ਕੈਪਟਨ ਅਮਰਿੰਦਰ ਸਿੰਘ ਨੇ ਮੁੰਬਈ ਵਿੱਚ ਨਵੀਂ ਸਨਅਤੀ ਨੀਤੀ ਤੋਂ ਪਰਦਾ ਉਠਾਇਆ

ਉੱਘੇ ਉਦਯੋਗਪਤੀਆਂ ਵੱਲੋਂ ਪੰਜਾਬ ’ਚ ਨਵੀਂ ਸਰਕਾਰ ਦੇ ਹੇਠ ਉਦਯੋਗਿਕ ਮਾਹੌਲ ’ਚ ਤਬਦੀਲੀ ਲਿਆਉਣ ਦੀ ਸ਼ਲਾਘਾ

ਨਬਜ਼-ਏ-ਪੰਜਾਬ ਬਿਊਰੋ, ਮੁੰਬਈ, 1 ਨਵੰਬਰ:
ਪੰਜਾਬ ਦੇ ਸਨਅਤੀ ਮਾਹੌਲ ਨੂੰ ਤਬਦੀਲ ਕਰਨ ਲਈ ਉਦਯੋਗ ਵੱਲੋਂ ਭਾਰੀ ਪ੍ਰਸ਼ੰਸਾ ਦੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੰਬਈ ਵਿੱਚ ਨਵੀਂ ‘ਸਨਅਤੀ ਅਤੇ ਬਿਜ਼ਨਸ ਵਿਕਾਸ ਨੀਤੀ 2017’ ਉੱਤੋਂ ਪਰਦਾ ਹਟਾਇਆ ਅਤੇ ਸੂਬੇ ਨੂੰ ਗਤੀਸ਼ੀਲ ਉਦਯੋਗਿਤ ਧੁਰਾ ਬਣਾਉਣ ਦੇ ਵਾਸਤੇ ਉਦਯੋਗਤੀਆਂ ਨੂੰ ਸੂਬਾ ਸਰਕਾਰ ਨਾਲ ਭਾਈਵਾਲੀ ਦਾ ਸੱਦਾ ਦਿੱਤਾ। ਕੈਪਟਨ ਅਮਰਿੰਦਰ ਸਿੰਘ ਸੀ.ਆਈ.ਆਈ. ਦੇ ‘ਇਨਵੈਸਟ ਨਾਰਥ’ ਸੰਮੇਲਨ ਵਿੱਚ ਇਕ ਉੱਚ ਪੱਧਰੀ ਵਫ਼ਦ ਦੀ ਅਗਵਾਈ ਵਿੱਚ ਹਿੱਸਾ ਲੈਣ ਇੱਥੇ ਪਹੁੰਚੇ ਹੋਏ ਸਨ। ਮੁੱਖ ਮੰਤਰੀ ਨੇ ਸਨਅਤੀ ਨੀਤੀ ਬਾਰੇ ਫੀਡਬੈਕ ਜਾਂ ਸੁਝਾਅ ਜਾਂ ਇਸ ਵਿੱਚ ਕਿਸੇ ਵੀ ਤਬਦੀਲੀ ਦੇ ਸਬੰਧ ਵਿੱਚ ਉਦਯੋਗਪਤੀਆਂ ਨੂੰ ਸੱਦਾ ਦਿੱਤਾ ਤਾਂ ਜੋ ਇਸ ਨੂੰ ਹੋਰ ਅਸਰਦਾਇਕ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਨੂੰ ਇੱਕ ਖੁਸ਼ੀਆਂ ਖੇੜਿਆਂ ਵਾਲਾ ਖੇਤਰ ਬਨਾਣਾ ਚਾਹੁੰਦੀ ਹੈ ਜਿਸ ਦੇ ਵਾਸਤੇ ਉਹ ਪੰਜਾਬ ਆਉਣ ਅਤੇ ਇੱਥੇ ਕੰਮ ਕਰਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਨਅਤੀ ਵਿਕਾਸ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏਗਾ ਅਤੇ ਇਸ ਨਾਲ ਸੂਬੇ ਅਤੇ ਉਦਯੋਗ ਵਿੱਚ ਸ਼ਕਤੀਸ਼ਾਲੀ ਭਾਈਵਾਲੀ ਕਾਇਮ ਹੋਵੇਗੀ। ਢੁਕਵੇਂ ਮਾਹੌਲ ਅਤੇ ਇਕਸਾਰ ਮੌਕੇ ਮੁਹੱਈਆ ਕਰਾਉਣ ਦਾ ਵਾਅਦਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਮੁੱਖ ਉਦਯੋਗਪਤੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਜਿਸ ਦੇ ਵਾਸਤੇ ਸੂਬਾ ਸਰਕਾਰ ਵੱਲੋਂ ਪੰਜ ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਮੁਹੱਈਆ ਕਰਾਉਣ, ਬਿਜਨਸ ਨੂੰ ਸੁਖਾਲਾ ਬਣਾਉਣ ਸਣੇ ਸਾਰੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਵਿੱਚ ਨਵੇਂ ਉਦਯੋਗ ਦੇ ਦਾਖਲੇ ਦੇ ਨਾਲ ਮੌਜੂਦਾ ਉਦਯੋਗ ਹੋਰ ਮੁਕਾਬਲੇਬਾਜ਼ੀ ਵਾਲਾ ਬਣੇਗਾ। ਉਨ੍ਹਾਂ ਨੇ ਸਨਅਤੀ ਨੀਤੀ ਵਿੱਚ ਕਿਸੇ ਵੀ ਤਰ੍ਹਾਂ ਦੀ ਫੀਡਬੈਕ ਨੂੰ ਸ਼ਾਮਲ ਕਰਨ ਦਾ ਵਾਅਦਾ ਕੀਤਾ ਅਤੇ ਬਿਜ਼ਨਸ ਅਮਲ ਨੂੰ ਸੁਖਾਲਾ ਬਣਾਉਣ ਦੇ ਵਾਸਤੇ ਅੱਗੇ ਹੋਰ ਵੀ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਕੀਤੇ ਜਾਣ ਦਾ ਯਕੀਨ ਦਿਵਾਇਆ।
ਸੂਬੇ ਵਿੱਚ ਟਰੱਕ ਗੁੱਟਾਂ ਨੂੰ ਉਨ੍ਹਾਂ ਦੀ ਸਰਕਾਰ ਵੱਲੋਂ ਖਤਮ ਕੀਤੇ ਜਾਣ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪਹਿਲ ਦੇ ਆਧਾਰ ’ਤੇ ਸਨਅਤੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਸਾਰੇ ਸੰਭਵ ਕਦਮ ਚੁੱਕੇ ਜਾ ਰਹੇ ਹਨ। ਮੁੱਖ ਮੰਤਰੀ ਨੇ ਸੂਬੇ ਦੀ ਆਰਥਿਕ ਸੁਰਜੀਤੀ ਦੀ ਫੌਰੀ ਜ਼ਰੂਰਤ ’ਤੇ ਜ਼ੋਰ ਦਿੰਦੇ ਕਿਹਾ ਕਿ ਪੰਜਾਬ ਵਿੱਚ ਬਹੁਤ ਵਧੀਆ ਕਿਰਤੀ ਸ਼ਕਤੀ ਹੈ ਅਤੇ ਕਿਰਤ ਦੀ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਉਦਯੋਗ ਨੂੰ ਲਾਭ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਸੂਬੇ ਦੀ ਖੁਸ਼ਹਾਲੀ ਦੀ ਅਗਵਾਈ ਨਹੀਂ ਕਰ ਸਕਦੀ ਕਿਉਂਕਿ ਧਰਤੀ ਹੇਠਲੇ ਪਾਣੀ ਦੀ ਹਦੋਂ ਵੱਧ ਵਰਤੋਂ ਕੀਤੇ ਜਾਣ ਦੇ ਕਾਰਨ ਸੂਬੇ ਦੇ ਸਮੁੱਚੇ ਵਿਕਾਸ ਦੀ ਅਗਵਾਈ ਸਿਰਫ ਉਦਯੋਗ ਹੀ ਕਰ ਸਕਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੂੰ ਕਈ ਤਰ੍ਹਾਂ ਦੀ ਸਮੱਸਿਆਵਾਂ ਦਰਪੇਸ਼ ਹੋਈਆਂ ਹਨ। ਸਭ ਤੋਂ ਪਹਿਲਾਂ ਦੇਸ਼ ਦਾ ਬਟਵਾਰਾ ਹੋਇਆ ਅਤੇ ਉਸ ਤੋਂ ਬਾਅਦ ਪੰਜਾਬ ਦੀ ਮੁੜ ਵੰਡ ਹੋਈ ਪਰ ਫਿਰ ਵੀ ਇਹ ਦੇਸ਼ ਦੇ ਅਨਾਜ ਭੰਡਾਰ ਨੂੰ ਸੁਰੱਖਿਅਤ ਕਰਨ ਲਈ ਮੋਹਰੀ ਬਣਿਆ ਪਰ ਇਸ ਦੇ ਉਦਯੋਗਿਕ ਵਿਕਾਸ ਨੂੰ ਢਾਹ ਲੱਗੀ।
ਉਨ੍ਹਾਂ ਕਿਹਾ ਕਿ ਖੇਤੀਬਾੜੀ ਦੇ ਮੋਰਚੇ ’ਤੇ ਵੀ ਪੰਜਾਬ ਤਬਦੀਲੀਆਂ ਲਿਆਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਤੁਪਕਾ ਸਿੰਚਾਈ ਅਤੇ ਫਸਲੀ ਵਿਭਿੰਨਤਾ ਵਰਗੇ ਕੁਝ ਖੇਤਰ ਹਨ ਜਿੱਥੇ ਸਰਕਾਰ ਆਪਣਾ ਧਿਆਨ ਕੇਂਦਰਿਤ ਕਰ ਰਹੀ ਹੈ ਤਾਂ ਜੋ ਖੇਤੀਬਾੜੀ ਸੈਕਟਰ ਨੂੰ ਸੁਰਜੀਤ ਕੀਤਾ ਜਾ ਸਕੇ ਅਤੇ ਕਿਸਾਨਾਂ ਲਈ ਇਹ ਲਾਹੇਵੰਦ ਬਣ ਸਕੇ। ਇਸ ਸੰਮੇਲਣ ਨੂੰ ਸੰਬੋਧਨ ਕਰਦੇ ਹੋਏ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਅਗਲੇ ਸਾਢੇ ਚਾਰ ਸਾਲਾਂ ਵਿੱਚ ਖੇਤੀਬਾੜੀ ਤੋਂ ਉਦਯੋਗ ਸੂਬੇ ਦੀ ਵਿੱਚ ਕਾਇਆ ਕਲਪ ਕਰਨਾ ਚਾਹੁੰਦੀ ਹੈ। ਇਸ ਤੋਂ ਪਹਿਲਾਂ ‘ਬੇਹੱਦ ਬਿਜ਼ਨਸ ਅਤੇ ਨਿਵੇਸ਼ ਦੇ ਮੌਕਿਆਂ ਦੀ ਧਰਤੀ-ਪੰਜਾਬ’ ਦੇ ਸਬੰਧ ਵਿੱਚ ਸ਼ੁਰੂਆਤੀ ਸਮਾਗਮ ਦੌਰਾਨ ਵਫਦ ਨੂੰ ਜੀ ਆਇਆਂ ਕਹਿੰਦੇ ਹੋਏ ਸੀ.ਆਈ.ਆਈ. ਉੱਤਰੀ ਖੇਤਰ ਦੇ ਚੇਅਰਮੈਨ ਅਤੇ ਵਰਧਮਾਨ ਗਰੁੱਪ ਦੇ ਉਪ ਚੇਅਰਮੈਨ ਸੰਚਿਤ ਜੈਨ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਵਿੱਚ ਬਦਲੇ ਸਨਅਤੀ ਮਾਹੌਲ ਅਤੇ ਨਵੀਂ ਸਨਅਤੀ ਨੀਤੀ ਦੀ ਪ੍ਰਸ਼ੰਸਾ ਕੀਤੀ।
ਸ੍ਰੀ ਜੈਨ ਨੇ ਆਪਣੇ ਨਿੱਜੀ ਤਜਰਬੇ ਸਾਂਝੇ ਕਰਦੇ ਹੋਏ ਕਿਹਾ ਕਿ ਜਦੋਂ ਉਨ੍ਹਾਂ ਨੇ ਮੁੱਖ ਮੰਤਰੀ ਕੋਲ ਸਵੇਰ ਨੂੰ ਕੁਝ ਪ੍ਰਵਾਨਗੀ ਦੇ ਮੁੱਦਿਆਂ ਦਾ ਜ਼ਿਕਰ ਕੀਤਾ ਤਾਂ ਦੁਪਹਿਰ ਨੂੰ ਚੰਡੀਗੜ੍ਹ ਤੋਂ ਸਨਅਤੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦਾ ਫੋਨ ਆਇਆ ਕਿ ਉਨ੍ਹਾਂ ਦੀ ਅਰਜ਼ੀ ਪ੍ਰਾਪਤ ਨਹੀਂ ਹੋਈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਉਦਯੋਗ ਨੂੰ ਬੜ੍ਹਾਵਾ ਦੇਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਅਤੇ ਪ੍ਰਣਾਲੀ ਵਿੱਚ ਪਾਰਦਰਸ਼ਤਾ ਨਾਲ ਲਿਆਂਦੀ ਜਾ ਰਹੀ ਪੇਸ਼ੇਵਰ ਪਹੁੰਚ ਦੀ ਪ੍ਰਸ਼ੰਸਾ ਕਰਦੇ ਹੋਏ ਸ੍ਰੀ ਜੈਨ ਨੇ ਕਿਹਾ ਕਿ ਸਰਕਾਰ ਦੇ ਕੰਮ-ਕਾਜ ਵਿੱਚ ਪ੍ਰਤੱਖ ਤਬਦੀਲੀ ਆਈ ਹੈ। ਵਾਲਮਾਰਟ ਇੰਡੀਆ ਦੇ ਕ੍ਰਿਸ਼ ਆਇਰ ਨੇ ਵੀ ਨਵੀਂ ਸਰਕਾਰ ਵੱਲੋਂ ਈ-ਗਵਰਨੈਂਸ ਅਤੇ ਬਿਜ਼ਨਸ ਦੇ ਅਮਲ ਲਈ ਇਕ ਖਿੜਕੀ ਪਹੁੰਚ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੰਪਨੀ ਵੱਲੋਂ ਪੰਜਾਬ ਵਿੱਚ ਨਵੇਂ ਛੇ ਸਟੋਰ ਖੋਲ੍ਹਣ ਦੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਪ੍ਰਚੂਨ ਦਾ ਪਸਾਰ ਖੇਤੀਬਾੜੀ ਤੇ ਉਦਯੋਗ ਦੋਵਾਂ ਦੇ ਵਿਕਾਸ ਲਈ ਮਦਦਗਾਰ ਹੋਵੇਗਾ। ਅਸਲ ਵਿੱਚ ਵਾਲਮਾਰਟ ਆਉਂਦੇ ਸਾਲਾਂ ਦੌਰਾਨ ਸੂਬੇ ਵਿੱਚ 15 ਸਟੋਰ ਬਣਾਉਣ ਦੀ ਇੱਛਾ ਰੱਖਦਾ ਹੈ।
ਸ੍ਰੀ ਆਇਰ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਕਿਸਾਨਾਂ ਦੇ ਨਾਲ ਪੂਰੀ ਤਰ੍ਹਾਂ ਨੇੜਿਓਂ ਜੁੜ ਕੇ ਕੰਮ ਕਰੇਗੀ ਅਤੇ ਉਨ੍ਹਾਂ ਨੂੰ ਵਧੀਆ ਮਿਆਰ ਦੇ ਆਲੂਆਂ ਦੀ ਕਾਸ਼ਤ ਲਈ ਉਤਸ਼ਾਹਤ ਕਰੇਗੀ ਤਾਂ ਜੋ ਇਨ੍ਹਾਂ ਦੀ ਵਿਕਰੀ ਫੂਡ ਚੇਨ ਅਤੇ ਵਾਲਮਾਰਟ ਦੇ ਸਟੋਰਾਂ ਦੇ ਰਾਹੀਂ ਦੇਸ਼ ਭਰ ਵਿੱਚ ਕੀਤੀ ਜਾ ਸਕੇ। ਵਾਲਮਾਰਟ ਉਦਯੋਗ ਨਾਲ ਵੀ ਮਿਲ ਕੇ ਕੰਮ ਕਰੇਗੀ। ਉਨ੍ਹਾਂ ਵਾਅਦਾ ਕੀਤਾ ਕਿ ਸੂਬੇ ਦੇ ਵਿਕਾਸ ਨੂੰ ਬੜ੍ਹਾਵਾ ਦੇਣ ਲਈ ਕਰਿਆਨਾ ਸਟੋਰ ਅਤੇ ਮਹਿਲਾਂ ਉਦਮੀਆਂ ਨਾਲ ਮਿਲ ਕੇ ਕਾਰਜ ਕੀਤਾ ਜਾਵੇਗਾ। ਮਹਿੰਦਰਾ ਐਂਡ ਮਹਿੰਦਰਾ ਅਤੇ ਕਾਰਗਿੱਲ ਦੇ ਨੁਮਾਇੰਦਿਆਂ ਨੇ ਵੀ ਇਸ ਮੌਕੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਸੂਬੇ ਵਿੱਚ ਬਿਜ਼ਨਸ ਨੂੰ ਆਸਾਨ ਬਣਾਉਣ ਲਈ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਸਰਾਹਨਾ ਕੀਤੀ।
ਮਹਿੰਦਰਾ ਐਂਡ ਮਹਿੰਦਰਾ ਦੇ ਕਾਇਰਸ ਵੈਖਾਰੀਆ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਲਗਾਤਾਰ ਪੰਜਾਬ ਵਿੱਚ ਨਿਵੇਸ਼ ਕਰਦੀ ਰਹੇਗੀ ਕਿਉਂਕਿ ਪੰਜਾਬ ਦੇ ਲੋਕ ਹਮੇਸ਼ਾ ਹੀ ਤਬਦੀਲੀ ਲਈ ਤਿਆਰ ਰਹਿੰਦੇ ਹਨ। ਸੁਖਜੀਤ ਸਟਾਰਚ ਪ੍ਰਾਈਵੇਟ ਲਿਮਟਿਡ ਦੇ ਭਵਨਦੀਪ ਸਰਦਾਨਾ ਨੇ ਕਿਹਾ ਕਿ ਸੂਬੇ ਦੇ ਸਨਅਤੀ ਮਾਹੌਲ ਵਿੱਚ ਤਬਦੀਲੀ ਆਉਣ ਕਾਰਨ ਉਤਸ਼ਾਹਤ ਹੋ ਕੇ ਉਨ੍ਹਾਂ ਦੀ ਕੰਪਨੀ ਨੇ 250 ਕਰੋੜ ਰੁਪਏ ਦੀ ਲਾਗਤ ਨਾਲ ਹੁਸ਼ਿਆਰਪੁਰ ਵਿਖੇ ਮੱਕੀ ਦੇ ਮੈਗਾ ਫੂਡ ਪਾਰਕ ਸਣੇ ਦੋ ਯੂਨਿਟ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਸਨ ਫਾਰਮਾ ਦੇ ਚੇਅਰਮੈਨ ਦਲੀਪ ਸਿੰਘਵੀ ਜਿਨ੍ਹਾਂ ਨੇ ਹਾਲ ਹੀ ਵਿੱਚ ਰੈਨਬੈਕਸੀ ਸੰਭਾਲੀ ਹੈ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਵੱਲੋਂ ਮੋਹਾਲੀ ਫਾਰਮਾ ਵਿਸ਼ੇਸ਼ ਆਰਥਿਕ ਜ਼ੋਨ ਵਿਖੇ ਆਪਣੇ ਕਾਰਜਾਂ ਨੂੰ ਵਧਾਉਣ ਦੀ ਯੋਜਨਾ ਹੈ ਅਤੇ ਇਸ ਵੱਲੋਂ ਰੋਪੜ ਵਿਖੇ ਰੈਨਬੈਕਸੀ ਸੁਵਿਧਾਵਾਂ ਦਾ ਵੀ ਪਸਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਉਦਯੋਗ ਲਈ ਬਿਜਲੀ ਦਰਾਂ ਵਿੱਚ ਕਮੀ ਕਰਨ ਲਈ ਸੂਬਾ ਸਰਕਾਰ ਦੀ ਪ੍ਰਸ਼ੰਸਾ ਕੀਤੀ।
ਉਨ੍ਹਾਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਇਸ ਫੈਸਲੇ ਕਾਰਨ ਉਨ੍ਹਾਂ ਦੀ ਕੰਪਨੀ ਨੇ ਤੁਰੰਤ ਹੀ ਪੰਜਾਬ ਵਿੱਚ ਸਨਅਤੀ ਉਦਯੋਗ ਵਿੱਚ ਨਿਵੇਸ਼ ਕਰਨ ਲਈ ਕੈਪਟਿਵ ਪਾਵਰ ਸੈਟਅੱਪ ਲਈ ਬਣਾਈ ਆਪਣੀ ਪਹਿਲੀ ਯੋਜਨਾ ਨੂੰ ਤਿਆਰ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਸਿੰਘਵੀ ਅਤੇ ਬਾਅਦ ਵਿੱਚ ਸੀ.ਆਈ.ਆਈ. ਸੰਮੇਲਣ ਦੌਰਾਨ ਦੱਸਿਆ ਕਿ ਸਨਅਤੀ ਨੀਤੀ ਉਦਯੋਗ ਅਤੇ ਹੋਰਨਾਂ ਸਬੰਧਿਤ ਧਿਰਾਂ ਨਾਲ ਵਿਸਤ੍ਰਿਤ ਵਿਚਾਰ-ਵਟਾਂਦਰੇ ਤੋਂ ਬਾਅਦ ਤਿਆਰ ਕੀਤੀ ਗਈ ਹੈ ਜਿਸਦਾ ਉਦੇਸ਼ ਮੌਜੂਦਾ ਉਦਯੋਗ ਦੀ ਸੁਰਜੀਤੀ ਅਤੇ ਵਿਕਾਸ ਹੈ। ਸੰਮੇਲਨ ਦੌਰਾਨ ਦਰਸ਼ਕਾਂ ਵੱਲੋਂ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਰੋਜ਼ਗਾਰ ਦੀ ਸਮਰੱਥਾ ਨੂੰ ਬੜ੍ਹਾਵਾ ਦੇਣ ਲਈ ਉਨ੍ਹਾਂ ਵਾਸਤੇ ਸਬਸਿਡੀ ਬਾਰੇ ਵਿਚਾਰ ਕਰਨ ਲਈ ਖੁਲ੍ਹੀ ਸੋਚ ਰੱਖਦੀ ਹੈ ਜਿਨ੍ਹਾਂ ਨੇ ਮਹਿਲਾ ਉਧਮੀਆਂ ਨੂੰ ਉਤਸ਼ਾਹਿਤ ਕਰਨ ਲਈ ਪਹਿਲਾਂ ਹੀ ਪ੍ਰੋਗਰਾਮ ਸ਼ੁਰੂ ਕੀਤਾ ਹੈ।
ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਸੀ.ਈ.ਓ. ਇਨਵੈਸਟ ਪੰਜਾਬ ਤੇ ਸਕੱਤਰ ਉਦਯੋਗ, ਕਮਰਸ ਤੇ ਆਈ.ਟੀ. ਰਾਕੇਸ਼ ਕੁਮਾਰ ਵਰਮਾ, ਪ੍ਰੈਜ਼ੀਡੈਂਟ ਤੇ ਸੀ.ਈ.ਓ. ਵਾਲਮਾਰਟ ਇੰਡੀਆ ਕ੍ਰਿਸ਼ ਆਇਰ, ਪ੍ਰਬੰਧਕੀ ਡਾਇਰੈਕਟਰ ਕਰਗਿੱਲ ਫੀਡ ਐਂਡ ਨਿਊਟ੍ਰਿਸ਼ਨ ਇੰਡੀਆ ਲਿਮਟਿਡ ਏ. ਲੈਂਗਰ, ਸੀਨੀਅਰ ਵਾਇਸ ਪ੍ਰੈਜੀਡੈਂਟ ਅਤੇ ਬਿਜ਼ਨਸ ਹੈੱਡ-ਫਾਰਮ ਮਸ਼ੀਨਰੀ ਮਹਿੰਦਰ ਐਂਡ ਮਹਿੰਦਰਾ ਲਿਮਟਿਡ ਸ੍ਰੀ ਕਾਇਰਸ ਵੈਖਾਰੀਆ, ਸੀਨੀਅਰ ਵਾਇਸ ਪ੍ਰੈਸੀਡੈਂਟ ਅਤੇ ਸੀ.ਈ.ਓ. ਸੁਖਜੀਤ ਸਟਾਰਚ ਐਂਡ ਕੈਮਿਕਲ ਲਿਮਟਿਡ ਭਵਨਦੀਪ ਸਰਦਾਨਾ ਅਤੇ ਚੇਅਰਮੈਨ, ਸੀ.ਆਈ.ਆਈ. ਪੰਜਾਬ ਰਾਜ ਕੌਂਸਲ ਤੇ ਚੇਅਰਮੈਨ ਤੇ ਪ੍ਰਬੰਧਕੀ ਡਾਇਰੈਕਟ ਅਜੂਨੀ ਬਾਇਓਟੈਕ ਪ੍ਰਾਈਵੇਟ ਲਿਮਟਿਡ ਗੁਰਮੀਤ ਸਿੰਘ ਭਾਟੀਆ ਹਾਜ਼ਰ ਸਨ।

Load More Related Articles
Load More By Nabaz-e-Punjab
Load More In National

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…