Share on Facebook Share on Twitter Share on Google+ Share on Pinterest Share on Linkedin ਕਾਂਗਰਸ ਵਾਂਗ ਮੋਦੀ ਸਰਕਾਰ ਨੇ ਵੀ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਤੋਂ ਮੂੰਹ ਫੇਰਿਆ: ਮਨਜੀਤ ਭੋਮਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਅਕਤੂਬਰ: ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ, ਜਥੇਬੰਦਕ ਸਕੱਤਰ ਸਰਬਜੀਤ ਸਿੰਘ ਸੋਹਲ, ਮੁੱਖ ਸਲਾਹਕਾਰ ਸਰਬਜੀਤ ਸਿੰਘ ਜੰਮੂ, ਸਲਾਹਕਾਰ ਸਤਨਾਮ ਸਿੰਘ ਕੰਡਾ, ਐਡਵੋਕੇਟ ਰਾਜਬੀਰ ਸਿੰਘ ਨੇ ਇੱਕ ਸਾਂਝੇ ਬਿਆਨ ਵਿਚ ਕਿਹਾ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨਵੰਬਰ 1984 ਵਿੱਚ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਸਿੱਖਾਂ ਦੇ ਹੋਏ ਸਮੂੰਹਿਕ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਕਾਂਗਰਸ ਵਾਂਗ ਹੀ ਸਿਰਫ ਮਗਰਮੱਛ ਦੇ ਹੰਝੂ ਵਹਾਉਂਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਭਾਜਪਾ ਸਿੱਖਾਂ ਦੀਆਂ ਵੋਟਾਂ ਲੈਣ ਲਈ ਮੋਮੋਠੱਗਣੀਆਂ ਗੱਲਾ ਕਰਦੇ ਹਨ ਪਰ ਸਿੱਖਾਂ ਨੂੰ ਇਨਸਾਫ਼ ਦੇਣ ਲਈ ਦੋਵੇਂ ਧਿਰਾਂ ਸੰਜ਼ੀਦਾ ਨਹੀਂ। ਇਸ ਲਈ ਸਿੱਖ ਕੌਮ ਲਈ ਇਨਸਾਫ਼ ਦੀ ਟੇਕ ਹੁਣ ਸਿਰਫ਼ ਅਕਾਲ ਪੁਰਖ ਉਪਰ ਹੀ ਰਹਿ ਗਈ ਹੈ। ਉਨ੍ਹਾਂ ਕਿਹਾ ਜੇਕਰ ਦੇਸ਼ ਦਾ ਪ੍ਰਧਾਨ ਮੰਤਰੀ ਵਾਕਿਆ ਹੀ ਸਿੱਖਾਂ ਨਾਲ ਸੰਜ਼ੀਦਾ ਹੈ ਤਾਂ ਉਹ ਦਿੱਲੀ ਕਤਲੇਆਮ ਦੇ ਦੋਸ਼ੀਆਂ ਨੂੰ ਫਾਂਸੀ ‘ਤੇ ਲਟਕਾਵੇ। ਉਨ੍ਹਾਂ ਕਿਹਾ ਜੇਕਰ ਦੇਸ਼ ਦੇ ਹਾਕਮ ਕਸਾਬ ਨੂੰ ਫਾਂਸੀ ‘ਤੇ ਲਟਕਾ ਸਕਦੇ ਹਨ ਤਾਂ ਦਿੱਲੀ ਕਤਲੇਆਮ ਦੇ ਦੋਸ਼ੀਆਂ ਨੂੰ ਫਾਂਸੀ ‘ਤੇ ਕਿਉਂ ਨਹੀਂ ਲਟਕਾਇਆ ਜਾਂਦਾ। ਉਨ੍ਹਾਂ ਕਿਹਾ ਕਾਂਗਰਸ ਤੇ ਭਾਜਪਾ ਘੱਟ ਗਿਣਤੀਆਂ ਪ੍ਰਤੀ ਇੱਕੋ ਸੋਚ ਰੱਖਦੀਆਂ ਹਨ। ਭਾਜਪਾ ਸਿੱਖਾਂ ਦੀਆਂ ਵੋਟਾਂ ਲੈਣ ਲਈ ਦਿੱਲੀ ਕਤਲੇਆਮ ਲਈ ਕਾਂਗਰਸ ਨੂੰ ਤਾਂ ਭੰਡਦੀਆਂ ਹਨ ਪਰ ਗੋਧਰਾ ਕਾਂਡ ‘ਤੇ ਭਾਜਪਾ ਚੁੱਪ ਹੈ। ਕਾਂਗਰਸ ਜਮਾਤ ਮੁਸਲਮਾਨਾਂ ਦੀਆਂ ਵੋਟਾਂ ਲੈਣ ਲਈ ਗੋਧਰਾ ਕਾਂਡ ਲਈ ਮੋਦੀ ਤੇ ਭਾਜਪਾ ਨੂੰ ਦੋਸ਼ੀ ਗਰਦਾਨਦੀਆਂ ਹਨ ਪਰ ਦਿੱਲੀ ਕਤਲੇਆਮ ‘ਤੇ ਕਾਂਗਰਸ ਜਮਾਤ ਮੋਨ ਧਾਰ ਲੈਂਦੀ ਹੈ। ਉਨ੍ਹਾਂ ਕਿਹਾ ਭਾਜਪਾ ਤੇ ਕਾਂਗਰਸ ਨੇ ਸਤਾ ਵਿੱਚ ਆਉਣ ਲਈ ਘੱਟ-ਗਿਣਤੀਆਂ ਨੂੰ ਮਾਰਨ ਤੇ ਕੁੱਟਣ ਦਾ ਇੱਕੋ ਜਿਹਾ ਫੰਡਾ ਫੜਿਆ ਹੋਇਆ ਹੈ। ਜਿਵੇਂ ਸਿੱਖਾਂ ਦੀਆਂ ਲਾਸ਼ਾਂ ‘ਤੇ ਨਵੰਬਰ 1984 ਵਿੱਚ ਰਾਜੀਵ ਗਾਂਧੀ ਦਿੱਲੀ ਦੇ ਤਖਤ ‘ਤੇ ਬੈਠਾ ਸੀ ਤੇ ਫਰਵਰੀ 2002 ਵਿੱਚ ਸ੍ਰੀ ਨਰਿੰਦਰ ਮੋਦੀ ਗੋਧਰਾ ਕਾਂਡ ਵਿੱਚ ਮਾਰੇ ਗਏ ਸਮੂੰਹਿਕ ਮੁਸਲਮਾਨਾਂ ਦੀਆਂ ਲਾਸ਼ਾਂ ਦੇ ਢੇਰ ਉਪਰ ਪਹਿਲਾਂ ਗੁਜਰਾਤ ਦਾ ਮੁੱਖ ਮੰਤਰੀ ਅਤੇ ਫੇਰ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਹੈ। ਉਨ੍ਹਾਂ ਕਿਹਾ ਦਿੱਲੀ ਵਿੱਚ ਆਰ.ਐਸ.ਐਸ ਦਾ ਕੱਟੜ ਵਰਕਰ ਨੱਥੂ ਰਾਮ ਗੋਡਸਾ ਮਹਾਤਮਾ ਗਾਂਧੀ ਦਾ ਕਤਲ ਕਰਦਾ ਹੈ ਤੇ ਦਿੱਲੀ ਵਿਚ ਉਸਦੇ ਫਿਰਕੇ ਕਿਸੇ ਹਿੰਦੂ ਨੂੰ ਝਰੀਟ ਤੱਕ ਨਹੀਂ ਆਉਂਦੀ ਅਤੇ 1991 ਵਿੱਚ ਤਾਮਿਲਨਾਡੂ ਵਿਚ ਰਾਜੀਵ ਗਾਂਧੀ ਦੀ ਹੱਤਿਆ ਤਾਮਿਲ (ਲਿੱਟੇ) ਵਾਲੇ ਕਰਦੇ ਹਨ ਤਾਂ ਉਨ੍ਹਾਂ ਦੇ ਫਿਰਕੇ ਤਾਮਿਲ ਨੂੰ ਕਿਸੇ ਹਿੰਦੂ ਨੇ ਢੀਮ ਤੱਕ ਨਹੀਂ ਮਾਰੀ। ਪਰ ਇੰਦਰਾ ਗਾਂਧੀ ਤਾਂ ਭਾਈ ਬੇਅੰਤ ਸਿੰਘ ਤੇ ਭਾਈ ਸਤਵੰਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ‘ਤੇ ਕੀਤੇ ਗਏ ਹਮਲੇ ਦੇ ਪ੍ਰਤੀਕ੍ਰਮ ਵਜੋਂ ਮਾਰੀ ਸੀ, ਫਿਰ ਉਨ੍ਹਾਂ ਦੇ ਫਿਰਕੇ ਸਿੱਖਾਂ ਦਾ ਸਮੂਹਿਕ ਕਤਲੇਆਮ ਕਿਉਂ ਕੀਤਾ ਗਿਆ? ਬਿਆਨ ਦੇ ਅਖੀਰ ਵਿੱਚ ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਦੇਸ਼ ਦੇ ਹਾਕਮ ਨਰਿੰਦਰ ਮੋਦੀ ਅਤੇ ਸ੍ਰੀ ਅਰੁਣ ਜੇਤਲੀ ਨੇ ਤਾਂ ਸਿੱਖਾਂ ਨਾਲ ਦੁਸ਼ਮਣੀ ਕਮਾਉਣ ਲਈ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਉਪਰ ਵੀ ਜਜੀਆ ਟੈਕਸ ਲਗਾ ਦਿੱਤਾ ਹੈ। ਇਸ ਤੋਂ ਵੱਡੀ ਸਿੱਖਾਂ ਨਾਲ ਦੁਸ਼ਮਣੀ ਦੀ ਹੋਰ ਮਿਸਾਲ ਕੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਆਉਣ ਵਾਲੇ ਸਮੇਂ ਵਿਚ ਮੋਦੀ ਤੇ ਜੇਤਲੀ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਵਿਚ ਲੰਗਰ ਛੱਕਣ ਵਾਲੇ ਸ਼ਰਧਾਲੂਆਂ ਉਪਰ ਥਾਲੀ ਟੈਕਸ ਵੀ ਲਗਾ ਸਕਦੇ ਹਨ ਤਾਂ ਕਿਸੇ ਨੂੰ ਹੈਰਾਨੀ ਨਹੀਂ ਹੋਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ