Share on Facebook Share on Twitter Share on Google+ Share on Pinterest Share on Linkedin ਮੁਹਾਲੀ ਪੁਲੀਸ ਵੱਲੋਂ ਪੱਤਰਕਾਰ ਤੇ ਬਜ਼ੁਰਗ ਮਾਂ ਦੇ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਉਣ ਦਾ ਦਾਅਵਾ, 1 ਭੱਈਆ ਗ੍ਰਿਫ਼ਤਾਰ ਮ੍ਰਿਤਕ ਪੱਤਰਕਾਰ ਦੀ ਕਾਰ ਸਮੇਤ ਚਾਕੂ, ਦੋ ਮੋਬਾਈਲ ਫੋਨ, ਏਟੀਐਮ ਕਾਰਡ, ਘੜੀ, ਡੀਵੀਡੀ ਪਲੇਅਰ, ਟੀਵੀ ਸੈਟਆਪ ਬਾਕਸ ਵੀ ਬਰਾਮਦ ਪੁਲੀਸ ਦਾ ਦਾਅਵਾ: ਮੁਲਜ਼ਮ ਨੇ ਨਿੱਜੀ ਰੰਜ਼ਿਸ਼ ਕਾਰਨ ਕੀਤਾ ਸੀ ਪੱਤਰਕਾਰ ਤੇ ਬਜ਼ੁਰਗ ਮਾਂ ਦਾ ਕਤਲ, ਪੁਲੀਸ ਕਾਰਵਾਈ ’ਤੇ ਉੱਠੇ ਸਵਾਲ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਕਤੂਬਰ: ਮੁਹਾਲੀ ਪੁਲੀਸ ਨੇ ਬੀਤੀ 22 ਅਤੇ 23 ਸਤੰਬਰ ਦੀ ਦਰਮਿਆਨੀ ਰਾਤ ਨੂੰ ਇੱਥੋਂ ਦੇ ਫੇਜ਼-3ਬੀ2 ਦੀ ਕੋਠੀ ਨੰਬਰ 1796 ਵਿੱਚ ਰਹਿੰਦੇ ਸੀਨੀਅਰ ਪੱਤਰਕਾਰ ਕੇਜੇ ਸਿੰਘ ਅਤੇ ਉਨ੍ਹਾਂ ਦੀ ਬਿਰਧ ਮਾਤਾ ਗੁਰਚਰਨ ਕੌਰ ਦੇ ਦੋਹਰੇ ਹੱਤਿਆ ਕਾਂਡ ਨੂੰ ਸੁਲਝਾਉਣ ਦਾ ਦਾਅਵਾ ਕਰਦਿਆਂ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਆਖੀ ਹੈ। ਪੁਲੀਸ ਨੇ ਮੁਲਜ਼ਮ ਕੋਲੋਂ ਮ੍ਰਿਤਕ ਪੱਤਰਕਾਰ ਦੀ ਚੋਰੀ ਹੋਈ ਫੋਰਡ ਆਈਕੌਨ ਕਾਰ ਅਤੇ ਮੁਲਜ਼ਮ ਦੇ ਕਿਰਾਏ ਦੇ ਮਕਾਨ ’ਚੋਂ ਚਾਕੂ, ਦੋ ਮੋਬਾਈਲ, ਏਟੀਐਮ ਕਾਰਡ, ਇੱਕ ਘੜੀ, ਡੀਵੀਡੀ ਪਲੇਅਰ, ਟੀਵੀ ਸੈਟਆਪ ਬਾਕਸ ਵੀ ਬਰਾਮਦ ਕੀਤਾ ਹੈ। ਅੱਜ ਇੱਥੇ ਜ਼ਿਲ੍ਹਾ ਪੁਲੀਸ ਹੈੱਡਕਵਾਟਰ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪੁਲੀਸ ਮੁਖੀ ਸ੍ਰੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਮੁਲਜ਼ਮ ਨੇ ਕਤਲ ਦੀ ਇਸ ਵਾਰਦਾਤ ਨੂੰ ਨਿੱਜੀ ਰੰਜਿਸ਼ ਦੇ ਚਲਦਿਆਂ ਅੰਜਾਮ ਦਿੱਤਾ ਸੀ। ਪੁਲੀਸ ਦਾ ਕਹਿਣਾ ਹੈ ਕਿ ਮੁਲਜਮ ਨੇ ਪੁੱਛਗਿਛ ਦੌਰਾਨ ਕਤਲ ਦੀ ਗੱਲ ਕਬੂਲ ਕਰਦਿਆਂ ਕਿਹਾ ਹੈ ਕਿ ਵਾਰਦਾਤ ਵਾਲੇ ਦਿਨ ਜਦੋੱ ਉਹ ਮ੍ਰਿਤਕ ਦੀ ਕੋਠੀ ਦੇ ਨਾਲ ਲੱਗਦੇ ਪਾਰਕ ਵਿੱਚ ਬੈਠਾ ਸੀ ਉਸ ਵੇਲੇ ਕੇ ਜੇ ਸਿੰਘ ਨੇ ਉਸ ਦੇ ਬਿਨਾਂ ਵਜ੍ਹਾ ਪਾਰਕ ਵਿੱਚ ਬੈਠੇ ਹੋਣ ਕਾਰਨ ਤਕਰਾਰ ਕੀਤਾ ਸੀ ਅਤੇ ਉਸ ਦੇ ਚਪੇੜਾਂ ਮਾਰੀਆਂ ਸੀ ਜਿਸ ਦੀ ਰੰਜਿਸ਼ ਕਾਰਨ ਉਸ ਨੇ ਰਾਤ ਨੂੰ ਉਕਤ ਵਾਰਦਾਤ ਨੂੰ ਅੰਜਾਮ ਦਿੱਤਾ। ਸ੍ਰੀ ਚਾਹਲ ਨੇ ਦਾਅਵਾ ਕੀਤਾ ਕਿ ਪੁਲੀਸ ਨੂੰ ਇਤਲਾਹ ਮਿਲੀ ਸੀ ਕਿ ਮੁਹਾਲੀ ਇਲਾਕੇ ਵਿੱਚ ਬੋਟਲ ਗ੍ਰੀਨ ਫੋਰਡ ਆਈਕਾਨ ਕਾਰ ਸ਼ੱਕੀ ਹਾਲਤ ਵਿੱਚ ਘੁੰਮ ਰਹੀ ਹੈ, ਜਿਸ ਦਾ ਨੰਬਰ ਪੀਬੀ 65 ਏ 0164 ਲੱਗਿਆ ਹੋਇਆ ਹੈ। ਇਸ ਕਾਰ ਨੂੰ ਕਾਬੂ ਕਰਨ ਲਈ ਸਾਰੀਆਂ ਪੀਸੀਆਰ ਟੀਮਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਸਨ। ਇਸ ਦੌਰਾਨ ਪੀ ਸੀ ਆਰ ਦੇ ਇੰਚਾਰਜ ਐਸ ਆਈ ਅਜੈ ਪਾਠਕ ਦੀ ਮਦਦ ਨਾਲ ਸਿਪਾਹੀ ਪਰਮਿੰਦਰ ਸਿੰਘ ਅਤੇ ਸਿਪਾਹੀ ਰਣਜੀਤ ਸਿੰਘ ਵੱਲੋਂ ਇਸ ਕਾਰ ਨੂੰ ਏਅਰਪੋਰਟ ਰੋਡ ਨੇੜੇ ਹੋਮ ਲੈਂਡ ਲਾਈਟਾਂ ਸੋਹਾਣਾ ਨੇੜੇ ਰੋਕਿਆ। ਮੌਕੇ ਉੱਪਰ ਥਾਣਾ ਮਟੌਰ ਦੇ ਐਸਐਚਓ ਜਰਨੈਲ ਸਿੰਘ ਵੀ ਪਹੁੰਚ ਗਏ। ਇਸ ਕਾਰ ਦੀ ਤਲਾਸ਼ੀ ਦੌਰਾਨ ਕਾਰ ਵਿੱਚੋੱ ਇੱਕ ਸਰਵਿਸ ਸਲਿਪ ਮਿਲੀ ਜਿਸ ਉੱਪਰ ਕੇ ਜੇ ਸਿੰਘ ਦਾ ਨਾਮ ਲਿਖਿਆ ਹੋਇਆ ਸੀ। ਇਸੇ ਦੌਰਾਨ ਪੁਲੀਸ ਨੇ ਕਾਰ ਦੇ ਇੰਜਣ ਤੇ ਚੈਸੀ ਨੰਬਰ ਦੀ ਵੀ ਜਾਂਚ ਕੀਤੀ ਜੋ ਕਿ ਪੱਤਰਕਾਰ ਕੇ ਜੇ ਸਿੰਘ ਕਾਰ ਵਾਲੇ ਹੀ ਸਨ। ਉਹਨਾਂ ਦੱਸਿਆ ਕਿ ਜਦੋਂ ਕਾਰ ਚਾਲਕ ਗੌਰਵ ਕੁਮਾਰ ਵਸਨੀਕ ਕਜਹੇੜੀ ਨੂੰ ਕਾਬੂ ਕਰਕੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ, ਮੁਲਜ਼ਮ ਦੇ ਕਿਰਾਏ ਤੇ ਲਏ ਕਮਰੇ ਦੀ ਤਲਾਸ਼ੀ ਲੈਣ ਉਪਰੰਤ ਉੱਥੋੱ ਕਤਲ ਲਈ ਵਰਤਿਆ ਚਾਕੂ, ਮ੍ਰਿਤਕਾਂ ਦੇ ਦੋ ਮੋਬਾਈਲ ਫੋਨ, 3 ਏਟੀਐਮ ਕਾਰਡ, ਇੱਕ ਘੜੀ, ਡੀਵੀਡੀ ਪਲੇਅਰ, ਏਅਰਟੈਲ ਕੰਪਨੀ ਦਾ ਟੀ ਵੀ ਸੈਟਆਪ ਬਾਕਸ, ਇੱਕ ਟੈਲੀ ਫਲੈਸ਼ ਬਰਾਮਦ ਕੀਤੇ ਗਏ। ਜਦੋਂ ਐਸਐਸਪੀ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਮ੍ਰਿਤਕ ਕੇ ਜੇ ਸਿੰਘ ਬਿਨਾ ਜਾਨ ਪਹਿਚਾਣ ਤੋੱ ਕਿਸੇ ਨੂੰ ਆਪਣੇ ਘਰ ਦਾ ਦਰਵਾਜਾ ਨਹੀਂ ਖੋਲਦੇ ਸੀ ਤਾਂ ਇਸ ਮੁਲਜ਼ਮ ਨੂੰ ਕਿਵੇਂ ਖੋਲ੍ਹ ਦਿੱਤਾ ਤਾਂ ਐਸਐਸਪੀ ਨੇ ਕਿਹਾ ਕਿ ਮੁਲਜ਼ਮ ਵੱਲੋਂ ਘਰ ਦੀ ਘੰਟੀ ਵਜਾਉਣ ’ਤੇ ਮ੍ਰਿਤਕ ਕੇਜੇ ਸਿੰਘ ਨੇ ਘਰ ਦਾ ਦਰਵਾਜਾ ਥੋੜਾ ਜਿਹਾ ਹੀ ਖੋਲ੍ਹਿਆ ਸੀ ਪਰ ਮੁਲਜ਼ਮ ਨੇ ਧੱਕਾ ਮਾਰ ਕੇ ਅੰਦਰ ਦਾਖ਼ਲ ਹੋਣ ਸਾਰ ਹੀ ਕੇਜੇ ਸਿੰਘ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ ਅਤੇ ਇਸੇ ਧੱਕੇ ਮੁੱਕੀ ਵਿੱਚ ਉਸ ਨੇ ਅੰਦਰ ਦਾਖ਼ਲ ਹੋ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਉਹਨਾਂ ਕਿਹਾ ਕਿ ਮੁਲਜਮ ਤੋੱ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਸਬੰਧੀ ਹੋਰ ਜਾਣਕਾਰੀ ਵੀ ਜਲਦੀ ਹੀ ਦੇ ਦਿਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸਥਾਨਕ ਫੇਜ਼ 3ਬੀ2 ਦੇ ਮਕਾਨ ਨੰਬਰ 1796 ਵਿੱਚ ਰਹਿੰਦੇ ਸਾਬਕਾ ਪੱਤਰਕਾਰ ਕੇ ਜੇ ਸਿੰਘ (65 ਸਾਲ) ਅਤੇ ਉਸਦੀ ਮਾਤਾ ਗੁਰਚਰਨ ਕੌਰ (92 ਸਾਲ) ਦਾ 22 ਤੇ 23 ਸਤੰਬਰ ਦੀ ਦਰਮਿਆਨੀ ਰਾਤ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਕਤਲ ਤੋਂ ਬਾਅਦ ਹਤਿਆਰੇ ਕੇ ਜੇ ਸਿੰਘ ਦੀ ਕਾਰ, ਉਸਦਾ ਤੇ ਉਸਦੀ ਮਾਤਾ ਦਾ ਮੋਬਾਈਲ ਫੋਨ, ਪਰਸ, ਏ ਟੀ ਐਮ ਕਾਰਡ, ਐਲ ਸੀ ਡੀ ਸਮੇਤ ਸੈਟਆਪ ਬਾਕਸ ਵੀ ਚੋਰੀ ਕਰਕੇ ਲੈ ਗਏ ਸਨ। ਉਧਰ, ਪੁਲੀਸ ਦੀ ਇਸ ਕਾਰਵਾਈ ’ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਆਖ਼ਰਕਾਰ ਕੋਈ ਮੁਲਜ਼ਮ ਦਾ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸ਼ਰ੍ਹੇਆਮ ਸ਼ਹਿਰ ਵਿੱਚ ਘੁੰਮਣਾ ਅਤੇ ਸਾਰੇ ਸਬੂਤ ਆਪਣੇ ਘਰ ਸੰਭਾਲ ਕੇ ਰੱਖਣਾ, ਕਿਵੇਂ ਸੰਭਵ ਹੋ ਸਕਦਾ ਹੈ, ਕਿਉਂਕਿ ਵਾਰਦਾਤ ਤੋਂ ਬਾਅਦ ਕੋਈ ਵੀ ਮੁਲਜ਼ਮ ਪਹਿਲਾਂ ਸਬੂਤ ਮਿਟਾਉਣ ਅਤੇ ਮੌਕੇ ਤੋਂ ਫਰਾਰ ਹੋਣ ਦੀ ਗੱਲ ਕਰਦਾ ਹੈ। ਜਦੋਂ ਐਸਐਸਪੀ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਮ੍ਰਿਤਕ ਕੇਜੇ ਸਿੰਘ ਬਿਨਾਂ ਜਾਨ ਪਛਾਣ ਤੋਂ ਆਪਣੇ ਘਰ ਦਾ ਦਰਵਾਜਾ ਨਹੀਂ ਖੋਲਦੇ ਸੀ ਤਾਂ ਮੁਲਜ਼ਮ ਲਈ ਕਿਵੇਂ ਬੂਹਾ ਖੋਲ ਦਿੱਤਾ ਤਾਂ ਪੁਲੀਸ ਮੁਖੀ ਨੇ ਕਿਹਾ ਕਿ ਮੁਲਜ਼ਮ ਵੱਲੋਂ ਘਰ ਦੀ ਘੰਟੀ ਵਜਾਉਣ ’ਤੇ ਪੱਤਰਕਾਰ ਨੇ ਘਰ ਦਾ ਹਾਲੇ ਥੋੜ੍ਹਾ ਜਿਹਾ ਦਰਵਾਜਾ ਹੀ ਖੋਲ੍ਹਿਆ ਸੀ ਏਨੇ ਵਿੱਚ ਮੁਲਜ਼ਮ ਨੇ ਜਬਰਦਸਤੀ ਧੱਕਾ ਮਾਰ ਕੇ ਅੰਦਰ ਦਾਖ਼ਲ ਹੋ ਗਿਆ ਅਤੇ ਤੁਰੰਤ ਕੇਜੇ ਸਿੰਘ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ ਅਤੇ ਬਾਅਦ ਵਿੱਚ ਬਜ਼ੁਰਗ ਮਾਂ ਦਾ ਗਲਾ ਘੋਟ ਕੇ ਉਸ ਨੂੰ ਵੀ ਮਾਰ ਦਿੱਤਾ। ਉਧਰ, ਵਾਰਦਾਤ ਤੋਂ ਬਾਅਦ ਜੇਕਰ ਮੌਕੇ ਦੇ ਹਾਲਾਤਾਂ ’ਤੇ ਝਾਤ ਮਾਰੀਏ ਤਾਂ ਇਹ ਕੰਮ ਇਕੱਲੇ ਵਿਅਕਤੀ ਦਾ ਨਹੀਂ ਹੋ ਸਕਦਾ ਹੈ ਅਤੇ ਥੱਪੜ ਦਾ ਬਦਲਾ ਦੋ ਕਤਲ ਕਰਕੇ ਲੈਣਾ ਅਤੇ ਵਾਰਦਾਤ ਨੂੰ ਇਕੱਲੇ ਹੀ ਅੰਜਾਮ ਦੇਣਾ ਪੁਲੀਸ ਦੀ ਕਾਰਵਾਈ ’ਤੇ ਪ੍ਰਸ਼ਨਚਿੰਨ੍ਹ ਲਾਉਂਦਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ