Share on Facebook Share on Twitter Share on Google+ Share on Pinterest Share on Linkedin ਮੰਡੀਕਰਨ ਬੋਰਡ ਦੀ ਵਿਸ਼ੇਸ਼ ਟੀਮ ਵੱਲੋਂ ਕੁਰਾਲੀ ਮੰਡੀ ਵਿੱਚ ਵਪਾਰੀਆਂ ’ਤੇ ਛਾਪੇਮਾਰੀ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 27 ਅਕਤੂਬਰ: ਸਥਾਨਕ ਅਨਾਜ ਮੰਡੀ ਵਿੱਚ ਝੋਨੇ ਦੀ ਖ਼ਰੀਦ ਵਿੱਚ ਧਾਂਦਲੀ ਹੋਣ ਦੇ ਖ਼ਦਸ਼ੇ ਵਜੋਂ ਅੱਜ ਦੇਰ ਸ਼ਾਮ ਪੰਜਾਬ ਮੰਡੀਕਰਨ ਬੋਰਡ ਦੀ ਇੱਕ ਉੱਚ ਪੱਧਰੀ ਟੀਮ ਵੱਲੋਂ ਸਥਾਨਕ ਅਨਾਜ ਮੰਡੀ ਵਿੱਚ ਛਾਪਾ ਮਾਰਿਆ ਗਿਆ। ਦੇਰ ਸ਼ਾਮ ਅਚਾਨਕ ਕੀਤੀ ਗਈ ਇਸ ਕਾਰਵਾਈ ਦੌਰਾਨ ਟੀਮ ਨੇ ਅਨਾਜ ਮੰਡੀ ਦੇ ਅੱਧੀ ਦਰਜਨ ਵਪਾਰੀਆਂ ਜਿਨ੍ਹਾਂ ਵਿੱਚ ਆੜ੍ਹਤੀ ਅਤੇ ਸ਼ੈਲਰ ਮਾਲਕ ਸ਼ਾਮਲ ਹਨ, ਦਾ ਰਿਕਾਰਡ ਕਬਜ਼ੇ ਵਿੱਚ ਲੈ ਲਿਆ। ਇਹ ਟੀਮ ਵਪਾਰੀਆਂ ਵੱਲੋਂ ਝੋਨੇ ਦੀ ਕੀਤੀ ਗਈ ਅਸਲ ਖ਼ਰੀਦ ਅਤੇ ਸਬੰਧਤ ਰਿਕਾਰਡ ਦੀ ਜਾਂਚ ਕਰ ਰਹੀ ਹੈ। ਦੂਜੇ ਪਾਸੇ ਇਸ ਕਾਰਵਾਈ ਤੋਂ ਰੋਹ ਵਿੱਚ ਆਏ ਆੜ੍ਹਤੀਆਂ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ। ਜਾਣਕਾਰੀ ਅਨੁਸਾਰ ਡਿਪਟੀ ਜਨਰਲ ਮੈਨੇਜਰ (ਐਨਫੋਰਸਮੈਂਟ) ਗੁਰਭਜਨ ਸਿੰਘ ਅੌਲਖ ਦੀ ਅਗਵਾਈ ਹੇਠਲੀ ਟੀਮ ਨੇ ਅੱਜ ਦੇਰ ਸ਼ਾਮ ਸਥਾਨਕ ਅਨਾਜ ਮੰਡੀ ਦਾ ਦੌਰਾ ਕੀਤਾ। ਟੀਮ ਨੇ ਅੱਧੀ ਦਰਜਨ ਫਰਮਾਂ ਦੀਆਂ ਦੁਕਾਨਾਂ ਉੱਤੇ ਛਾਪਾ ਮਾਰ ਕੇ ਝੋਨੇ ਦੀ ਖ਼ਰੀਦ ਸਬੰਧੀ ਰਿਕਾਰਡ ਕਬਜ਼ੇ ਵਿੱਚ ਲੈ ਲਿਆ । ਇਸੇ ਦੌਰਾਨ ਟੀਮ ਨੇ ਆੜ੍ਹਤੀਆਂ ਨੂੰ ਰਿਕਾਰਡ ਦੀ ਜਾਂਚ ਕਰਨ ਅਤੇ ਆਪਣਾ ਪੱਖ ਪੇਸ਼ ਕਰਨ ਲਈ ਆੜ੍ਹਤੀਆਂ ਨੂੰ ਸਥਾਨਕ ਮਾਰਕਿਟ ਕਮੇਟੀ ਵਿੱਚ ਸੱਦਿਆ ਪਰ ਕਾਫੀ ਸਮਾਂ ਉਡੀਕ ਕਰਨ ਤੋਂ ਬਾਅਦ ਵੀ ਆੜ੍ਹਤੀ ਆਪਣਾ ਪੱਖ ਪੇਸ਼ ਕਰਨ ਲਈ ਨਹੀਂ ਆਏ ਤਾਂ ਟੀਮ ਅਗਲੇਰੀ ਕਾਰਵਾਈ ਕਰਨ ਲਈ ਰਿਕਾਰਡ ਸਮੇਤ ਚੰਡੀਗੜ੍ਹ ਲਈ ਰਵਾਨਾ ਹੋ ਗਈ। ਉਕਤ ਫਰਮਾਂ ਦੇ ਮਾਲਕਾਂ ਨੇ ਟੀਮ ਵੱਲੋਂ ਕੀਤੀ ਗਈ ਕਾਰਵਾਈ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਟੀਮ ਨੇ ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ ਦੁਕਾਨਾਂ ਤੋਂ ਰਿਕਾਰਡ ਕਬਜ਼ੇ ਵਿੱਚ ਲਿਆ ਹੈ। ਉਨ੍ਹਾਂ ਕਿਹਾ ਕਿ ਜਿਹੜਾ ਰਿਕਾਰਡ ਮਾਰਕੀਟ ਕਮੇਟੀ ਦੇ ਅਧਿਕਾਰ ਖੇਤਰ ਵਿੱਚ ਵੀ ਨਹੀਂ ਹੈ। ਉਸ ਨੂੰ ਵੀ ਟੀਮ ਨੇ ਕਬਜ਼ੇ ਵਿੱਚ ਲੈ ਲਿਆ ਹੈ। ਮੰਡੀ ਬੋਰਡ ਦੀ ਇਸ ਕਾਰਵਾਈ ਨੂੰ ਲੈ ਕੇ ਵਪਾਰੀਆਂ ਵਿੱਚ ਹਫੜਾ-ਦਫੜੀ ਮੱਚ ਗਈ। ਮਾਰਕੀਟ ਕਮੇਟੀ ਦਫ਼ਤਰ ਤੋਂ ਜਦੋਂ ਅਧਿਕਾਰੀਆਂ ਦੀ ਟੀਮ ਵਾਪਸ ਜਾਣ ਲੱਗੀ ਤਾਂ ਆਪੇ ਤੋਂ ਬਾਹਰ ਹੋਏ ਕੁਝ ਵਪਾਰੀਆਂ ਨੇ ਅਧਿਕਾਰੀਆਂ ਨੂੰ ਸੰਘਰਸ਼ ਵਿੱਢਣ, ਮੰਡੀ ਬੰਦ ਕਰਨ ਅਤੇ ਚੱਕਾ ਜਾਮ ਕਰਨ ਦੀ ਚੇਤਾਵਨੀ ਵੀ ਦਿੱਤੀ। ਇਸੇ ਦੌਰਾਨ ਆੜ੍ਹਤੀਆਂ ਨੇ ਮੰਡੀਰਕਨ ਬੋਰਡ ਦੀ ਟੀਮ ਵੱਲੋਂ ਕੀਤੀ ਗਈ ਕਾਰਵਾਈ ਖ਼ਿਲਾਫ਼ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸੰਜੇ ਮਿੱਤਲ ਦੀ ਅਗਵਾਈ ਵਿੱਚ ਸਥਾਨਕ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ। ਇਸ ਸ਼ਿਕਾਇਤ ਵਿੱਚ ਆੜ੍ਹਤੀ ਐਸੋਸੀਏਸ਼ਨ ਨੇ ਮੰਡੀਕਰਨ ਬੋਰਡ ਦੇ ਡਿਪਟੀ ਜਨਰਲ ਮੈਨੇਜਰ ’ਤੇ ਉਨ੍ਹਾਂ ਦੀ ਗੈਰ ਹਾਜ਼ਰੀ ਵਿੱਚ ਫਰਮਾਂ ਦਾ ਰਿਕਾਰਡ ਕਬਜ਼ੇ ਵਿੱਚ ਲੈਣ ਦੀ ਸ਼ਿਕਾਇਤ ਕਰਦਿਆਂ ਕਾਰਵਾਈ ਦੀ ਮੰਗ ਕੀਤੀ ਹੈ। ਉੱਧਰ, ਡਿਪਟੀ ਜਨਰਲ ਮੈਨੇਜਰ ਗੁਰਭਜਨ ਸਿੰਘ ਅੌਲਖ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਵੱਲੋਂ ਮੰਡੀਆਂ ਵਿੱਚ ਝੋਨੇ ਦੀ ਖ਼ਰੀਦ ਨੂੰ ਲੀਹ ਉੱਤੇ ਲਿਆਉਣ ਲਈ ਅੱਜ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ । ਉਨ੍ਹਾਂ ਕਿਹਾ ਕਿ ਇਹ ਕਾਰਵਾਈ ਸ਼ਿਕਾਇਤ ਦੇ ਆਧਾਰ ਉੱਤੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਫਰਮਾਂ ਦੇ ਰਿਕਾਰਡ ਦੀ ਜਾਂਚ ਕੀਤੀ ਜਾਵੇਗੀ ਅਤੇ ਰਿਕਾਰਡ ਵਿੱਚ ਖਾਮੀ ਪਾਏ ਜਾਣ ‘ਤੇ ਸਰਕਾਰੀ ਹਦਾਇਤਾਂ ਅਨੁਸਾਰ ਹੀ ਕਾਰਵਾਈ ਕੀਤੀ ਜਾਵੇਗੀ। ਸਥਾਨਕ ਥਾਣਾ ਮੁਖੀ ਭਾਰਤ ਭੂਸ਼ਨ ਨੇ ਆੜ੍ਹਤੀਆਂ ਵੱਲੋਂ ਸ਼ਿਕਾਇਤ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਸਬੰਧੀ ਜਾਂਚ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ