ਕੁਰਬਾਨੀਆਂ ਨਾਲ ਸਿਰਜੇ ਇਤਿਹਾਸ ਦੀ ਵਡਮੁੱਲੀ ਦੇਣ ਹੈ ਦਸਤਾਰ: ਜ਼ੈਲਦਾਰ ਚੈੜੀਆਂ

ਪਿੰਡ ਭਾਗੋਮਾਜਰਾ ਦਸਤਾਰਬੰਦੀ ਮੁਕਾਬਲੇ ਵਿੱਚ ਰਸ਼ਦੀਪ ਸਿੰਘ ਅੱਵਲ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 31 ਅਕਤੂਬਰ:
ਦਸਤਾਰ ਕੋਈ ਆਮ ਜਾਂ ਸਸਤੀ ਵਸਤੂ ਨਹੀਂ ਹੈ, ਸਗੋਂ ਇਹ ਤਾਂ ਕੁਰਬਾਨੀਆਂ ਨਾਲ ਸਿਰਜੇ ਲਹੂ ਰੰਗੇ ਇਤਿਹਾਸ ਦੀ ਦੇਣ ਹੈ ਅਤੇ ਸਿੱਖ ਨੌਜਵਾਨਾਂ ਨੂੰ ਦਸਤਾਰ ਦੀ ਹੋਂਦ ਪਹਿਚਾਨਣ ਲਈ ਅਤੇ ਗੁਰੂ ਦੀ ਮੋਹਰ ਕੇਸ ਸੰਭਾਲਣ ਲਈ ਆਪਣੇ ਵਿਰਸੇ, ਸੱਭਿਆਚਾਰ ਅਤੇ ਇਤਿਹਾਸ ਵੱਲ ਝਾਤੀ ਮਾਰਨ ਦੀ ਲੋੜ ਹੈ, ਅਤੇ ਪੱਛਮੀ ਸੱਭਿਆਚਾਰ ਅਤੇ ਅਖੌਤੀ ਗਾਇਕਾਂ ਅਤੇ ਕਲਾਕਾਰਾਂ ਦੇ ਪਿੱਛੇ ਲੱਗ ਕੇ ਆਪਣੇ ਕੇਸ ਕਤਲ ਕਰਾਉਣ ਅਤੇ ਦਸਤਾਰ ਰੋਲਣ ਤੋਂ ਪਹਿਲਾਂ ਆਪਣੇ ਬਜ਼ਰੁਗਾਂ ਵੱਲ ਵੇਖਣਾ ਸਮੇਂ ਦੀ ਅਹਿਮ ਲੋੜ ਹੈ।
ਇਹ ਵਿਚਾਰ ਜੱਟ ਮਹਾਂ ਸਭਾ ਪੰਜਾਬ ਦੇ ਜਰਨਲ ਸਕੱਤਰ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਪ੍ਰਧਾਨ ਕਬੱਡੀ ਐਸ਼ੋਸ਼ੀਏਸ਼ਨ ਜ਼ਿਲ੍ਹਾ ਰੂਪਨਗਰ ਨੇ ਅੱਜ ਇੱਥੋਂ ਨੇੜਲੇ ਪਿੰਡ ਭਾਗੋਮਾਜਰਾ ਵਿੱਚ ਬਾਦਸ਼ਾਹ ਦਰਵੇਸ ਗੱਤਕਾ ਅਖਾੜਾ ਵੱਲੋਂ ਗੁਰਦੁਆਰਾ ਕਮੇਟੀ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਦਸਤਾਰਬੰਦੀ ਮੁਕਾਬਲੇ ਦੌਰਾਨ ਜੇਤੂ ਬੱਚਿਆਂ ਨੂੰ ਸਨਮਾਨ ਕਰਨ ਮੌਕੇ ਕਰਵਾਏ ਇੱਕ ਸਮਾਗਮ ਦੌਰਾਨ ਹਾਜਰ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜੀ ਨੂੰ ਸਿੱਖ ਇਤਿਹਾਸ ਅਤੇ ਆਪਣੇ ਵਿਰਸੇ ਤੋਂ ਜਾਣੂੰ ਕਰਵਾਉਣ ਲਈ ਪਿੰਡ ਪੱਧਰ ਤੇ ਅਜਿਹੇ ਧਾਰਮਿਕ ਸਮਾਗਮ ਕਰਵਾਉਣ ਦੀ ਲੋੜ ਹੈ। ਗੁਰਨੇਕ ਸਿੰਘ ਸਾਬਕਾ ਚੇਅਰਮੈਨ ਦੀ ਯੋਗ ਅਗਵਾਈ ਹੇਠ ਕਰਵਾਏ ਗਏ ਇਨ੍ਹਾਂ ਦਸਤਾਰਬੰਦੀ ਮੁਕਾਬਲਿਆਂ ਦੌਰਾਨ ਜੂਨੀਅਰ ਵਰਗ ਵਿੱਚੋਂ ਕਰਮਜੀਤ ਸਿੰਘ ਲੁਧਿਆਣਾ ਨੇ ਪਹਿਲਾ, ਮਿਲਣਪ੍ਰੀਤ ਸਿੰਘ ਭਾਗੋਮਾਜਰਾ ਨੇ ਦੂਸਰਾ ਅਤੇ ਅਮਨਜੋਤ ਸਿੰਘ ਖਾਬੜਾਂ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਇਸਦੇ ਨਾਲ ਹੀ ਸੀਨੀਅਰ ਵਰਗ ਦੇ ਮੁਕਾਬਲਿਆਂ ਦੌਰਾਨ ਹਰਸ਼ਦੀਪ ਸਿੰਘ ਕੁਰਾਲੀ ਨੇ ਪਹਿਲਾ, ਗਗਨਦੀਪ ਸਿੰਘ ਚਨਾਲੋਂ ਨੇ ਦੂਸਰਾ ਅਤੇ ਨਵਜੋਤ ਸਿੰਘ ਭਾਗੋਮਾਜਰਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਦਸਤਾਰਬੰਦੀ ਮੁਕਾਬਲੇ ਦੌਰਾਨ ਵਿਲੱਖਣ ਦਸਤਾਰ ਬੰਨਣ ਵਾਲੇ ਨੌਜਵਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਢਾਡੀ ਗਿਆਨੀ ਕੁਲਵੰਤ ਸਿੰਘ ਬੀ.ਏ., ਸੁਖਜਿੰਦਰ ਸਿੰਘ ਸੋਢੀ, ਸਤਨਾਮ ਸਿੰਘ ਸਰਪੰਚ ਬ੍ਰਾਹਮਣਮਾਜਰਾ ਅਤੇ ਆਪਏ ਪਤਵੰਤਿਆਂ ਨੇ ਦਸਤਾਰ ਦੀ ਮਹੱਤਤਾ ਅਤੇ ਦਸਤਾਰ ਦੇ ਇਤਿਹਾਸ ਅਤੇ ਇਸਨੂੰ ਕਾਇਮ ਰੱਖਣ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਦਸਤਾਰਬੰਦੀ ਮੁਕਾਬਲੇ ਦੌਰਾਨ ਜੱਜ ਦੀ ਭੂਮਿਕਾ ਜਸਵਿੰਦਰ ਸਿੰਘ ਅਤੇ ਦਵਿੰਦਰ ਸਿੰਘ ਨੇ ਬਾਖੂਬੀ ਨਿਭਾਈ। ਇਸ ਮੌਕੇ ਗੁਰਨੇਕ ਸਿੰਘ ਸਾਬਕਾ ਚੇਅਰਮੈਨ ਨੇ ਆਏ ਪਤਵੰਤਿਆਂ ਅਤੇ ਦਸਤਾਰਬੰਦੀ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਬੰਸ ਸਿੰਘ, ਕੈਪਟਨ ਰਣਜੀਤ ਸਿੰਘ, ਹਰਦੀਪ ਸਿੰਘ ਖਾਲਸਾ, ਜਸਕਰਨ ਸਿੰਘ, ਗੁਰਤੇਜ ਸਿੰਘ ਖਾਲਸਾ, ਠਾਕੁਰ ਸਿੰਘ ਭਾਟ, ਪਰਮਵੀਰ ਸਿੰਘ, ਗੁਰਤੇਜ ਸਿੰਘ, ਬਲਵਿੰਦਰ ਸਿੰਘ, ਦਰਸ਼ਨ ਸਿੰਘ, ਬਲਬੀਰ ਸਿੰਘ ਫ਼ੌਜੀ ਸਮੇਤ ਹੋਰਨਾਂ ਮੋਹਤਬਰਾਂ ਨੇ ਵੀ ਹਾਜਰੀ ਭਰੀ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਪਿੰਡਾਂ ਦੇ ਨੌਜਵਾਨਾਂ ਨੇ ਉਤਸ਼ਾਹਪੂਰਵਕ ਇਸ ਦਸਤਾਰਬੰਦੀ ਮੁਕਾਬਲੇ ਵਿੱਚ ਹਿੱਸਾ ਲਿਆ।

Load More Related Articles
Load More By Nabaz-e-Punjab
Load More In Cultural

Check Also

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ: ਪੰਜਾਬ …