ ਜਾਣੇ ਚਾਹੀਦੇ ਹਨ ਤਾਂ ਜੋ ਲੋੜਵੰਦਾਂ ਨੂੰ ਵੱਧ ਤੋਂ ਵੱਧ ਫਾਇਦਾ ਮਿਲੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੈਂਸਰ ਦੇ ਟੈਸਟ ਕਰਾਉਣ ਵਿਚ ਕਿਸੇ ਕਿਸਮ ਦੀ ਹਿਚਕਚਾਹਟ ਨਾ ਕਰਨ ਕਿਉਂਕਿ ਕੈਂਸਰ ਹੁਣ ਲਾਇਲਾਜ ਬਿਮਾਰੀ ਨਹੀਂ ਰਹੀ ਜੇਕਰ ਇਸਦਾ ਇਲਾਜ ਮੁੱਢ ਤੋਂ ਹੀ ਕਰਵਾਇਆ ਜਾਵੇ ਤਾਂ ਇਸਦਾ ਸੰਭਵ ਹੈ। ਉਨ੍ਹਾਂ ਲੋਕਾਂ ਨੁੰ ਅਜਿਹੇ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਆਖਿਆ।
ਇਸ ਤੋਂ ਪਹਿਲਾਂ ਅੰਮ੍ਰਿਤ ਕੈਂਸਰ ਫਾਊਂਡੇਸ਼ਨ ਚੰਡੀਗੜ੍ਹ ਦੇ ਪ੍ਰਧਾਨ ਸ੍ਰ ਹਰਜੀਤ ਸਿੰਘ ਸਭਰਵਾਲ ਨੇ ਮੰਤਰੀ ਦਾ ਇੱਥੇ ਪਹੁੰਚਣ ਤੇ ਸੁਆਗਤ ਕੀਤਾ। ਇਸ ਮੌਕੇ ਉਹਨਾਂ ਦੱਸਿਆ ਕਿ ਉਹਨਾਂ ਦੀ ਸੰਸਥਾ ਵੱਲੋਂ ਪਿਛਲੇ 7 ਸਾਲਾਂ ਤੋਂ ਕੈਂਸਰ ਦੀ ਜਾਗਰੂਕਤਾ ਜਾਂਚ ਅਤੇ ਇਲਾਜ ਵਿੱਚ ਮਦਦ ਕੀਤੀ ਜਾ ਰਹੀ ਹੈ ਅਤੇ ਫਾਊਂਡੇਸ਼ਨ ਵੱਲੋਂ ਅੱਜ ਅਜਿਹਾ 70 ਵਾਂ ਕੈਂਪ ਲਗਾਇਆ ਗਿਆ ਹੈ ਅਤੇ ਇਸ ਦੌਰਾਨ 11 ਹਜਾਰ ਤੋਂ ਵੱਧ ਮਰੀਜਾਂ ਦੀ ਜਾਂਚ ਕੀਤੀ ਗਈ ਹੈ। ਅੱਜ ਦੇ ਕੈਂਪ ਵਿੱਚ ਮੀਮੋਗ੍ਰਾਫੀ, ਪੈਪ ਸਮੀਅਰ, ਪੀ ਐਸ ਏ ਟੈਸਟ, ਬਲਡ ਕੈਂਸਰ ਅਤੇ ਓਰਲ ਕੈਂਸਰ ਦੀ ਜਾਂਚ ਦਾ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਦੱਸਿਆਂ ਕਿ ਸੰਸਥਾ ਵੱਲੋਂ ਭਲਕੇ ਸੈਕਟਰ 22 ਚੰਡੀਗੜ੍ਹ ਦੇ ਕਮਿਊਨਿਟੀ ਸੈਂਟਰ ਵਿੱਚ ਵੀ ਅਜਿਹਾ ਇੱਕ ਕੈਂਪ ਲਗਾਇਆ ਜਾ ਰਿਹਾ ਹੈ।
ਇਸ ਮੌਕੇ ਸਿਵਲ ਸਰਜਨ ਡਾ. ਰੀਟਾ ਭਰਦਵਾਜ, ਮਹਿੰਦਰ ਸਿੰਘ, ਵਿਧਾਇਕ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ, ਕਾਂਗਰਸੀ ਆਗੂ ਗੁਰਚਰਨ ਸਿੰਘ ਭੰਵਰਾ, ਗੁਰਦੁਆਰਾ ਸਾਚਾ ਧਨ ਫੇਜ਼-3ਬੀ1 ਦੇ ਪ੍ਰਧਾਨ ਪਰਮਜੀਤ ਸਿੰਘ ਗਿੱਲ, ਅੰਮ੍ਰਿਤ ਕੇਅਰ ਫਾਊਂਡੇਸ਼ਨ ਦੇ ਅਹੁਦੇਦਾਰ ਸ੍ਰ ਗੁਰਦੀਪ ਸਿੰਘ ਅਤੇ ਭੁਪਿੰਦਰ ਸਿੰਘ, ਗੁਰਦੁਆਰਾ ਬੀਬੀ ਭਾਨੀ ਦੇ ਚੇਅਰਮੈਨ ਮਨਜੀਤ ਸਿੰਘ, ਪ੍ਰਧਾਨ ਰਜਿੰਦਰ ਸਿੰਘ, ਮੀਤ ਪ੍ਰਧਾਨ ਸਿੰਘ, ਸੁਰਿੰਦਰ ਜੀਤ ਸਿੰਘ ਖਜਾਨਚੀ, ਉੱਤਮ ਸਿੰਘ, ਹਰਜਸਪਾਲ ਸਿੰਘ ਜੱਸੀ, ਦਰਸ਼ਨ ਸਿੰਘ ਅਤੇ ਹੋਰ ਮੈਂਬਰ ਹਾਜ਼ਿਰ ਸਨ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …